ਪੰਜਾਬ ਵਿੱਚ ਡੋਬੇ ਤੇ ਸੋਕੇ ਲਈ ਮਾੜਾ ਰਾਜ ਪ੍ਰਬੰਧ ਜ਼ਿੰਮੇਵਾਰ: ਰੁਲਦੂ ਸਿੰਘ
ਪੱਤਰ ਪ੍ਰੇਰਕ
ਮਾਨਸਾ, 7 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਵਿਚ ਕਦੇ ਸੋਕਾ, ਕਦੇ ਡੋਬਾ ਪੈਣ ਦਾ ਕਾਰਨ ਮਾੜਾ ਰਾਜ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਪੂਰੇ ਪੰਜਾਬ ਅੰਦਰ ਸੋਕੇ ਦੀ ਹਾਲਤ ਬਣੀ ਹੋਈ ਸੀ ਅਤੇ ਵੱਡੇ-ਵੱਡੇ ਸਰਕਾਰੀ ਬੁੱਧੀਜੀਵੀ ਧਰਤੀ ਵਿੱਚੋਂ ਪਾਣੀ ਖ਼ਤਮ ਕਰਨ ਦਾ ਠੀਕਰਾ ਕਿਸਾਨਾਂ ਸਿਰ ਭੰਨ ਰਹੇ ਸਨ, ਪਰ ਹੁਣ ਪਿਛਲੇ ਹਫ਼ਤੇ ਤੋਂ ਪੈ ਰਹੇ ਮੀਂਹ ਕਾਰਨ ਪੰਜਾਬ ਦਾ ਹਰ ਸ਼ਹਿਰ ਡੁੱਬਣ ਦੀ ਕਗਾਰ ’ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਮੇਂ ਦੀਆਂ ਸਰਕਾਰਾਂ ਤੋਂ ਅਜੇ ਤੱਕ ਮੀਂਹਾਂ ਦਾ ਪਾਣੀ ਸਟੋਰ ਕਰਕੇ ਔਖੇ ਸਮੇਂ ਵਿੱਚ ਕਿਸਾਨਾਂ ਨੂੰ ਦੇਣ ਦਾ ਕੋਈ ਬੰਦੋਬਸਤ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਹੁੰਦੀ ਹੈ ਤਾਂ ਸ਼ਹਿਰਾਂ ਸਮੇਤ ਪੂਰੇ ਪੰਜਾਬ ਦੇ ਖੇਤ ਦਰਿਆ ਦਾ ਰੂਪ ਧਾਰਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਪੰਜਾਬ ਅੰਦਰ ਟੋਭਿਆਂ, ਨਾਲਿਆਂ ਤੇ ਰਜਵਾਹਿਆਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਪਾਣੀ ਖ਼ਤਮ ਕਰਕੇ ਦਿੱਲੀ ਨੂੰ ਪਾਣੀ ਦੇਣ ਦੀ ਮਨਸ਼ਾ ਨਿੰਦਣਯੋਗ ਹੈ। ਇਸ ਮੌਕੇ ਰਾਮਫ਼ਲ ਚੱਕ ਅਲੀਸ਼ੇਰ, ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀਬਾਘਾ, ਪੰਜਾਬ ਸਿੰਘ ਅਕਲੀਆ, ਨਰਿੰਦਰ ਕੌਰ ਬੁਰਜ ਹਮੀਰਾ, ਗੁਰਜੰਟ ਸਿੰਘ ਮਾਨਸਾ, ਇਕਬਾਲ ਸਿੰਘ ਫਫੜੇ, ਭੋਲਾ ਸਿੰਘ ਸਮਾਓ, ਕਰਨੈਲ ਸਿੰਘ ਮਾਨਸਾ, ਐਡਵੋਕੇਟ ਬਲਕਰਨ ਸਿੰਘ ਬੱਲੀ ਤੇ ਹੋਰ ਹਾਜ਼ਰ ਸਨ।