ਬਦਲਾਪੁਰ ਜਿਨਸੀ ਹਮਲਾ ਕੇਸ: ਸਕੂਲ ਦੇ ਦੋ ਟਰੱਸਟੀ ਗ੍ਰਿਫ਼ਤਾਰ
ਠਾਣੇ, 2 ਅਕਤੂਬਰ
ਠਾਣੇ ਪੁਲੀਸ ਨੇ ਬਦਲਾਪੁਰ ਜਿਨਸੀ ਹਮਲਾ ਕੇਸ ’ਚ ਕਥਿਤ ਮੁਲਜ਼ਮ ਦੋ ਟਰੱਸਟੀਆਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਲੰਘੇ ਦਿਨ ਬੰਬੇ ਹਾਈ ਕੋਰਟ ਨੇ ਸਕੂਲ ਦੇ ਚੇਅਰਮੈਨ ਤੇ ਸਕੱਤਰ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਪੁਲੀਸ ਦੀ ਝਾੜਝੰਬ ਵੀ ਕੀਤੀ ਸੀ। ਬਦਲਾਪੁਰ ਦੇ ਇੱਕ ਸਕੂਲ ’ਚ ਕਿੰਡਰਗਾਰਟਨ ਦੀਆਂ ਦੋ ਵਿਦਿਆਰਥਣਾਂ ਨਾਲ ਕਥਿਤ ਜਿਨਸੀ ਸੋਸ਼ਣ ਦੀ ਘਟਨਾ ਅਗਸਤ ਮਹੀਨੇ ਵਾਪਰੀ ਸੀ। ਪੁਲੀਸ ਨੇ ਦੱਸਿਆ ਕਿ ਠਾਣੇ ਕ੍ਰਾਈਮ ਬਰਾਂਚ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਕਰਜਾਤ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਮੁਲਜ਼ਮਾਂ ਨੂੰ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਹਵਾਲੇ ਕੀਤਾ ਜਾਵੇਗਾ। ਇਸ ਕੇਸ ’ਚ ਮੁੱਖ ਮੁਲਜ਼ਮ ਸਫ਼ਾਈ ਕਰਮਚਾਰੀ ਅਕਸ਼ੈ ਸ਼ਿੰਦੇ ਲੰਘੀ 23 ਸਤੰਬਰ ਨੂੰ ਪੁਲੀਸ ਨਾਲ ਕਥਿਤ ਮੁਕਾਬਲੇ ’ਚ ਮਾਰਿਆ ਗਿਆ ਸੀ। ਇਸੇ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਬਦਲਾਪੁਰ ਜਿਨਸੀ ਹਮਲਾ ਮਾਮਲੇ ਦੇ ਮੁੱਖ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਪੁਲੀਸ ਮੁਕਾਬਲੇ ’ਚ ਮੌਤ ਦੀ ਜਾਂਚ ਲਈ ਜਾਂਚ ਕਮਿਸ਼ਨ ਕਾਇਮ ਕੀਤਾ ਹੈ। ਗ੍ਰਹਿ ਵਿਭਾਗ ਵੱਲੋਂ ਅੱਜ ਪ੍ਰਕਾਸ਼ਿਤ ਗਜ਼ਟ ’ਚ ਦੱਸਿਆ ਗਿਆ ਕਿ ਇਕ ਮੈਂਬਰੀ ਬੈਂਚ ਦੀ ਅਗਵਾਈ ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ (ਸੇਵਾਮੁਕਤ) ਦਿਲੀਪੀ ਭੋਸਲੇ ਕਰਨਗੇ। ਗਜ਼ਟ ਮੁਤਾਬਕ ਇਹ ਕਮਿਸ਼ਨ ਤਿੰਨ ਮਹੀਨਿਆਂ ਵਿੱਚ ਆਪਣੀ ਰਿਪੋਰਟ ਜਮ੍ਹਾਂ ਕਰਵਾਏਗਾ। -ਪੀਟੀਆਈ