ਬਾਬਾ ਸਿੱਦੀਕੀ ਦਾ ਪੁੱਤਰ ਜ਼ੀਸ਼ਾਨ ਐੱਨਸੀਪੀ ’ਚ ਸ਼ਾਮਲ, ਵਾਂਦਰੇ ਈਸਟ ਤੋਂ ਮੁੜ ਟਿਕਟ ਮਿਲੀ
ਮੁੰਬਈ, 25 ਅਕਤੂੁਬਰ
ਸਾਬਕਾ ਵਿਧਾਇਕ ਤੇ ਐੱਨਸੀਪੀ ਆਗੂ ਮਰਹੂਮ ਬਾਬਾ ਸਿੱਦੀਕੀ ਦਾ ਪੁੱਤਰ ਜ਼ੀਸ਼ਾਨ ਸਿੱਦੀਕੀ ਅਗਾਮੀ ਚੋਣਾਂ ਤੋਂ ਪਹਿਲਾਂ ਅੱਜ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਜੂਦਗੀ ਵਿਚ ਐੱਨਸੀਪੀ ’ਚ ਸ਼ਾਮਲ ਹੋ ਗਿਆ। ਜ਼ੀਸ਼ਾਨ ਨੂੰ ਵਾਂਦਰੇ (ਬਾਂਦਰਾ) ਈਸਟ ਹਲਕੇ ਤੋਂ ਐੱਨਸੀਪੀ ਉਮੀਦਵਾਰ ਐਲਾਨਿਆ ਗਿਆ ਹੈ। ਉਸ ਨੇ ਪੰਜ ਸਾਲ ਪਹਿਲਾਂ ਸ਼ਿਵ ਸੈਨਾ ਦੇ ਵਿਸ਼ਵਨਾਥ ਮਹਾਦੇਸ਼ਵਰ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ। ਐੱਨਸੀਪੀ ਵਿਚ ਸ਼ਾਮਲ ਹੋਣ ਮਗਰੋਂ ਜ਼ੀਸ਼ਾਨ ਸਿੱਦੀਕੀ ਨੇ ਕਿਹਾ, ‘‘ਮੇਰੇ ਤੇ ਮੇਰੇ ਪਰਿਵਾਰ ਲਈ ਬਹੁਤ ਭਾਵੁਕ ਦਿਨ ਹੈ। ਮੈਂ ਅਜੀਤ ਪਵਾਰ, ਪ੍ਰਫੁੱਲ ਪਟੇਲ ਤੇ ਸੁਨੀਲ ਤਤਕਰੇ ਦਾ ਧੰਨਵਾਦੀ ਹਾਂ, ਜਿਨ੍ਹਾਂ ਇਸ ਮੁਸ਼ਕਲ ਸਮੇਂ ਵਿਚ ਮੇਰੇ ਉੱਤੇ ਵਿਸ਼ਵਾਸ ਜਤਾਇਆ। ਮੈਨੂੰ ਵਾਂਦਰੇ ਈਸਟ ਤੋਂ ਟਿਕਟ ਮਿਲੀ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਨੂੰ ਲੋਕਾਂ ਦਾ ਪਿਆਰ ਤੇ ਸਮਰਥਨ ਮਿਲੇਗਾ। ਮੈਂ ਯਕੀਨੀ ਤੌਰ ’ਤੇ ਇਹ ਸੀਟ ਫਿਰ ਜਿੱਤਾਂਗਾ।’’ ਜ਼ੀਸ਼ਾਨ ਐੱਮਵੀਏ ਗੱਠਜੋੜ ਦੇ ਸੀਟ ਵੰਡ ਫਾਰਮੂਲੇ ਤਹਿਤ ਕਾਂਗਰਸ ਵੱਲੋਂ ਇਹ ਸੀਟ ਯੂਬੀਟੀ ਸੈਨਾ ਨੂੰ ਦੇਣ ਤੋਂ ਖ਼ਫ਼ਾ ਸੀ। -ਪੀਟੀਆਈ
ਨੌਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਇਕ ਦਿਨ ਵਧਾਇਆ
ਮੁੰਬਈ:
ਇੱਥੋਂ ਦੀ ਅਦਾਲਤ ਨੇ ਬਾਬਾ ਸਿੱਦੀਕੀ ਹੱਤਿਆ ਮਾਮਲੇ ਵਿੱਚ ਨੌਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ 26 ਅਕਤੂਬਰ ਤੱਕ ਵਧਾ ਦਿੱਤਾ ਹੈ। ਐੱਨਸੀਪੀ ਆਗੂ ਦੀ 12 ਅਕਤੂਬਰ ਨੂੰ ਬਾਂਦਰਾ ਈਸਟ ਦੇ ਨਿਰਮਲ ਨਗਰ ਵਿੱਚ ਉਨ੍ਹਾਂ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿਚ ਨੌਂ ਜਣਿਆਂ ਨੂੰ ਵੱਖ ਵੱਖ ਥਾਵਾਂ ਤੋਂ ਹਿਰਾਸਤ ਵਿਚ ਲਿਆ ਸੀ। -ਪੀਟੀਆਈ