ਬੈਡਮਿੰਟਨ: ਲਕਸ਼ੈ ਸੇਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ
ਪੈਰਿਸ, 2 ਅਗਸਤ
ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਆਪਣੇ ਪਹਿਲੇ ਓਲੰਪਿਕ ਤਗ਼ਮੇ ਵੱਲ ਕਦਮ ਵਧਾਉਂਦਿਆਂ ਪੁਰਸ਼ ਸਿੰਗਲਜ਼ ਵਰਗ ਦੇ ਸੈਮੀ ਫਾਈਨਲ ’ਚ ਪਹੁੰਚਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਉਂਜ ਉਹ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਤੋਂ ਬਾਅਦ ਅਜਿਹਾ ਕਰਨ ਵਾਲਾ ਤੀਜਾ ਭਾਰਤੀ ਹੈ। ਲਕਸ਼ੈ ਸੇਨ ਨੇ ਅੱਜ ਇੱਥੇ ਕੁਆਰਟਰ ਫਾਈਨਲ ’ਚ ਪਹਿਲਾ ਸੈੱਟ ਹਾਰਨ ਮਗਰੋਂ ਵਾਪਸੀ ਕਰਦਿਆਂ ਵਿਸ਼ਵ ਦੇ 11ਵੇਂ ਨੰਬਰ ਦੇ ਚੀਨੀ ਤਾਇਪੈ ਦੇ ਚੋਊ ਤਿਏਨ ਚੇਨ ਨੂੰ 19-21 21-15 21-12 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਦਾ ਪੁਰੂਪੱਲੀ ਕਸ਼ਯਪ 2012 ਲੰਡਨ ਓਲੰਪਿਕ ਅਤੇ ਕਿਦਾਂਬੀ ਸ੍ਰੀਕਾਂਤ 2016 ਰੀਓ ਓਲੰਪਿਕ ’ਚ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚਿਆ ਸੀ। -ਪੀਟੀਆਈ
ਕੁੱਝ ਸਮੇਂ ਲਈ ਛੁੱਟੀ ’ਤੇ ਜਾਵੇਗੀ ਪੀਵੀ ਸਿੰਧੂ
ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹ ਓਲੰਪਿਕ ਖੇਡਾਂ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਬਾਹਰ ਹੋਣ ਮਗਰੋਂ ਕੁੱਝ ਸਮੇਂ ਲਈ ਛੁੱਟੀ ਲਵੇਗੀ ਕਿਉਂਕਿ ਉਹ ਆਪਣੇ ਕਰੀਅਰ ਦੀ ‘ਸਭ ਤੋਂ ਸਖ਼ਤ ਹਾਰ ਵਿੱਚੋਂ ਇੱਕ’ ਤੋਂ ਉੱਭਰ ਰਹੀ ਹੈ। ਰੀਓ ਓਲੰਪਿਕ 2016 ਵਿੱਚ ਚਾਂਦੀ ਅਤੇ ਟੋਕੀਓ ਓਲੰਪਿਕ 2020 ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਸਿੰਧੂ ਚੀਨ ਦੀ ਵਿਸ਼ਵ ਦੀ ਨੌਵੇਂ ਨੰਬਰ ਦੀ ਖਿਡਾਰਨ ਹੀ ਬਿੰਗ ਜਿਆਓ ਤੋਂ ਹਾਰਨ ਮਗਰੋਂ ਪੈਰਿਸ ਓਲੰਪਿਕ ’ਚੋਂ ਬਾਹਰ ਹੋ ਗਈ ਹੈ। ਸਿੰਧੂ ਨੇ ਐਕਸ ’ਤੇ ਪੋਸਟ ਕੀਤਾ, ‘‘ਆਪਣੇ ਭਵਿੱਖ ਬਾਰੇ ਮੈਂ ਸਪੱਸ਼ਟ ਹੋਣਾ ਚਾਹੁੰਦੀ ਹਾਂ, ਮੈਂ ਖੇਡਣਾ ਜਾਰੀ ਰੱਖਾਂਗੀ। ਹਾਲਾਂਕਿ ਥੋੜੇ ਸਮੇਂ ਦੀ ਛੁੱਟੀ ਤੋਂ ਬਾਅਦ। ਮੇਰੇ ਸਰੀਰ ਅਤੇ ਉਸ ਤੋਂ ਮਹੱਤਵਪੂਰਨ ਗੱਲ, ਮੇਰੇ ਦਿਮਾਗ ਨੂੰ ਇਸ ਦੀ ਲੋੜ ਹੈ। ਹਾਲਾਂਕਿ ਮੈਂ ਅੱਗੇ ਦੇ ਸਫ਼ਰ ਦਾ ਸਾਵਧਾਨੀਪੂਰਵਕ ਮੁਲਾਂਕਣ ਕਰਨ ਦੀ ਯੋਜਨਾ ਬਣਾ ਰਹੀ ਹਾਂ।’’