ਬਾਬਾ ਸਿੱਦੀਕੀ ਕਤਲ ਮਾਮਲਾ: ਪੁਲੀਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ
ਮੁੰਬਈ, 15 ਅਕਤੂਬਰ
ਐੱਨਸੀਪੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਵਿੱਚ ਮੁੰਬਈ ਪੁਲੀਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰੀਸ਼ ਕੁਮਾਰ ਬਾਲਕਰਾਮ (23) ਵਜੋਂ ਹੋਈ ਹੈ, ਜੋ ਉਤਰ ਪ੍ਰਦੇਸ਼ ਦੇ ਬਹਿਰਾਈਚ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਸ਼ੂਟਰਾਂ ਨੂੰ ਪੈਸੇ ਅਤੇ ਹੋਰ ਲੌਜੀਸਟਿਕ ਸਹਾਇਤਾ ਦਿੱਤੀ ਸੀ। ਬਾਲਕਰਾਮ ਪੁਣੇ ਦੇ ਵਾਰਜੇ ਇਲਾਕੇ ਵਿੱਚ ਸਕਰੈਪ ਡੀਲਰ ਹੈ। ਕ੍ਰਾਈਮ ਬਰਾਂਚ ਦੀ ਟੀਮ ਨੇ ਉਸ ਨੂੰ ਯੂਪੀ ਦੇ ਬਹਿਰਾਈਚ ਵਿੱਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਅੱਜ ਸਵੇਰੇ ਮੁੰਬਈ ਲਿਆਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 21 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਬਾਲਕਰਾਮ ਵੀ ਸਿੱਦੀਕੀ ਦੀ ਹੱਤਿਆ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਸ ਨੇ ਇਸ ਘਟਨਾ ਨੂੰ ਨੇਪਰੇ ਚਾੜ੍ਹਨ ਲਈ ਵਿੱਤੀ ਸਹਾਇਤਾ ਦਿੱਤੀ ਸੀ। ਪੁਲੀਸ ਨੇ ਕਿਹਾ ਕਿ ਉਸ ਨੂੰ ਵਿੱਤੀ ਲੈਣ-ਦੇਣ ਦੇ ਵੇਰਵਿਆਂ ਅਤੇ ਉਸ ਨੂੰ ਇਹ ਪੈਸੇ ਅੱਗੋਂ ਕਿਸ ਨੇ ਦਿੱਤੇ ਸਨ, ਬਾਰੇ ਪਤਾ ਲਾਉਣ ਦੀ ਲੋੜ ਹੈ। -ਪੀਟੀਆਈ
ਹੁਣ ਤੱਕ ਕੁੱਲ ਚਾਰ ਗ੍ਰਿਫ਼ਤਾਰੀਆਂ
ਬਾਬਾ ਸਿੱਦੀਕੀ ਹੱਤਿਆ ਮਾਮਲੇ ਵਿੱਚ ਹੁਣ ਤਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਇਸ ਤੋਂ ਪਹਿਲਾਂ ਦੋ ਸ਼ੂਟਰਾਂ ਹਰਿਆਣਾ ਨਿਵਾਸੀ ਗੁਰਮੇਲ ਬਲਜੀਤ ਸਿੰਘ (23), ਉੱਤਰ ਪ੍ਰਦੇਸ਼ ਨਿਵਾਸੀ ਧਰਮਰਾਜ ਰਾਜੇਸ਼ ਕਸ਼ਯਪ (19) ਅਤੇ ਸਹਿ-ਸਾਜ਼ਿਸ਼ਕਰਤਾ ਪ੍ਰਵੀਨ ਲੋਨਕਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇੱਕ ਹੋਰ ਸ਼ੱਕੀ ਸ਼ੂਟਰ ਸ਼ਿਵਕੁਮਾਰ ਗੌਤਮ ਫ਼ਰਾਰ ਹੈ, ਜੋ ਬਹਿਰਾਈਚ ਦਾ ਵਸਨੀਕ ਹੈ। ਕਸ਼ਯਪ, ਗੌਤਮ, ਪ੍ਰਵੀਨ ਲੋਨਕਰ ਅਤੇ ਉਸ ਦੇ ਭਰਾ ਸ਼ੁਭਮ ਲੋਨਕਰ ਦੇ ਨਾਲ ਨਾਲ ਬਾਲਕਰਾਮ ਵੀ ਤਿੰਨ ਵਾਰ ਦੇ ਵਿਧਾਇਕ ਰਹੇ ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਦਾ ਹਿੱਸਾ ਸੀ।