ਬਾਬੇ ਦੀ ਚਰਨ ਧੂੜ ਲੈਣ ਦੀ ਕਾਹਲ ’ਚ ਭਗਦੜ ਮਚੀ: ਚਸ਼ਮਦੀਦ
ਹਾਥਰਸ, 8 ਜੁਲਾਈ
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਮਚੀ ਭਗਦੜ ਦੇ ਇੱਕ ਹਫ਼ਤੇ ਮਗਰੋਂ ਇੱਕ ਚਸ਼ਮਦੀਦ ਨੇ ਦਾਅਵਾ ਕੀਤਾ ਹੈ ਕਿ ਵੱਡੀ ਗਿਣਤੀ ਸ਼ਰਧਾਲੂਆਂ ਵੱਲੋਂ ‘ਬਾਬੇ’ ਦੀ ਚਰਨ ਧੂੜ (ਪੈਰਾਂ ਦੀ ਮਿੱਟੀ) ਲੈਣ ਦੀ ਕਾਹਲ ਕੀਤੇ ਜਾਣ ਕਾਰਨ ਇਹ ਘਟਨਾ ਵਾਪਰੀ। ਮੁਗਲਗੜ੍ਹੀ ਪਿੰਡ ਦੇ ਸੁਧੀਰ ਪ੍ਰਤਾਪ ਸਿੰਘ ਨੇ ਕਿਹਾ, ‘ਇਹ ਘਟਨਾ ਉਦੋਂ ਵਾਪਰੀ ਜਦੋਂ ‘ਬਾਬਾ’ ਨੇ ਐਲਾਨ ਕੀਤਾ ਕਿ ਸ਼ਰਧਾਲੂਆਂ ਨੂੰ ਉਸਦੇ ਪੈਰਾਂ ਨੇੜਿਓਂ ਮਿੱਟੀ ਲੈਣੀ ਚਾਹੀਦੀ ਹੈ। ਸ਼ਰਧਾਲੂਆਂ ਨੇ ਜਲਦਬਾਜ਼ੀ ’ਚ ਮਿੱਟੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇੱਕ-ਦੂਜੇ ’ਤੇ ਡਿੱਗਣ ਲੱਗੇ। ਇਸ ਭਗਦੜ ਦੌਰਾਨ ‘ਬਾਬੇ’ ਦਾ ਵਾਹਨ ਘਟਨਾ ਸਥਾਨ ਤੋਂ ਚਲਾ ਗਿਆ ਜਦਕਿ ਸਿਰਫ਼ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਕੀਤੀ।’ ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਨਿਆਂਇਕ ਕਮਿਸ਼ਨ ਦੀ ਟੀਮ ਨੇ ਹਾਥਰਸ ਘਟਨਾ ਦੇ ਕਈ ਪ੍ਰਤੱਖਦਰਸ਼ੀਆਂ ਦੇ ਬਿਆਨ ਦਰਜ ਕੀਤੇ ਹਨ।
ਹਾਥਰਸ ਜਿਹੀਆਂ ਘਟਨਾਵਾਂ ਲਈ ਕੇਂਦਰ ‘ਧਾਰਮਿਕ ਫੰਡ’ ਸਥਾਪਤ ਕਰੇ: ਟਿਕੈਤ
ਨੋਇਡਾ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਐੱਨਡੀਏ ਸਰਕਾਰ ਨੂੰ ਹਾਥਰਸ ਜਿਹੀਆਂ ਘਟਨਾਵਾਂ ਮਗਰੋਂ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ‘ਧਾਰਮਿਕ ਫੰਡ’ ਕਾਇਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਟਿੱਪਣੀ ਹਾਥਰਸ ਦਾ ਦੌਰਾ ਕਰਨ ਮੌਕੇ ਕਰਦਿਆਂ ਇਸ ਘਟਨਾ ਦੇ ਪੀੜਤਾਂ ਲਈ 50 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਿਕੈਤ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਕਿਸੇ ਦੀ ਕੋਈ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ। ਉਨ੍ਹਾਂ ਅਧਿਕਾਰੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਇਸ ਹਾਦਸੇ ਤੋਂ ਸਬਕ ਲੈਣ ਲਈ ਕਿਹਾ। ਅਜਿਹੇ ਇਕੱਠਾਂ ਦੇ ਰਾਜਨੀਤਕ ਪ੍ਰਭਾਵਾਂ ਸਬੰਧੀ ਪੁੱਛੇ ਸੁਆਲਾਂ ਦਾ ਜੁਆਬ ਦਿੰਦਿਆਂ ਸ੍ਰੀ ਟਿਕੈਤ ਨੇ ਦੋਸ਼ ਲਾਇਆ ਕਿ ਧਾਰਮਿਕ ਸਮਾਗਮ ਸਰਕਾਰ ਦਾ ਏਜੰਡਾ ਹਨ। -ਪੀਟੀਆਈ
ਭਗਦੜ ਲਈ ਬਾਬਾ, ਹਾਥਰਸ ਪੁਲੀਸ ਤੇ ਯੂਪੀ ਸਰਕਾਰ ਜ਼ਿੰਮੇਵਾਰ: ਆਜ਼ਾਦ
ਨੋਇਡਾ: ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਹਾਥਰਸ ਭਗਦੜ ਲਈ ਬਾਬਾ ਸੂਰਜਪਾਲ ਉਰਫ਼ ਨਾਰਾਇਣ ਸਾਕਾਰ ਹਰੀ ਉਰਫ਼ ਭੋਲੇ ਬਾਬਾ ਨੂੰ ਜ਼ਿੰਮੇਵਾਰ ਆਖਦਿਆਂ ਦੋਸ਼ ਲਾਇਆ ਕਿ ਜ਼ਿਲ੍ਹਾ ਪੁਲੀਸ, ਪ੍ਰਸ਼ਾਸਨ ਤੇ ਯੂਪੀ ਸਰਕਾਰ ਵੀ ਇਸ ਘਟਨਾ ਲਈ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਸੂਬਾ ਸਰਕਾਰ ਨੂੰ 121 ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਵਧਾ ਕੇ 25 ਲੱਖ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਰਜਪਾਲ ਨੂੰ ਆਪਣੇ ਕੋਲੋਂ 1 ਕਰੋੜ ਰੁਪਏ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਉਹ ‘ਗ਼ਰੀਬ ਆਦਮੀ’ ਨਹੀਂ ਹੈ। ਉਹ ਹਾਥਰਸ ਵਿੱਚ ਕੁਝ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਮਗਰੋਂ ਸੰਬੋਧਨ ਕਰ ਰਹੇ ਸਨ। -ਪੀਟੀਆਈ