ਬੈਡਮਿੰਟਨ: ਪ੍ਰਣੌਏ ਨੂੰ ਹਰਾ ਕੇ ਲਕਸ਼ੈ ਸੇਨ ਕੁਆਰਟਰ ਫਾਈਨਲ ’ਚ
ਪੈਰਿਸ, 1 ਅਗਸਤ
ਲਕਸ਼ੈ ਸੇਨ ਨੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਅੱਜ ਇੱਥੇ ਹਮਵਤਨ ਭਾਰਤੀ ਐੱਚਐੱਸ ਪ੍ਰਣੌਏ ਨੂੰ ਇੱਕ-ਤਰਫ਼ਾ ਮੁਕਾਬਲੇ ਵਿੱਚ ਸਿੱਧੀ ਗੇਮੀ ’ਚ ਹਰਾ ਕੇ ਕੁਆਰਟਰ ਫਾਈਨਲ ’ਚ ਕਦਮ ਰੱਖ ਲਿਆ ਹੈ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਤੇ ਦੁਨੀਆ ਦੇ 24ਵੇਂ ਨੰਬਰ ਦੇ ਖਿਡਾਰੀ ਲਕਸ਼ੈ ਸੇਨ ਨੇ 39 ਮਿੰਟ ਤੱਕ ਚੱਲੇ ਆਖ਼ਰੀ 16 ਦੇ ਮੁਕਾਬਲੇ ਵਿੱਚ 30ਵੇਂ ਨੰਬਰ ਦੇ ਖਿਡਾਰੀ ਪ੍ਰਣੌਏ ਨੂੰ 21-12, 21-6 ਨਾਲ ਮਾਤ ਦਿੱਤੀ। ਲਕਸ਼ੈ ਦੀ ਪ੍ਰਣੌਏ ਖ਼ਿਲਾਫ਼ ਅੱਠ ਮੈਚਾਂ ਵਿੱਚ ਇਹ ਪੰਜਵੀਂ ਜਿੱਤ ਹੈ। ਲਕਸ਼ੈ ਓਲੰਪਿਕ ਬੈਡਮਿੰਟਨ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲਾ ਤੀਜਾ ਭਾਰਤੀ ਖਿਡਾਰੀ ਹੈ।
ਇਸੇ ਦੌਰਾਨ ਏਸ਼ਿਆਈ ਖੇਡਾਂ ਦੀ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਅੱਜ ਇੱਥੇ ਪੈਰਿਸ ਓਲੰਪਿਕ ਦੇ ਪੁਰਸ਼ ਡਬਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਮਲੇਸ਼ਿਆਈ ਜੋੜੀ ਤੋਂ ਹਾਰਨ ਮਗਰੋਂ ਮੁਕਾਬਲੇ ’ਚੋਂ ਬਾਹਰ ਹੋ ਗਈ। ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਅਤੇ ਦੁਨੀਆ ਦੀ ਪੰਜਵੇਂ ਨੰਬਰ ਦੀ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੂੰ 64 ਮਿੰਟ ਤੱਕ ਚੱਲੇ ਮੁਕਾਬਲੇ ’ਚ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਚਿਆ ਅਤੇ ਸੋਹ ਤੋਂ 21-13, 14-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੋਕੀਓ ਓਲੰਪਿਕ ਦੀ ਕਾਂਸੇ ਦਾ ਤਗ਼ਮਾ ਜੇਤੂ ਚਿਆ ਅਤੇ ਸੋਹ ਖ਼ਿਲਾਫ਼ 12 ਮੈਚ ਵਿੱਚ ਭਾਰਤੀ ਜੋੜੀ ਦੀ ਇਹ ਨੌਵੀਂ ਹਾਰ ਹੈ। ਮਹਿਲਾ ਸਿੰਗਲਜ਼ ਮੁਕਾਬਲੇ ਦੌਰਾਨ ਪੀਵੀ ਸਿੰਧੂ ਨੂੰ ਚੀਨੀ ਖਿਡਾਰਨ ਈ ਬਿੰਗ ਿਜ਼ਆਓ ਨੇ 21-19, 21-14 ਨਾਲ ਹਰਾ ਦਿੱਤਾ। -ਪੀਟੀਆਈ