‘ਬੇਬੀ ਜੌਨ’ ਮਨੋਰੰਜਨ ਦਾ ਮੁਕੰਮਲ ਪੈਕੇਜ: ਸ਼ਾਹਰੁਖ
ਨਵੀਂ ਦਿੱਲੀ:
ਅਦਾਕਾਰ ਸ਼ਾਹਰੁਖ ਖਾਨ ਨੇ ਵਰੁਣ ਧਵਨ ਦੀ ਅਗਲੀ ਫਿਲਮ ‘ਬੇਬੀ ਜੌਨ’ ਦਾ ਟਰੇਲਰ ਦੇਖਣ ਤੋਂ ਬਾਅਦ ਉਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫਿਲਮ ਮਨੋਰੰਜਨ ਦਾ ਮੁਕੰਮਲ ਪੈਕੇਜ ਹੈ। ਇਸ ਫਿਲਮ ਦਾ ਨਿਰਮਾਤਾ ਐਟਲੀ ਹੈ। ਐਟਲੀ ਨੇ ਸ਼ਾਹਰੁਖ ਦੀ ਫਿਲਮ ਜਵਾਨ ਦਾ ਨਿਰਦੇਸ਼ਨ ਵੀ ਕੀਤਾ ਸੀ। ਸ਼ਾਹਰੁਖ ਨੇ ਫਿਲਮ ਦੇ ਸਾਰੇ ਕਲਾਕਾਰਾਂ ਅਤੇ ਨਿਰਦੇਸ਼ਕ ਕਾਲੀਸ ਨੂੰ ਇਸ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ‘ਬੇਬੀ ਜੌਨ’ ਵਿੱਚ ਵਰੁਣ ਤੋਂ ਇਲਾਵਾ ਵਾਮਿਕਾ ਗਾਬੀ, ਕ੍ਰਿਤੀ ਸੁਰੇਸ਼ ਅਤੇ ਜੈਕੀ ਸ਼ਰਾਫ ਵਰਗੇ ਕਲਾਕਾਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਐਟਲੀ ਅਤੇ ਉਸ ਦੀ ਪਤਨੀ ਪ੍ਰਿਯਾ ਮੋਹਨ ਨੇ ਪਹਿਲੀ ਵਾਰ ਆਪਣੇ ਬੈਨਰ ‘ਏ ਫਾਰ ਐਪਲ’ ਰਾਹੀਂ ਕਿਸੇ ਹਿੰਦੀ ਫਿਲਮ ਦਾ ਨਿਰਮਾਣ ਕੀਤਾ ਹੈ। ਸ਼ਾਹਰੁਖ ਨੇ ‘ਐਕਸ’ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਇਸ ਫਿਲਮ ਦਾ ਟਰੇਲਰ ਬਹੁਤ ਕਮਾਲ ਦਾ ਹੈ। ਉਹ ਇਹ ਫਿਲਮ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਉਸ ਨੇ ਨਿਰਦੇਸ਼ਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਾਲੀਸ ਦੀ ਸ਼ਖ਼ਸੀਅਤ ਵਾਂਗ ਹੀ ਐਕਸ਼ਨ ਭਰਪੂਰ ਹੈ। ਸ਼ਾਹਰੁਖ ਨੇ ਵਰੁਣ ਧਵਨ ਤੋਂ ਇਲਾਵਾ ਫਿਲਮ ਦੇ ਬਾਕੀ ਕਲਾਕਾਰਾਂ ਦੀ ਵੀ ਸ਼ਲਾਘਾ ਕੀਤੀ ਹੈ। ਉਸ ਨੇ ਫਿਲਮ ਦੀ ਸਾਰੀ ਟੀਮ ਲਈ ਸਫਲਤਾ ਦੀ ਕਾਮਨਾ ਕੀਤੀ। ਇਹ ਫਿਲਮ 25 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ