ਬਾਬੇ ਦੇ ਵੋਟ
ਡਾ. ਸੁਖਦਰਸ਼ਨ ਸਿੰਘ ਚਹਿਲ
ਪੰਚਾਇਤ ਸਾਡੇ ਦੇਸ਼ ’ਚ ਲੋਕਤੰਤਰ ਦੀ ਮੁਢਲੀ ਇਕਾਈ ਮੰਨੀ ਜਾਂਦੀ ਹੈ। ਵੋਟਰ ਦੀ ਸਭ ਤੋਂ ਵੱਧ ਪੁੱਛ-ਪ੍ਰਤੀਤ ਵੀ ਇਨ੍ਹਾਂ ਚੋਣਾਂ ਦੌਰਾਨ ਹੁੰਦੀ ਹੈ; ਭਾਵ, ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰਾਂ ਹਰ ਵੋਟਰ ਤੱਕ ਨਿੱਜੀ ਰੂਪ ’ਚ ਪਹੁੰਚ ਕਰਦਾ ਹੈ। ਸਮਾਂ ਬਦਲਣ ਨਾਲ ਇਨ੍ਹਾਂ ਚੋਣਾਂ ਦੇ ਢੰਗ ਤਰੀਕਿਆਂ ’ਚ ਬੜੀਆਂ ਤਬਦੀਲੀਆਂ ਆਈਆਂ ਹਨ। ਕੋਈ ਸਮਾਂ ਸੀ, ਇਹ ਚੋਣਾਂ ਬੜੀ ਸਾਦਗੀ ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਲੜੀਆਂ ਜਾਂਦੀਆਂ ਸਨ। ਅੱਜ ਕੱਲ੍ਹ ਇਨ੍ਹਾਂ ’ਤੇ ਸਿਆਸਤ ਦਾ ਅਸਰ ਸਾਫ਼ ਦਿਖਾਈ ਦਿੰਦਾ ਹੈ।
ਪੰਚਾਇਤੀ ਚੋਣਾਂ ਵਿੱਚ ਆਈਆਂ ਤਬਦੀਲੀ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਮਾਂ ਬਦਲਣ ਦੇ ਨਾਲ-ਨਾਲ ਚੋਣ ਨਿਸ਼ਾਨ ਬਦਲਦੇ ਰਹੇ ਹਨ। ਇਸ ਬਦਲਾਓ ਦੀ ਗੱਲ ਕਰਦੇ-ਕਰਦੇ ਚੋਣ ਨਿਸ਼ਾਨਾਂ ਨਾਲ ਜੁੜੀ ਕਈ ਦਹਾਕੇ ਪਹਿਲਾਂ ਦੀ ਪੰਚਾਇਤੀ ਚੋਣ ਚੇਤੇ ਆ ਗਈ। ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਸੀ ਮਾਲਵੇ ਦੇ ਪਿੰਡਾਂ ’ਚ ਚੋਣ ਮਾਹੌਲ ਭਖਿਆ ਹੋਇਆ ਸੀ। ਉਦੋਂ ਅੱਜ ਵਾਂਗ ਸਰਪੰਚੀ ਜਾਂ ਪੰਚੀ ਦੇ ਉਮੀਦਵਾਰ ਟੋਲੇ ਬੰਨ੍ਹ ਕੇ ਪ੍ਰਚਾਰ ਨਹੀਂ ਕਰਦੇ ਸਨ, ਬੱਸ ਇੱਕ ਦੋ ਸਾਥੀਆਂ ਨਾਲ ਉਮੀਦਵਾਰ ਸਵੇਰੇ-ਸ਼ਾਮ ਵੋਟਰਾਂ ਤੱਕ ਪਹੁੰਚ ਕਰਦੇ। ਚੋਣ ਨਿਸ਼ਾਨ ਉਸ ਸਮੇਂ ਦੇ ਸਾਧਨਾਂ ਵਾਂਗ ਹੀ ਹੁੰਦੇ ਸਨ- ਘੜੀ, ਘੜਾ, ਸਿਲਾਈ ਮਸ਼ੀਨ, ਘਿਉ ਵਾਲਾ ਪੀਪਾ (ਟੀਨ), ਸਾਈਕਲ, ਬੱਕਰੀ, ਹਲ, ਫੁੱਲ, ਬਲਦਾਂ ਦੀ ਜੋੜੀ, ਗੱਡਾ, ਮੋਮਬੱਤੀ ਆਦਿ। ਸਾਡੇ ਪਿੰਡ ਬੜਾ ਹਾਸੇ-ਠੱਠੇ ਵਾਲਾ ਅਤੇ ਦੋਸਤਾਨਾ ਢੰਗ ਵਾਲੇ ਮੁਕਾਬਲੇ ਵਾਲਾ ਮਾਹੌਲ ਬਣਿਆ ਹੋਇਆ ਸੀ।
ਪਿੰਡ ਦੇ ਸਿੱਧੇ-ਸਾਧੇ ਸੁਭਾਅ ਵਾਲੇ ਉਮੀਦਵਾਰ ਸੁਰਮੁਖ ਸਿਉਂ ਨੂੰ ਚੋਣ ਨਿਸ਼ਾਨ ‘ਪੀਪਾ’ (ਘਿਉ/ਤੇਲ ਵਾਲਾ ਟੀਨ) ਮਿਲ ਗਿਆ। ਉਹ ਭੱਦਰਪੁਰਸ਼ ਸਵੇਰੇ ਸ਼ਾਮ ਆਪਣਾ ਚੋਣ ਪ੍ਰਚਾਰ ਕਰਨ ਜਾਂਦਾ ਤਾਂ ਹੱਥ ’ਚ ਪੀਪਾ ਫੜ ਕੇ ਲੈ ਜਾਂਦਾ ਅਤੇ ਹਰ ਮਾਈ-ਭਾਈ ਨੂੰ ਆਪਣਾ ਚੋਣ ਨਿਸ਼ਾਨ ‘ਪੀਪਾ’ ਦਿਖਾ ਕੇ ਵੋਟਾਂ ਮੰਗਦਾ ਕਹਿੰਦਾ, “ਮੇਰੇ ਪੀਪੇ ਨੂੰ ਜੇਕਰ ਵੋਟਾਂ ਨਾਲ ਭਰ ਦਿਉਗੇ ਤਾਂ ਰੱਬ ਤੁਹਾਡੇ ਪੀਪੇ ਵੀ ਦੇਸੀ ਘਿਉ ਨਾਲ ਭਰ ਦਊਗਾ।”
ਇਸੇ ਤਰ੍ਹਾਂ ਨਿੱਕਾ ਸਿੰਘ ਸੂਬੇਦਾਰ ਨੂੰ ਚੋਣ ਨਿਸ਼ਾਨ ‘ਮੋਮਬੱਤੀ’ ਮਿਲ ਗਿਆ, ਤੇ ਉਹ ਮੋਮਬੱਤੀ ਲੈ ਕੇ ਪ੍ਰਚਾਰ ਕਰਦਾ, “ਮੇਰੇ ਚੋਣ ਨਿਸ਼ਾਨ ਮੋਮਬੱਤੀ ’ਤੇ ਮੋਹਰਾਂ ਲਗਾਉਗੇ ਤਾਂ ਤੁਹਾਡੇ ਚਿਹਰੇ ਮੋਮਬੱਤੀ ਦੀ ਲਾਟ ਵਾਂਗ ਚਮਕਣਗੇ।” ਸੇਠ ਅਮਰ ਚੰਦ ਆਪਣੇ ਚੋਣ ਨਿਸ਼ਾਨ ‘ਸਾਈਕਲ’ ’ਤੇ ਚੜ੍ਹ ਕੇ ਵੋਟਰਾਂ ਨੂੰ ਭਰਮਾਉਂਦਾ, “ਦੇਖੋ ਭਾਈ, ਮੈਨੂੰ ਵੋਟਾਂ ਪਾਉਗੇ ਤਾਂ ਹਰ ਇੱਕ ਨੂੰ ਮੰਗਵਾਂ ਸਾਈਕਲ ਦੇ ਦਿਆ ਕਰੂੰਗਾ।” ਉਨ੍ਹਾਂ ਦਿਨਾਂ ’ਚ ਹਰ ਘਰ ਸਾਈਕਲ ਨਹੀਂ ਹੁੰਦਾ ਸੀ ਅਤੇ ਸਾਈਕਲ ਦੀ ਮੋਟਰਸਾਈਕਲ ਵਾਂਗ ਅਹਿਮੀਅਤ ਹੁੰਦੀ ਸੀ। ਇਵੇਂ ਹੀ ਬਾਬੇ ਬਖਤੌਰ ਸਿਉਂ ਨੂੰ ਚੋਣ ਨਿਸ਼ਾਨ ‘ਬੱਕਰੀ’ ਮਿਲ ਗਿਆ। ਬਾਬਾ ਆਪਣੇ ਨਾਲ ‘ਬੱਕਰੀ’ ਲਿਜਾ ਕੇ ਵੋਟਾਂ ਮੰਗਦਾ ਤੇ ਨਾਲ ਹੀ ਕਹਿੰਦਾ, “ਜਿਹੜਾ ਮੈਨੂੰ ਵੋਟ ਪਾਊਗਾ, ਉਸ ਨੂੰ ਜਦੋਂ ਵੀ ਦੁੱਧ ਦੀ ਲੋੜ ਪਊਗੀ ਤਾਂ ਮੇਰੀ ਬੱਕਰੀ ਦਾ ਦੁੱਧ ਜਦੋਂ ਮਰਜ਼ੀ ਚੋ ਕੇ ਲੈ ਜਾਇਆ ਕਰੂਗਾ।”
ਕੁਝ ਕੁ ਦਿਨਾਂ ਦੇ ਰੌਣਕ ਮੇਲੇ ਮਗਰੋਂ ਵੋਟਾਂ ਪੈਣ ਦਾ ਦਿਨ ਆ ਗਿਆ। ਲੋਕਾਂ ਨੇ ਪੂਰਾ ਦਿਨ ਹਸਦੇ-ਖੇਡਦੇ ਤੇ ਕਿਆਸਰਾਈਆਂ ਲਗਾਉਂਦਿਆਂ ਨਵੀਂ ਪੰਚਾਇਤ ਚੁਣਨ ’ਤੇ ਲਗਾ ਦਿੱਤਾ। ਸ਼ਾਮ ਚਾਰ ਵਜੇ ਵੋਟਾਂ ਪੈਣ ਦਾ ਕੰਮ ਨਿਬੜ ਗਿਆ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਜਿਉਂ-ਜਿਉਂ ਸਾਰੇ ਨਤੀਜੇ ਆ ਗਏ, ਪਿੰਡ ਵਾਸੀਆਂ ਨੇ ਜੇਤੂਆਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਹਾਰਨ ਵਾਲਿਆਂ ਨੂੰ ਮਜ਼ਾਕ ਕਰਨੇ ਸ਼ੁਰੂ ਕਰ ਦਿੱਤੇ। ਚੋਣ ਨਿਸ਼ਾਨ ਪੀਪੇ ਵਾਲਾ ਸੁਰਮੁਖ ਸਿਉਂ ਜਿੱਤਣ ਮਗਰੋਂ ਵੋਟਰਾਂ ਦਾ ਧੰਨਵਾਦ ਕਰਦਾ ਕਹਿਣ ਲੱਗਾ, “ਬਾਈ ਮੇਰਾ ਪੀਪਾ ਤਾਂ ਵੋਟਾਂ ਨਾਲ ਭਰ ਦਿੱਤਾ ਤੇ ਰੱਬ ਇਸੇ ਤਰ੍ਹਾਂ ਤੁਹਾਡੇ ਪੀਪੇ ਘਿਉ ਨਾਲ ਭਰ ਦੇਵੇ।”
ਉਸ ਦੇ ਪਿੱਛੇ ਹੀ ਢਿੱਲਾ ਜਿਹਾ ਮੂੰਹ ਕਰੀ ਆਉਂਦੇ ਮੋਮਬੱਤੀ ਵਾਲੇ ਨਿੱਕਾ ਸਿੰਘ ਸੂਬੇਦਾਰ ਨੂੰ ਦੇਖ ਕੇ ਨੰਜੋ ਭੂਆ ਬੋਲੀ, “ਮੈਨੂੰ ਲੱਗਦੈ, ਨਿੱਕੇ ਦੀਆਂ ਵੋਟਾਂ ਨੂੰ ਤਾਂ ਮੋਮਬੱਤੀ ਦੀ ਲਾਟ ਪੈ ਗਈ।” ਭੂਆ ਦੀ ਗੱਲ ਸੁਣ ਕੇ ਅਜੇ ਹਾਸਾ ਰੁਕਿਆ ਨਹੀਂ ਸੀ ਕਿ ਬੱਕਰੀ ਚੋਣ ਨਿਸ਼ਾਨ ਵਾਲਾ ਬਾਬਾ ਬਖਤੌਰ ਸਿਉਂ ਵੀ ਉਦਾਸ ਹੋਇਆ ਆਪਣੇ ਘਰ ਜਾਂਦਾ ਦਿਸ ਪਿਆ। ਬਾਬੇ ਨੂੰ ਦੇਖ ਕੇ ਤਾਈ ਜੰਗੀਰੋ ਤੋਂ ਰਿਹਾ ਨਾ ਗਿਆ, “ਲੱਗਦੈ, ਬਾਬੇ ਦੀਆਂ ਵੋਟਾਂ ਤਾਂ ਬੱਕਰੀ ਖਾ ਗਈ।” ਇਹ ਗੱਲ ਸੁਣ ਕੇ ਖੂਹ ਤੋਂ ਪਾਣੀ ਭਰ ਰਹੀਆਂ ਸਾਰੀਆਂ ਸੁਆਣੀਆਂ ਖੁੱਲ੍ਹ ਕੇ ਹੱਸੀਆਂ ਤੇ ਬਾਬਾ ਵੀ ਇਹ ਗੱਲ ਸੁਣ ਕੇ ਆਪਣਾ ਹਾਸਾ ਨਾ ਰੋਕ ਸਕਿਆ।
ਇਹ ਉਸ ਸਮੇਂ ਦੀਆਂ ਯਾਦਾਂ ਨੇ ਜਦੋਂ ਚੋਣ ਨਿਸ਼ਾਨ ਵੀ ਹਾਸੇ-ਠੱਠੇ ਦਾ ਬਹਾਨਾ ਬਣ ਜਾਂਦੇ ਸਨ। ਹਾਰਨ-ਜਿੱਤਣ ਵਾਲਿਆਂ ਨੂੰ ਉਨ੍ਹਾਂ ਦੇ ਚੋਣ ਨਿਸ਼ਾਨਾਂ ਨਾਲ ਜੋੜ ਕੇ ਲੋਕ ਮਸ਼ਕਰੀਆਂ ਕਰ ਲੈਂਦੇ ਸਨ ਪਰ ਵਕਤ ਬਦਲਣ ਨਾਲ ਚੋਣ ਨਿਸ਼ਾਨ ਵੀ ਬਦਲਣ ਲੱਗੇ ਹਨ। ਹੁਣ ਚੋਣ ਨਿਸ਼ਾਨਾਂ ’ਚ ਆਧੁਨਿਕ ਸੰਚਾਰ ਤੇ ਬਿਜਲਈ ਸਾਧਨਾਂ ਦੀ ਭਰਮਾਰ ਹੋ ਗਈ ਹੈ। ਹਾਲ ਹੀ ਵਿੱਚ ਪੰਚਾਇਤ ਚੋਣਾਂ ਲਈ ਪੰਜਾਬ ਦੇ ਚੋਣ ਕਮਿਸ਼ਨ ਦੇ ਐਲਾਨੇ ਚੋਣ ਨਿਸ਼ਾਨਾਂ ’ਚ ਕੰਪਿਊਟਰ, ਮੋਬਾਈਲ ਫੋਨ, ਕੈਲਕੁਲੇਟਰ, ਡਿਸ਼ ਐਂਟੀਨਾ, ਟੀਵੀ ਰਿਮੋਟ, ਫੋਨ, ਹੈੱਡ ਫੋਨ, ਕੰਪਿਊਟਰ ਮਾਊਸ, ਸਟੈਪਲਰ, ਰੋਜ਼ਮੱਰਾ ਵਰਤੋਂ ਦੀ ਵਸਤਾਂ ਹੈਲਮਟ, ਬਰੈੱਡ ਟੋਸਟਰ, ਦੂਰਬੀਨ, ਪ੍ਰੈੱਸ, ਗੈਸ ਸਿਲੰਡਰ, ਗੈਸ ਵਾਲਾ ਚੁੱਲ੍ਹਾ, ਪਰਸ, ਪ੍ਰੈਸ਼ਰ ਕੁੱਕਰ, ਵਿਕਟਾਂ, ਪਾਣੀ ਦੀ ਬੋਤਲ, ਬੈਲਟ ਆਦਿ ਸ਼ਾਮਲ ਕੀਤੇ ਗਏ ਹਨ।
ਕੋਈ ਸਮਾਂ ਸੀ, ਪੰਚਾਇਤ ਚੋਣਾਂ ’ਚ ਹਾਰ ਜਿੱਤ ਕੋਈ ਖਾਸ ਮਾਇਨੇ ਨਹੀਂ ਰੱਖਦੀ ਸੀ ਅਤੇ ਲੋਕ ਇੱਕ ਦੂਜੇ ਨੂੰ ਖੁੱਲ੍ਹੇ ਦਿਲ ਨਾਲ ਮਜ਼ਾਕ ਕਰ ਲੈਂਦੇ ਸਨ। ਅਜੋਕੇ ਦੌਰ ਵਿੱਚ ਸਿਆਸੀ ਪਾਰਟੀਆਂ ਨੇ ਪਿੰਡਾਂ-ਸ਼ਹਿਰਾਂ ਦੇ ਭਾਈਚਾਰੇ ’ਚ ਵੀ ਜ਼ਹਿਰ ਦੇ ਬੀਜ ਬੋ ਦਿੱਤੇ ਹਨ ਜਿਸ ਕਾਰਨ ਸਿਆਸੀ ਟਿੱਪਣੀਆਂ ਅਕਸਰ ਕਤਲਾਂ ਤੱਕ ਜਾ ਪੁੱਜਦੀਆਂ ਹਨ। ਲੋੜ ਹੈ ਭਾਈਚਾਰਕ ਸਾਂਝ ਨੂੰ ਸਿਆਸਤ ਤੋਂ ਉੱਪਰ ਰੱਖਣ ਦੀ; ਪੰਚਾਇਤੀ ਚੋਣਾਂ ਪਿੰਡਾਂ ਦੇ ਵਿਕਾਸ ਅਤੇ ਸਾਂਝ ਕਾਇਮ ਰੱਖਣ ਲਈ ਲੜੀਆਂ ਜਾਣ।
ਸੰਪਰਕ: 97795-90575