ਬੱਬਰ ਅਕਾਲੀ ਲਹਿਰ: ਬਬੇਲੀ ਸਾਕੇ ਦੇ ਸੌ ਵਰ੍ਹੇ
ਸੀਤਾ ਰਾਮ ਬਾਂਸਲ
15 ਅਗਸਤ 1947 ਨੂੰ ਆਜ਼ਾਦੀ ਅੰਗਰੇਜ਼ਾਂ ਵੱਲੋਂ ਭਾਰਤੀਆਂ ਨੂੰ ਦਿੱਤਾ ਕੋਈ ਤੋਹਫਾ ਨਹੀਂ ਸੀ ਸਗੋਂ ਲੱਖਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੇ ਇਹ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਸੀ। ਬਰਤਾਨਵੀ ਹੁਕਮਰਾਨਾਂ ਨੇ ਗੱਦਾਰਾਂ ਦਾ ਇਮਾਨ ਖਰੀਦ ਕੇ ਸਿੱਖਾਂ ਦਾ ਰਾਜ ਖੋਹਿਆ, ਮਹਾਰਾਜਾ ਦਲੀਪ ਸਿੰਘ ਨੂੰ ਜ਼ਬਰਦਸਤੀ ਜਲਾਵਤਨ ਕੀਤਾ, ਨਾਮਧਾਰੀਆਂ ਨੂੰ ਤੋਪਾਂ ਅੱਗੇ ਬੰਨ੍ਹ ਕੇ ਉਡਾਇਆ, ਪਗੜੀ ਸੰਭਾਲ ਲਹਿਰ ਦੇ ਆਗੂ ਅਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਖੁਦ ਜਲਾਵਤਨੀ ਸਹੇੜਨੀ ਪਈ, ਦਿੱਲੀ ਦੇ ਰਕਾਬਗੰਜ ਗੁਰਦੁਆਰੇ ਦੀ ਕੰਧ ਢਾਹ ਦਿੱਤੀ, ਕੋਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿ਼ਰਾਂ ਨਾਲ ਬੇਗਾਨਿਆਂ ਵਾਲ਼ਾ ਵਿਹਾਰ ਕੀਤਾ, ਭਿਸ਼ਟ ਅਤੇ ਬਦਇਖ਼ਲਾਕ ਮਹੰਤਾਂ ਦੀ ਮਦਦ ਨਾਲ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖ਼ਲ ਦਿੱਤਾ, ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈ ਰਹੇ ਸਿੱਖਾਂ ’ਤੇ ਵਹਿਸ਼ੀਆਨਾ ਜ਼ੁਲਮ, ਹਰਿਮੰਦਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਅੰਗਰੇਜ਼ਾਂ ਵੱਲੋਂ ਆਪਣੇ ਕਬਜ਼ੇ ਵਿਚ ਕਰਨੀਆਂ- ਇਹ ਸਨ ਉਹ ਕਾਰਨ ਜਿਨ੍ਹਾਂ ਦੇ ਰੋਸ ਵਜੋਂ ਅਕਾਲੀਆਂ ਨੇ ਸ਼ਾਂਤਮਈ ਤਰੀਕਾ ਛੱਡ ਕੇ ਹਥਿਆਰ ਚੁੱਕੇ।
ਕੈਨੇਡਾ ਤੋਂ ਭਾਰਤ ਪਰਤਿਆ ਗ਼ਦਰ ਪਾਰਟੀ ਦਾ ਕਾਰਕੁਨ ਕਰਮ ਸਿੰਘ ਦੌਲਤਪੁਰ ਆਪਣੇ ਸਾਥੀਆਂ ਸਮੇਤ ਤਹਿਸੀਲ ਨਵਾਂ ਸ਼ਹਿਰ, ਫਿਲੌਰ, ਹੁਸ਼ਿਆਰਪੁਰ, ਕਪੂਰਥਲੇ ਰਿਆਸਤ ਦੀ ਫਗਵਾੜਾ ਤਹਿਸੀਲ ਦੇ ਪਿੰਡਾਂ ਅਤੇ ਜਲੰਧਰ ਜਿ਼ਲ੍ਹੇ ਵਿਚ ਕਿਸ਼ਨ ਸਿੰਘ ਗੜਗੱਜ ਸਰਗਰਮ ਸੀ। ਬੱਬਰ ਅਕਾਲੀ ਲਹਿਰ ਦੇ ਦੋਹਾਂ ਮੋਢੀਆਂ ਨੇ ਅਗਸਤ 1922 ਵਿਚ ਬੱਬਰ ਅਕਾਲੀ ਜੱਥੇ ਦਾ ਮੁੱਢ ਬੰਨ੍ਹਿਆ। ਬੱਬਰ ਅਕਾਲੀ ਦੋਆਬਾ ਅਖ਼ਬਾਰ ਕੱਢਿਆ ਅਤੇ ਝੋਲੀ ਚੁੱਕਾਂ ਦੇ ਸਫਾਏ ਦੀ ਮੁਹਿੰਮ ਛੇੜੀ।
ਜ਼ੈਲਦਾਰ, ਨੰਬਰਦਾਰ, ਚੌਕੀਦਾਰ, ਪਟਵਾਰੀ, ਕੁਰਸੀ-ਨਸ਼ੀਨ ਸਰਕਾਰ ਨੂੰ ਸਾਰੀਆਂ ਖਬਰਾਂ ਪਹੁੰਚਾਉਂਦੇ ਸਨ। ਇਨ੍ਹਾਂ ਨੇ ਪੇਂਡੂ ਭਾਰਤ ਵਿਚ ਸਰਕਾਰ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਹੋਈਆਂ ਸਨ। ਬੱਬਰ ਅਕਾਲੀਆਂ ਨੇ ਦੋ ਸਾਲ ਦੋਆਬੇ ਵਿਚੋਂ ਅੰਗਰੇਜ਼ਾਂ ਦਾ ਰਾਜ ਖ਼ਤਮ ਕਰੀ ਰੱਖਿਆ ਸੀ। ਆਪਣੀਆਂ ਨੀਤੀਆਂ ਲਾਗੂ ਕਰਨ ਲਈ ਬੱਬਰ ਅਕਾਲੀਆਂ ਨੇ ਪਿੰਡਾਂ ਵਿਚ ਫਿਰ-ਤੁਰ ਕੇ ਪ੍ਰਚਾਰ ਕੀਤਾ, ਦੀਵਾਨ ਅਤੇ ਕਾਨਫਰੰਸਾਂ ਵਿਚ ਨੰਗੀਆਂ ਤਲਵਾਰਾਂ ਹੱਥਾਂ ਵਿਚ ਵਿਚ ਫੜ ਕੇ ਸਰਕਾਰ ਅਤੇ ਝੋਲੀ ਚੁੱਕਾਂ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ। ਬੱਬਰ ਅਕਾਲੀਆਂ ਨੇ ਇਨ੍ਹਾਂ ਝੋਲੀ ਚੁੱਕਾਂ ਨੂੰ ਮਾਰਨਾ ਸ਼ੁਰੂ ਕਰ ਕੇ ਸਰਕਾਰੀ ਤੰਤਰ ਨੂੰ ਤਹਿਸ-ਨਹਿਸ ਕੀਤਾ। ਸਰਕਾਰੀ ਰਿਪੋਰਟ ਹੈ ਕਿ ਬੱਬਰ ਅਕਾਲੀ ਲਹਿਰ ਦੌਰਾਨ 147 ਕਤਲ ਕੀਤੇ।
ਸਰਕਾਰ ਨੇ ਆਪਣਾ ਰੋਹਬ ਬਰਕਰਾਰ ਰੱਖਣ ਲਈ ਪਿੰਡਾਂ ਵਿਚ ਪੁਲੀਸ ਚੌਕੀਆਂ ਬਣਾਈਆਂ। ਕੁਝ ਖਾਸ ਥਾਵਾਂ ’ਤੇ ਮੈਜਿਸਟਰੇਟ ਦੀ ਨਿਗਰਾਨੀ ਵਿਚ ਪੁਲੀਸ ਨਾਕੇ ਲਾਏ। ਡਿਪਟੀ ਕਮਿਸ਼ਨਰ ਅਤੇ ਹੋਰ ਆਹਲਾ ਅਫਸਰ ਘੋੜ ਸਵਾਰ ਰਸਾਲੇ ਨਾਲ ਪਿੰਡਾਂ ਵਿਚ ਗਸ਼ਤ ਕਰ ਰਹੇ ਸਨ। ਬੱਬਰ ਅਕਾਲੀ ਲੀਡਰਾਂ ਦੀ ਫੜੋ-ਫੜਾਈ ਸ਼ੁਰੂ ਹੋਈ ਅਤੇ ਬੱਬਰ ਅਕਾਲੀ ਜਥਿਆਂ ਨੂੰ ਘੇਰ ਕੇ ਮੁਕਾਬਲਿਆਂ ਵਿਚ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਗਿਆ। ਆਸਾ ਸਿੰਘ ਭਕੜੁੱਦੀ ਅਤੇ ਅਮਰ ਸਿੰਘ ਕੋਟ ਬਾਰੇ ਖਾਂ ਵਰਗੇ ਬੱਬਰਾਂ ਦੇ ਵਾਅਦਾ ਮੁਆਫ ਗਵਾਹ ਬਣ ਜਾਣ ਕਰ ਕੇ ਅਤੇ ਸਰਕਾਰ ਵੱਲੋਂ ਬੱਬਰਾਂ ਦੀ ਗ੍ਰਿਫਤਾਰੀ ਲਈ ਨਗਦ ਅਤੇ ਜ਼ਮੀਨਾਂ ਦੇ ਲਾਲਚ ਨਾਲ ਗੱਦਾਰਾਂ ਦਾ ਇਮਾਨ ਡੋਲ ਗਿਆ। ਲਹਿਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੈਂਟਰਲ ਸਿੱਖ ਲੀਗ ਨੇ ਖੁੱਲ੍ਹ ਕੇ ਬੱਬਰ ਅਕਾਲੀਆਂ ਦੀ ਮਦਦ ਨਹੀਂ ਕੀਤੀ।
ਸਾਲ 2023 ਬੱਬਰ ਅਕਾਲੀਆਂ ਦੀਆਂ ਸ਼ਹੀਦੀਆਂ ਦਾ ਸ਼ਤਾਬਦੀ ਵਰ੍ਹਾ ਹੈ। ਬੱਬਰ ਅਕਾਲੀ ਦੇਸ਼ ਭਗਤ ਅਸਮਾਨੀ ਬਿਜਲੀ ਵਾਂਗ ਦੇਸ਼ ਦੀ ਰਾਜਨੀਤੀ ਦੇ ਮੈਦਾਨ ਵਿਚ ਚਮਕੇ, ਉਨ੍ਹਾਂ ਨੇ ਬੱਬਰ ਸ਼ੇਰਾਂ ਵਾਂਗ ਦੁਸ਼ਮਣਾਂ ’ਤੇ ਝਪਟ ਮਾਰੀ ਅਤੇ ਆਪਣਾ ਫਰਜ਼ ਨਿਭਾ ਗਏ।
ਜਥੇਦਾਰ ਕਰਮ ਸਿੰਘ ਦੌਲਤਪੁਰ ਪੂਰਨ ਗੁਰਸਿੱਖ, ਅਣਥਕ ਅਤੇ ਦੇਸ਼ ਤੇ ਕੌਮ ਦਾ ਅਣਖੀਲਾ ਇਨਕਲਾਬੀ ਸੀ। ਉਸ ਦੇ ਮਨ ਵਿਚ ਇੱਕ ਗੱਲ ਐਨ ਚੰਗੀ ਤਰ੍ਹਾਂ ਬੈਠ ਗਈ ਸੀ ਕਿ ਬੁਰਾ ਨਾ ਮਾਰੋ, ਬੁਰੇ ਦੀ ਮਾਂ ਨੂੰ ਮਾਰੋ ਤਾਂ ਕਿ ਹੋਰ ਬੁਰੇ ਪੈਦਾ ਹੀ ਨਾ ਹੋਣ। ਅੰਗਰੇਜ਼ ਸਰਕਾਰ ਨੂੰ ਮਾਰਨ ਦੀ ਥਾਂ ਘਰ ਦੇ ਭੇਤੀ ਝੋਲੀ ਚੁੱਕ ਮਾਰੋ ਜੋ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਪੇਂਡੂ ਭਾਰਤ ਵਿਚ ਪੱਕੀਆਂ ਕਰੀ ਬੈਠੇ ਹਨ। ਇਸ ਲਈ ਉਸ ਨੇ ਝੋਲੀ ਚੁੱਕਾਂ ਦੇ ਖ਼ਾਤਮੇ ਲਈ ਲੱਕ ਬੰਨ੍ਹ ਲਿਆ।
ਸਾਰੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਬੱਬਰ ਅਕਾਲੀ ਟਰਾਇਲ ਕੇਸ ਨੰਬਰ 2 ਦੇ ਜੱਜ ਨੇ ਨਤੀਜਾ ਕੱਢਿਆ ਸੀ- “ਬੱਬਰ ਅਕਾਲੀ ਪੰਜਾਬ ਵਿਚ ਸਿੱਖ ਰਾਜ ਅਤੇ ਭਾਰਤ ਵਿਚ ਸਵਰਾਜ ਕਾਇਮ ਕਰਨਾ ਚਾਹੁੰਦੇ ਸਨ।”
31 ਅਗਸਤ 1923 ਨੂੰ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਸਾਥੀ ਬਬੇਲੀ ਪਿੰਡ (ਤਹਿਸੀਲ ਫਗਵਾੜਾ ਜਿ਼ਲ੍ਹਾ ਕਪੂਰਥਲਾ) ਦੇ ਬੱਬਰ ਸ਼ਿਵ ਸਿੰਘ ਚਾਹਲ ਦੇ ਘਰ ਆਏ ਹੋਏ ਸਨ। ਉਨ੍ਹਾਂ ਦੇ ਸਾਥੀ ਅਨੂਪ ਸਿੰਘ ਮਾਣਕੋ ਨੇ ਗ਼ੱਦਾਰੀ ਕੀਤੀ ਅਤੇ ਸਰਕਾਰ ਨੂੰ ਖ਼ਬਰ ਪਹੁੰਚਾ ਦਿੱਤੀ। ਅਗਲੇ ਦਿਨ ਪਹਿਲੀ ਸਤੰਬਰ 1923 ਨੂੰ ਫ਼ੌਜ ਅਤੇ ਪੁਲੀਸ ਦੇ 1200 ਜਵਾਨਾਂ ਤੇ ਅਫਸਰਾਂ ਨੇ ਬਬੇਲੀ, ਦੁੱਗਾਂ ਨੂੰ ਘੇਰਾ ਪਾ ਲਿਆ ਸੀ। ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਬਿਸ਼ਨ ਸਿੰਘ ਮਾਂਗਟ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਨੂੰ ਅੰਗਰੇਜ਼ ਕਮਾਂਡਰ ਵੱਲੋਂ ਹਥਿਆਰ ਸੁੱਟਣ ਦਾ ਕਹਿਣ ’ਤੇ ਬੱਬਰ ਕਰਮ ਸਿੰਘ ਨੇ ਜਵਾਬ ਦਿੱਤਾ ਸੀ- “ਖਾਲਸਾ ਦੁਸ਼ਮਣ ਅੱਗੇ ਹਥਿਆਰ ਨਹੀਂ ਸੁੱਟਦਾ ਹੁੰਦਾ। ਅਸੀਂ ਜੂਝ ਕੇ ਸ਼ਹੀਦੀਆਂ ਪਾਵਾਂਗੇ।” ਫਿਰ ਉਨ੍ਹਾਂ ਅਰਦਾਸਾ ਸੋਧਿਆ ਅਤੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਆਕਾਸ਼ ਗੁੰਜਾਊ ਜੈਕਾਰੇ ਛੱਡਦੇ ਹੋਏ ਦੁਸ਼ਮਣ ਦੇ ਵੱਡੇ ਲਾਮ ਲਸ਼ਕਰ ਨਾਲ ਮੱਥਾ ਲਾ ਲਿਆ।
ਗੁਰਦੁਆਰਾ ਸ੍ਰੀ ਚੌਂਤਾ ਸਾਹਿਬ ਨੇੜੇ ਚਾਰੇ ਬੱਬਰ ਅੰਗਰੇਜ਼ੀ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ। ਖ਼ਾਲਸਾ ਪੰਥ ਦੇ ਨਿਯਮਾਂ ਤੇ ਲੀਹਾਂ ਅਨੁਸਾਰ ਬੱਬਰ ਅਕਾਲੀਆਂ ਨੇ ਵੈਰੀਆਂ ਅੱਗੇ ਸਿਰ ਨਹੀਂ ਝੁਕਾਏ ਬਲਕਿ ‘ਸਿਰੁ ਦੀਜੈ ਕਾਣਿ ਨ ਕੀਜੈ’ ਅਤੇ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ’ ਦੇ ਮਹਾਂਵਾਕਾਂ ਅਨੁਸਾਰ ਛਾਤੀਆਂ ’ਤੇ ਗੋਲੀਆਂ ਖਾ ਕੇ ਅਮਰ ਹੋ ਗਏ।
ਜਦੋਂ ਬੱਬਰਾਂ ਨੂੰ ਫੜਨ ਵਾਸਤੇ ਪੁਲੀਸ ਬਬੇਲੀ ਗਈ, ਉਦੋਂ ਚੌਂਤਾ ਸਾਹਿਬ ਗੁਰਦੁਆਰੇ ਦੇ ਦੁਆਲੇੇ ਘੇਰਾ ਪਾਇਆ ਗਿਆ। ਪੁਲੀਸ ਗੁਰਦੁਆਰੇ ਅੰਦਰ ਜਾ ਵੜੀ। ਜੰਦਰੇ ਤੋੜ ਕੇ ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਬਬੇਲੀ ਨੇੜਲੇ ਪਿੰਡ ਭਬਿਆਣਾ ਦੇ ਸਾਧੂ ਸਿੰਘ ਸੰਘਾ ਨੇ ਹਕੂਮਤ ਦੇ ਡਰ ਦੀ ਪ੍ਰਵਾਹ ਨਾ ਕਰਦਿਆਂ ਸ਼ਹੀਦ ਬੱਬਰਾਂ ਦੀਆਂ ਅਸਥੀਆਂ ਅਤੇ ਸਿਵੇ ਦੀ ਰਾਖ ਗੁਰਦੁਆਰਾ ਚੌਂਤਾ ਸਾਹਿਬ ਦੇ ਪਿਛਲੇ ਪਾਸੇ ਵਗਦੇ ਚੋਅ ਵਿਚ ਵਹਾ ਦਿੱਤੀ ਸੀ।
21 ਜੂਨ 1936 ਨੂੰ ਬੱਬਰ ਕਰਤਾਰ ਸਿੰਘ ਚੱਕ ਕਲਾਂ (ਨਕੋਦਰ, ਜਲੰਧਰ), ਬੱਬਰ ਗੁਰਦਿੱਤ ਸਿੰਘ ਦਲੇਰ ਮੰਢਾਲੀ ਅਤੇ ਬੱਬਰ ਉਜਾਗਰ ਸਿੰਘ ਪਨਿਆਲੀਆਂ ਕਲਾਂ (ਜਿ਼ਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨੇ ਅਨੂਪ ਸਿੰਘ ਮਾਣਕੋ ਅਤੇ ਉਸ ਦੇ ਇਕਲੌਤੇ ਪੁੱਤਰ ਨੂੰ ਉਸ ਦੇ ਘਰ ਪਿੰਡ ਮਾਣਕੋ ਵਿਚ ਮਾਰ ਕੇ ਚਹੁੰਆਂ ਬੱਬਰ ਸ਼ਹੀਦਾਂ ਦੀ ਮੌਤ ਦਾ ਬਦਲਾ ਲਿਆ। ਬੱਬਰ ਕਰਤਾਰ ਸਿੰਘ ਚੱਕ ਕਲਾਂ ਤੇ ਬੱਬਰ ਗੁਰਦਿੱਤ ਸਿੰਘ ਦਲੇਰ ਮੰਢਾਲੀ ਨੂੰ ਸਰਕਾਰ ਨੇ ਫਾਂਸੀ ਲਾ ਦਿੱਤਾ ਸੀ ਅਤੇ ਅਤੇ ਬੱਬਰ ਉਜਾਗਰ ਸਿੰਘ ਪਨਿਆਲੀਆਂ ਕਲਾਂ ਨੂੰ ਉਮਰ ਕੈਦ ਹੋਈ ਸੀ ਪਰ ਤਿੰਨ ਸਾਲ ਬਾਅਦ ਅਪੀਲ ਕਰਨ ’ਤੇ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ।
ਬਬੇਲੀ, ਦੌਲਤਪੁਰ, ਮਾਂਗਟ, ਪੰਡੋਰੀ ਗੰਗਾ ਸਿੰਘ, ਰਾਮਗੜ੍ਹ ਝੁੰਗੀਆਂ, ਚੱਕ ਕਲਾਂ, ਪਨਿਆਲੀਆਂ ਕਲਾਂ ਅਤੇ ਮੰਡਾਲੀ ਪਿੰਡਾਂ ਵਿਚ ਇਨ੍ਹਾਂ ਬੱਬਰ ਸੂਰਮਿਆਂ ਦੇ ਪਰਿਵਾਰਕ ਮੈਂਬਰ ਅਤੇ ਯਾਦਗਾਰ ਕਮੇਟੀ ਮੈਂਬਰ ਬੱਬਰ ਯਾਦਗਾਰੀ ਸਮਾਗਮ ਕਰ ਕੇ ਬੱਬਰ ਸੂਰਮਿਆਂ ਨੂੰ ਯਾਦ ਕਰਦੇ ਹਨ। ਇਸ ਲਹਿਰ ਦੇ 50 ਸ਼ਹੀਦ ਹਨ ਅਤੇ ਸੈਂਕੜੇ ਦੇਸ਼ ਭਗਤਾਂ ਨੇ ਜੇਲ੍ਹਾਂ ਵਿਚ ਲੰਮੀਆਂ ਸਜ਼ਾਵਾਂ ਭੁਗਤੀਆਂ।
ਸੰਪਰਕ: 75892-56092