ਬੈਡਮਿੰਟਨ: ਇਤਿਹਾਸ ਰਚਣ ਤੋਂ ਖੁੰਝਿਆ ਲਕਸ਼ੈ ਸੇਨ
ਪੈਰਿਸ, 5 ਅਗਸਤ
ਲਕਸ਼ੈ ਸੇਨ ਪੈਰਿਸ ਓਲੰਪਿਕ ਦੇ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਦੇ ਕਾਂਸੇ ਦੇ ਤਗ਼ਮੇ ਦੇ ਪਲੇਅ ਆਫ ਮੁਕਾਬਲੇ ’ਚ ਅੱਜ ਇੱਥੇ ਮਲੇਸ਼ੀਆ ਦੇ ਲੀ ਜ਼ੀ ਜੀਆ ਖ਼ਿਲਾਫ਼ ਤਿੰਨ ਗੇਮ ’ਚ ਹਾਰ ਗਿਆ।
ਸੈਮੀ ਫਾਈਨਲ ਵਾਂਗ ਕਾਂਸੇ ਦੇ ਤਗ਼ਮੇ ਦੇ ਪਲੇਅ ਆਫ ਵਿੱਚ ਵੀ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਲੀਡ ਗੁਆਈ ਅਤੇ ਉਸ ਨੇ 71 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਲੀ ਖ਼ਿਲਾਫ਼ 21-13, 16-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਲਕਸ਼ੈ ਦੀ ਲੀ ਖ਼ਿਲਾਫ਼ ਛੇ ਮੈਚਾਂ ਵਿੱਚ ਇਹ ਦੂਜੀ ਹਾਰ ਹੈ। ਇਸ ਹਾਰ ਨਾਲ ਲਕਸ਼ੈ ਸਾਈਨਾ ਨੇਹਵਾਲ (ਲੰਡਨ ਓਲੰਪਿਕ 2012 ਵਿੱਚ ਕਾਂਸਾ) ਅਤੇ ਪੀਵੀ ਸਿੰਧੂ (ਰੀਓ ਓਲੰਪਿਕ 2016 ’ਚ ਚਾਂਦੀ ਅਤੇ ਟੋਕੀਓ ਓਲੰਪਿਕ 2020 ਵਿੱਚ ਕਾਂਸਾ) ਮਗਰੋਂ ਓਲੰਪਿਕ ਤਗ਼ਮਾ ਜਿੱਤਣ ਵਾਲਾ ਤੀਜਾ ਭਾਰਤੀ ਬੈਡਮਿੰਟਨ ਖਿਡਾਰੀ ਬਣਨ ਤੋਂ ਖੁੰਝ ਗਿਆ ਹੈ। ਉਹ ਮੌਜੂਦਾ ਖੇਡਾਂ ਵਿੱਚ ਨਿਸ਼ਾਨੇਬਾਜ਼ ਮਨੂ ਭਾਕਰ, ਅਰਜੁਨ ਬਬੂਟਾ, ਮਹੇਸ਼ਵਰੀ ਚੌਹਾਨ ਅਤੇ ਅਨੰਤਜੀਤ ਸਿੰਘ ਨਰੂਕਾ ਦੀ ਮਿਕਸਡ ਸਕੀਟ ਜੋੜੀ ਅਤੇ ਤੀਰਅੰਦਾਜ਼ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਕਤ ਦੀ ਮਿਕਸਡ ਜੋੜੀ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜੋ ਚੌਥੇ ਸਥਾਨ ’ਤੇ ਰਹਿਣ ਨਾਲ ਤਗ਼ਮੇ ਤੋਂ ਖੁੰਝ ਗਏ। -ਪੀਟੀਆਈ