ਬਦਿਆਲਾ ਦਾ ਦੋਹਰਾ ਕਤਲ ਮਾਮਲਾ ਸੁਲਝਿਆ
ਸ਼ਗਨ ਕਟਾਰੀਆ
ਬਠਿੰਡਾ, 9 ਜਨਵਰੀ
ਬਠਿੰਡਾ ਪੁਲੀਸ ਨੇ 6 ਜਨਵਰੀ ਨੂੰ ਪਿੰਡ ਬਦਿਆਲਾ ’ਚ ਬਜ਼ੁਰਗ ਜੋੜੇ ਦੀ ਹੋਈ ਹੱਤਿਆ ਦੇ ਮਾਮਲੇ ’ਚ ਮ੍ਰਿਤਕ ਕਿਆਸ ਸਿੰਘ ਦੇ ਸਕੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਅਮਨੀਤ ਕੌਂਡਲ ਅਨੁਸਾਰ ਇਹ ਹੱਤਿਆ ਜ਼ਮੀਨ ਦੇ ਇੱਕ ਟੁਕੜੇ ਦੇ ਵਿਵਾਦ ਕਾਰਨ ਕੀਤੀ ਗਈ।
ਐੱਸਐੱਸਪੀ ਅਨੁਸਾਰ ਬਜ਼ੁਰਗ ਜੋੜੇ ਦਾ ਤੇਜ਼ ਹਥਿਆਰ ਨਾਲ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮਰਨ ਵਾਲਿਆਂ ਵਿੱਚੋਂ ਕਿਆਸ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਸ਼ਾਮਲ ਸਨ। ਇਸ ਦੋਹਰੇ ਕਤਲ ਨੂੰ ਟਰੇਸ ਕਰਨ ਲਈ ਥਾਣਾ ਸਦਰ ਰਾਮਪੁਰਾ, ਸੀਆਈਏ ਸਟਾਫ਼-1 ਅਤੇ ਸੀਆਈਏ ਸਟਾਫ਼-2 ਬਠਿੰਡਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੇਸ ਦੀ ਤਫ਼ਤੀਸ਼ ਤੋਂ ਪਤਾ ਲੱਗਣ ’ਤੇ ਪਿੰਡ ਬਦਿਆਲਾ ਦੇ ਹੀ ਬਿਕਰਮ ਸਿੰਘ ਉਰਫ ਬਿੱਕਰ ਪੁੱਤਰ ਕਰਨੈਲ ਸਿੰਘ ਵਾਸੀ ਬਦਿਆਲਾ ਨੂੰ ਕਾਬੂ ਕੀਤਾ ਗਿਆ। ਉਸ ਤੋਂ ਕੀਤੀ ਗਈ ਪੁੱਛ-ਪੜਤਾਲ ਦੇ ਆਧਾਰ ’ਤੇ ਉਸਦੇ ਘਰ ਵਿੱਚ ਬੰਦ ਪਏ ਪਖ਼ਾਨਾ ਘਰ ਵਿੱਚ ਪਈਆਂ ਇੱਟਾਂ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਦਾਹ ਬਰਾਮਦ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਬਿਕਰਮ ਸਿੰਘ ਮ੍ਰਿਤਕ ਕਿਆਸ ਸਿੰਘ ਦਾ ਸਕਾ ਭਰਾ ਹੈ, ਜਿਨ੍ਹਾਂ ਦੀ ਜ਼ਮੀਨ ਆਪਸ ਵਿੱਚ ਸਾਂਝੀ ਹੈ। ਉਸ ਨੇ ਪੁੱਛ-ਪੜਤਾਲ ਦੌਰਾਨ ਬਿਆਨ ਕੀਤਾ ਕਿ ਕਿਆਸ ਸਿੰਘ ਨੇ ਸਾਰੀ ਜ਼ਮੀਨ ਸੜਕ ਦੇ ਫਰੰਟ ’ਤੇ ਲੈ ਲਈ ਸੀ। ਇਸੇ ਕਰਕੇ ਦਸੰਬਰ 2018 ਵਿੱਚ ਦੋਵਾਂ ਭਰਾਵਾਂ ਦਰਮਿਆਨ ਰੌਲਾ ਪੈ ਗਿਆ ਸੀ। ਜ਼ਮੀਨੀ ਝਗੜਾ ਚਲਦਾ ਹੋਣ ਕਰਕੇ ਮੁਲਜ਼ਮ ਬਿਕਰਮ ਸਿੰਘ ਪਿਛਲੇ ਕਈ ਸਾਲਾਂ ਤੋਂ ਮ੍ਰਿਤਕ ਕਿਆਸ ਸਿੰਘ ਤੋਂ ਖਾਰ ਖਾਂਦਾ ਸੀ, ਜਿਸ ਵਜ੍ਹਾ ਕਰਕੇ ਬਿਕਰਮ ਸਿੰਘ ਵੱਲੋਂ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ।