ਬਦਲਾਪੁਰ ਜਿਨਸੀ ਸ਼ੋਸ਼ਣ: ਪੈਨਲ ਨਾ ਬਣਾਉਣ ਤੋਂ ਬੰਬੇ ਹਾਈ ਕੋਰਟ ਨਾਰਾਜ਼
ਮੁੰਬਈ, 25 ਸਤੰਬਰ
ਬੰਬੇ ਹਾਈ ਕੋਰਟ ਨੇ ਬਦਲਾਪੁਰ ਸਕੂਲ ਵਿੱਚ ਜਿਨਸੀ ਸ਼ੋਸ਼ਣ ਦੀ ਘਟਨਾ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਬਾਲ ਸੁਰੱਖਿਆ ਕਮੇਟੀ ਨਾ ਬਣਾਉਣ ’ਤੇ ਅੱਜ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬੈਂਚ ਨੇ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਮੌਤ ਦੀ ਜਾਂਚ ਕਰਵਾਉਣ ਦੇ ਆਦੇਸ਼ ਵੀ ਦਿੱਤੇ। ਜਸਟਿਸ ਰੇਵਤੀ ਮੋਹਿਤੇ ਡੇਰੇ ਤੇ ਪ੍ਰਿਥਵੀਰਾਜ ਚਵਾਨ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਭਰੋਸੇ ਇਸ ਦੀਆਂ ਕਾਰਵਾਈਆਂ ਨਾਲ ਮੇਲ ਨਹੀਂ ਖਾਂਦੇ। ਅਦਾਲਤ ਨੇ ਕਿਹਾ, ‘ਇਸ ਤੋਂ ਤੁਹਾਡੀ (ਸਰਕਾਰ ਦੀ) ਇਮਾਨਦਾਰੀ ਦਾ ਪਤਾ ਚੱਲਦਾ ਹੈ। ਤੁਹਾਡੇ ਕੰਮ ਤੁਹਾਡੇ ਸ਼ਬਦਾਂ ਦੇ ਉਲਟ ਹਨ।’’ ਬੈਂਚ ਨੇ ਕਿਹਾ ਕਿ ਬਾਲ ਸੁਰੱਖਿਆ ਕਮੇਟੀ ਨੇ ਮੀਟਿੰਗ ਕਰ ਕੇ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਸਿਫ਼ਾਰਸ਼ਾਂ ਬਾਰੇ ਚਰਚਾ ਕਰਨੀ ਸੀ ਤੇ ਅੱਠ ਹਫ਼ਤਿਆਂ ਵਿੱਚ ਰਿਪੋਰਟ ਸੌਂਪਣੀ ਸੀ। ਅਜਿਹਾ ਨਹੀਂ ਹੋਇਆ। ਅਦਾਲਤ ਨੇ ਕਮੇਟੀ ਬਣਾ ਕੇ 29 ਅਕਤੂਬਰ ਤੱਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਬਦਲਾਪੁਰ ਦੇ ਸਕੂਲ ’ਚ ਸਫਾਈ ਕਰਮਚਾਰੀ ਵੱਲੋਂ ਦੋ ਬੱਚੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਨੋਟਿਸ ਲਿਆ ਸੀ। -ਪੀਟੀਆਈ