For the best experience, open
https://m.punjabitribuneonline.com
on your mobile browser.
Advertisement

ਕੱਲ੍ਹ ਤੋਂ ਅੱਜ ਤੱਕ ਬਾਬੇ ਨਾਨਕ ਦੀ ਵੇਈਂ

08:07 AM Apr 17, 2024 IST
ਕੱਲ੍ਹ ਤੋਂ ਅੱਜ ਤੱਕ ਬਾਬੇ ਨਾਨਕ ਦੀ ਵੇਈਂ
Advertisement

ਡਾ. ਗੁਰਬਖ਼ਸ਼ ਸਿੰਘ ਭੰਡਾਲ

Advertisement

ਬਾਬੇ ਨਾਨਕ ਦੀ ਵੇਈਂ ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਦੇ ਇਲਾਕਿਆਂ ਨੂੰ ਸਿੰਜਦੀ ਆਪਣਾ ਸਫ਼ਰ ਪੂਰਾ ਕਰਦੀ ਹੈ। ਵੇਈਂ ਮੇਰੇ ਚੇਤਿਆਂ ਵਿੱਚ ਅਕਸਰ ਆਉਂਦੀ ਅਤੇ ਮੈਨੂੰ ਬਹੁਤ ਸਾਰੇ ਪ੍ਰਸ਼ਨ ਕਰਦੀ ਹੈ ਜਿਨ੍ਹਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ।
ਵੇਈਂ ਬਹੁਤ ਵਲ਼-ਵਲ਼ੇਵੇਂ ਖਾਂਦੀ ਹੋਈ ਮੇਰੇ ਨਾਨਕਾ ਪਿੰਡ ਦੇ ਕੋਲੋਂ ਲੰਘਦੀ ਹੈ। ਇਸ ਦੇ ਸ਼ਫ਼ਾਫ਼ ਪਾਣੀ ਵਿੱਚ ਲਾਈਆਂ ਤਾਰੀਆਂ ਯਾਦ ਆਉਂਦੀਆਂ ਹਨ। ਇੱਕ ਬੇੜੀ ਅਕਸਰ ਪਿੰਡ ਵਾਲਿਆਂ ਨੂੰ ਦੂਸਰੇ ਪਾਰ ਲੰਘਾਉਂਦੀ ਜਿਨ੍ਹਾਂ ਦੀਆਂ ਜ਼ਮੀਨਾਂ ਵੇਈਂ ਤੋਂ ਪਾਰ ਸਨ। ਬਹੁਤ ਵਧੀਆ ਲੱਗਦਾ ਸੀ ਨਾਨਕੇ ਪਿੰਡ ਵਿੱਚ ਦੋਹਤਰਾ ਬਣਕੇ ਵਿਚਰਨਾ। ਇਸ ਦੇ ਵਗਦੇ ਨਿਰਮਲ ਪਾਣੀਆਂ ਵਿੱਚ ਆਪਣਾ ਮੂੰਹ ਵੀ ਦੇਖ ਲਈਦਾ ਸੀ ਅਤੇ ਪਿਆਸ ਲੱਗਣ ’ਤੇ ਪਾਣੀ ਵੀ ਪੀ ਲਈਦਾ ਸੀ।
ਸੁੰਗੜ ਕੇ ਨਿੱਕਾ ਜਿਹਾ ਗੰਦਾ ਨਾਲਾ ਬਣੀ ਵੇਈਂ ਮੈਨੂੰ ਸਵਾਲ ਕਰਦੀ ਹੈ ਕਿ ਮੇਰੀ ਮੌਜੂਦਾ ਤਰਾਸਦੀ ਲਈ ਕੌਣ ਜ਼ਿੰਮੇਵਾਰ ਹੈ? ਕਿਸ ਨੇ ਮੇਰੇ ਪਾਣੀਆਂ ਨੂੰ ਪਲੀਤ ਕੀਤਾ? ਜੀਵਨਦਾਤੀ ਕਦੋਂ ਤੋਂ ਮੌਤ ਵੰਡਣ ਲੱਗ ਪਈ, ਪਤਾ ਹੀ ਨਾ ਲੱਗਾ। ਮਨੁੱਖੀ ਲਾਲਚ ਨੇ ਮੇਰੇ ਕੰਢੇ ਹੀ ਖਾ ਲਏ ਅਤੇ ਮੇਰੀ ਅਜੋਕੀ ਦੁਰਦਸ਼ਾ ਕਰ ਦਿੱਤੀ। ਕੀ ਮੈਂ ਉਹੀ ਵੇਈਂ ਹਾਂ ਜਿਸਦੇ ਕੰਢੇ ਬੈਠ ਕੇ ਬਾਬੇ ਨਾਨਕ ਨੇ ਮੂਲਮੰਤਰ ਉਚਾਰਿਆ ਸੀ? ਬਾਬੇ ਦੇ ਨੂਰਾਨੀ ਚਿਹਰੇ ਦਾ ਪ੍ਰਤਾਪ, ਵਗਦੇ ਪਾਣੀਆਂ ਵਿੱਚ ਲਿਸ਼ਕੋਰ ਪੈਦਾ ਕਰਦਾ ਸੀ। ਇਸ ਦੇ ਪਾਣੀਆਂ ਦੀ ਰਵਾਨੀ ਵਿੱਚ ਬਾਬੇ ਦੇ ਬੋਲ ਘੁਲ ਕੇ ਪਾਣੀਆਂ ਨੂੰ ਅੰਮ੍ਰਿਤ ਬਣਾ ਦਿੰਦੇ ਸਨ। ਇਸ ਵਿੱਚ ਚੁੱਭੀ ਲਾ ਕੇ ਬਾਬਾ ਨਾਨਕ ਨੇ ਆਤਮਿਕ ਅੰਬਰ ਵਿੱਚ ਉਡਾਰੀਆਂ ਲਾਈਆਂ ਸਨ। ਇਸ ਦੇ ਕੰਢੇ ਬੈਠ ਕੇ ਘੰਟਿਆਂ-ਬੱਧੀ ਵਗਦੇ ਪਾਣੀਆਂ ਨੂੰ ਨਿਹਾਰਦਿਆਂ, ਬਾਬੇ ਨੇ ਕੁਦਰਤੀ ਅਸੀਮਤਾ, ਸੁੰਦਰਤਾ ਅਤੇ ਸਦੀਵਤਾ ਨੂੰ ਆਪਣੇ ਪ੍ਰਵਚਨਾਂ ਵਿੱਚ ਉਚਾਰਿਆ ਸੀ।
ਨਹੀਂ! ਇਹ ਉਹ ਵੇਈਂ ਨਹੀਂ ਰਹੀ ਕਿਉਂਕਿ ਬਾਬੇ ਦੇ ਸ਼ਰਧਾਲੂਆਂ ਨੇ ਹੀ ਇਸ ਦੀ ਪਾਕ ਹੋਂਦ ਨੂੰ ਖੋਰਾ ਲਾਇਆ ਹੈ। ਵਗਦੀ ਵੇਈਂ ਨੂੰ ਇੱਕ ਗੰਦੇ ਨਾਲੇ ਵਿੱਚ ਤਬਦੀਲ ਕਰ ਦਿੱਤਾ। ਇਸ ਦੀ ਹੋਂਦ ਨੂੰ ਖ਼ਤਮ ਕਰਨ ਲਈ ਅਸੀਂ ਹੀ ਕਸੂਰਵਾਰ ਹਾਂ। 1970 ਤੋਂ 1974 ਤੱਕ ਰਣਧੀਰ ਕਾਲਜ, ਕਪੂਰਥਲਾ ਵਿੱਚ ਪੜ੍ਹਦਿਆਂ ਮੈਂ ਹਰ ਸਾਲ ਬਾਬੇ ਨਾਨਕ ਦੇ ਗੁਰਪੁਰਬ ’ਤੇ ਸ਼ਾਮ ਨੂੰ ਸਾਈਕਲ ’ਤੇ ਆਪਣੇ ਪਿੰਡ ਤੋਂ ਸੁਲਤਾਨਪੁਰ ਲੋਧੀ ਚਲੇ ਜਾਣਾ, ਜਲੌਅ ਦੇਖਣਾ, ਰਾਤ ਗੁਰਦੁਆਰੇ ਸਾਹਿਬ ਵਿੱਚ ਰਹਿਣਾ ਅਤੇ ਸਵੇਰੇ ਉੱਠ ਕੇ ਵੇਈਂ ਦੇ ਕੋਸੇ ਪਾਣੀ ਵਿੱਚ ਡੁਬਕੀ ਲਾਉਣਾ। ਸੁਵੱਖਤੇ ਸੁਵੱਖਤੇ ਨਾਨਕੇ ਪਿੰਡ ਆ ਜਾਣਾ ਅਤੇ ਉੱਥੋਂ ਰਣਧੀਰ ਕਾਲਜ ਚਲੇ ਜਾਣਾ। ਉਸ ਵਕਤ ਵੇਈਂ ਆਪਣੇ ਪੁਰਾਤਨ ਸਰੂਪ ਅਤੇ ਪੂਰਨ ਜਾਹੋ-ਜਲਾਲ ਵਿੱਚ ਸੀ। ਹਰ ਸ਼ਰਧਾਲੂ ਇਸ ਦੇ ਨਿਰਮਲ ਪਾਣੀਆਂ ਵਿੱਚ ਇਸ਼ਨਾਨ ਕਰਦਾ, ਚਿੱਤ ਵਿੱਚ ਬਾਬਾ ਨਾਨਕ ਦੀ ਸਿਮਰਤੀ ਨੂੰ ਚਿਤਾਰਦਾ ਅਤੇ ਆਪਣੇ-ਆਪ ਨਾਲ ਲਿਵ ਲਾਉਂਦਾ। ਸ਼ਫ਼ਾਫ਼ ਪਾਣੀ ਵਿੱਚ ਨਹਾਤਿਆਂ ਬੰਦਾ ਅੰਦਰੋਂ ਅਤੇ ਬਾਹਰੋਂ ਪਵਿੱਤਰ ਹੋ ਜਾਂਦਾ ਸੀ।
ਵੇਈਂ ਨੂੰ ਨਾਜ਼ ਸੀ ਕਿ ਉਸ ਨੇ ਬਾਬੇ ਨਾਨਕ ਦੀ ਸੰਗਤ ਮਾਣੀ ਸੀ। ਇਸ ਵਿੱਚ ਬਾਬਾ ਨਾਨਕ ਅਕਸਰ ਡੁਬਕੀਆਂ ਲਾਉਂਦਿਆਂ ਰੱਬ ਨੂੰ ਧਿਆਉਂਦੇ ਸਨ। ਇਸ ਦੇ ਕੰਢੇ ਲਾਈ ਬਾਬੇ ਦੀ ਲਿਵ ਨੂੰ ਤੋੜਨ ਤੋਂ ਡਰਦੀ ਵੇਈਂ ਚੁੱਪ-ਚੁਪੀਤੀ ਬਾਬੇ ਦੇ ਪੈਰਾਂ ਨੂੰ ਛੂੰਹਦੀ, ਆਪਣਾ ਸਫ਼ਰ ਜਾਰੀ ਰੱਖਦੀ ਸੀ। ਵੇਈਂ ਨੂੰ ਇਸ ਗੱਲ ਦਾ ਤੌਖ਼ਲਾ ਹੈ ਕਿ ਜੇਕਰ ਬਾਬਾ ਨਾਨਕ ਹੁਣ ਆ ਗਏ ਤਾਂ ਉਹ ਪਲੀਤ ਪਾਣੀਆਂ ਵਿੱਚ ਡੁੱਬਕੀ ਕਿੰਝ ਲਾਉਣਗੇ? ਪਾਣੀਆਂ ਦੇ ਲਹਿਰ-ਰੂਪੀ ਸੰਗੀਤ ਤੋਂ ਬਿਨਾਂ ਕਿੰਝ ਉਹ ਅਨੰਤ ਅਪਾਰ ਕਰਤਾਰ ਦੇ ਗੁਣ ਗਾਉਣਗੇ? ਬਾਬੇ ਦੇ ਨੈਣਾਂ ਵਿੱਚ ਉਤਰੀ ਮਾਯੂਸੀ ਅਤੇ ਨਿਰਾਸ਼ਤਾ ਸਾਹਵੇਂ ਉਹ ਨਿਰਉੱਤਰ ਹੋਈ ਨਮੋਸ਼ੀ ਵਿੱਚ ਡੁੱਬ ਜਾਵੇਗੀ? ਵੇਈਂ ਨੂੰ ਦੁੱਖ ਹੈ ਕਿ ਉਸ ਨੂੰ ਪਲੀਤ ਕਰਨ ਵਾਲੇ ਤਾਂ ਇੰਨੇ ਅਹਿਸਾਸ-ਹੀਣ ਹੋ ਗਏ ਕਿ ਉਨ੍ਹਾਂ ਲਈ ਪਾਣੀਆਂ ਦੀ ਪਵਿੱਤਰਤਾ ਜਾਂ ਹੋਂਦ ਨੂੰ ਬਰਕਰਾਰ ਰੱਖਣਾ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ;
ਬਾਬਾ ਨਾਨਕ ਗੁੰਮ ਹੈ
ਸਾਡੇ ਬੋਲਾਂ ਵਿੱਚੋਂ/ਹਰਫ਼ਾਂ ਵਿੱਚੋਂ
ਅਰਥ-ਅਰਾਧਨਾ ਵਿੱਚੋਂ
ਸਾਡੀ ਸੋਚ ’ਚੋਂ/ਕਰਮ-ਸਾਧਨਾ ਵਿੱਚੋਂ
ਅਤੇ ਧਰਮ-ਆਸਥਾ ਵਿੱਚੋਂ
ਬਾਬਾ ਨਾਨਕ ਗੁੰਮ ਹੈ/ਦ੍ਰਿਸ਼ਟੀ ਵਿੱਚੋਂ
ਸੁਹਜ-ਸੰਵੇਦਨਾ ਵਿੱਚੋਂ
ਤਰਕਸੰਗਤਾ ਵਿੱਚੋਂ/ਸੰਜੀਦਗੀ ਵਿੱਚੋਂ
ਤੇ ਸੁਪਨ-ਸੰਸਾਰ ਵਿੱਚੋਂ
ਬਾਬਾ ਖਾਮੋਸ਼ ਹੋ ਜਾਂਦਾ
ਜਦ ਅਸੀਂ ਉਸਨੂੰ ਭਾਲਦੇ
ਮਖੌਟਿਆਂ ਵਿੱਚ/ਵੇਸਾਂ ਵਿੱਚ
ਭੇਖ਼ਾਂ ਵਿੱਚ/ਉਪਦੇਸ਼ਾਂ ਵਿੱਚ
ਜਾਂ ਸੰਗਮਰਮਰੀ ਅਸਥਾਨਾਂ ਵਿੱਚ
ਸਾਨੂੰ ਤਾਂ ਚੇਤਾ ਹੀ ਨਹੀਂ ਰਿਹਾ
ਕਿ/ਬਾਬਾ ਨਾਨਕ ਤਾਂ ਵਸਦਾ ਹੈ
ਝੁੱਗੀਆਂ ਵਿੱਚ/ਚੀਥੜੇ ਲਿਬਾਸ ਵਿੱਚ
ਬਿਆਈਆਂ ਵਾਲੇ ਹੱਥਾਂ
ਫਟੀਆਂ ਅੱਡੀਆਂ/ਸੁਹਜ-ਸੰਵੇਦਨਾ
ਹੱਡੀਂ ਉੱਕਰੀਆਂ ਕਹਾਣੀਆਂ
ਤੇ ਵੇਈਂ ਦੇ ਪਾਣੀਆਂ ਵਿੱਚ
ਚੇਤੇ ਆਉਂਦਾ ਏ ਬੇਰ ਸਾਹਿਬ ਗੁਰਦੁਆਰੇ ਵਿਚਲੀ ਬੇਰੀ ਵੇਈਂ ਦੇ ਕੰਢੇ ਹੁੰਦੀ ਸੀ। ਇਹ ਬੇਰੀ ਬਾਬੇ ਦੀ ਯਾਦ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ ਅਤੇ ਇਸ ਨੇ ਹੀ ਬਾਬਾ ਜੀ ਦੇ ਕਰ-ਕਮਲਾਂ ਦੀ ਛੋਹ ਮਾਣੀ ਹੋਈ ਹੈ ਪਰ ਬੇਰੀ ਅੱਜਕੱਲ੍ਹ ਬਹੁਤ ਉਦਾਸ ਹੈ। ਵੇਈਂ ਅਤੇ ਬੇਰੀ ਇੱਕ-ਦੂਜੇ ਦੇ ਬਹੁਤ ਕਰੀਬ ਹੁੰਦੀਆਂ, ਭੈਣਾਂ ਵਾਂਗ ਰਲ ਕੇ ਬਾਬੇ ਦੀਆਂ ਬਾਤਾਂ ਪਾਉਂਦੀਆਂ ਹੁੰਦੀਆਂ ਸਨ। ਬਾਬੇ ਦੀਆਂ ਯਾਦਾਂ ਵਿੱਚ ਆਪਣੇ ਆਪ ਨੂੰ ਧੰਨਭਾਗ ਸਮਝਦੀਆਂ, ਉਸ ਦੀ ਸਪਰਸ਼ਤਾ ਵਿੱਚੋਂ ਸੁਖਨ ਮਾਣਦੀਆਂ ਸਨ। ਬਾਬੇ ਨਾਨਕ ਦੀਆਂ ਇਹ ਦੋਵੇਂ ਸਹੇਲੀਆਂ ਹੀ ਤਾਂ ਸਭ ਤੋਂ ਪਹਿਲੀਆਂ ਸ਼ਰਧਾਲੂ ਸਨ। ਬਹੁਤ ਹੀ ਪਿਆਰ ਅਤੇ ਨੇੜਤਾ ਸੀ ਦੋਹਾਂ ਦੀ ਪਰ ਅਜੋਕੇ ਕੁਝ ਕੁ ਕਾਰ ਸੇਵਾ ਵਾਲੇ ਬਾਬਿਆਂ ਅਤੇ ਗੁਰਦੁਆਰਿਆਂ ’ਤੇ ਕਾਬਜ਼ ਅਡੰਬਰੀ ਧਾਰਮਿਕ ਰਹਿਬਰਾਂ ਨੇ ਵੇਈਂ ਤੇ ਬੇਰੀ ਦੀ ਸਾਂਝ ਨੂੰ ਵੀ ਤੋੜ ਦਿੱਤਾ ਹੈ। ਮਸਨੂਈ ਤਲਾਬ ਬਣਾਉਣ, ਪਰਿਕਰਮਾ ਨੂੰ ਵਧਾਉਣ ਜਾਂ ਕਮਰਿਆਂ ਦੀ ਉਸਾਰੀ ਖਾਤਰ ਕੰਢੇ ਨੂੰ ਧਕੇਲ ਕੇ ਵੇਈਂ ਨੂੰ ਮਰਨਾਊ ਜਿਹਾ ਨਾਲਾ ਬਣਾ ਦਿੱਤਾ। ਕੀ ਬਾਬੇ ਨਾਨਕ ਦੀ ਵੇਈਂ ਨੂੰ ਮੁੱਢਲੇ ਸਰੂਪ ਵਿੱਚ ਰੱਖਣਾ ਜ਼ਰੂਰੀ ਨਹੀਂ ਸੀ? ਇਨ੍ਹਾਂ ਬਾਬਿਆਂ ਨੇ ਸਿੱਖੀ ਦੀਆਂ ਹੋਰ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਉਣ ਦੇ ਨਾਲ-ਨਾਲ, ਇਸ ਪਵਿੱਤਰ ਵੇਈਂ ਤੇ ਬੇਰੀ ਦੀ ਮੁੱਢ-ਕਦੀਮੀ ਨੂੰ ਵੀ ਨਹੀਂ ਬਖ਼ਸ਼ਿਆ। ਕੀ ਇਨ੍ਹਾਂ ਬਾਬਿਆਂ ਨੇ ਵੇਈਂ ਦੀ ਵੇਦਨਾ ਕਦੇ ਸੁਣੀ ਹੈ? ਜੇਕਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੇਈਂ ਦੀ ਸਾਫ਼-ਸਫ਼ਾਈ ਅਤੇ ਇਸ ਦੀ ਸਾਂਭ-ਸੰਭਾਲ ਨਾਲ ਇਸਦੇ ਕੁਝ ਕੁ ਹਿੱਸੇ ਨੂੰ ਦਰਸ਼ਨੀ ਬਣਾਇਆ ਜਾ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਇਸ ਦੇ ਸਰੂਪ ਨੂੰ ਕਿਉਂ ਵਿਗਾੜਿਆ? ਕੀ ਗੁਰਦੁਆਰੇ ਦੇ ਦੁਆਲੇ ਉਸਰੀਆਂ ਸਰਾਵਾਂ ਦਾ ਗੰਧਲਾ ਜਾਂ ਵਰਤਿਆ ਪਾਣੀ ਇਸ ਵੇਈਂ ਨੂੰ ਪਵਿੱਤਰ ਰਹਿਣ ਦੇਵੇਗਾ? ਕੀ ਬੰਦਾ ਸਾਫ਼ ਪਾਣੀ ਤੋਂ ਬਗੈਰ ਜੀਅ ਸਕਦਾ ਹੈ? ਉਹ ਵੀ ਅਜਿਹਾ ਪਾਣੀ ਜਿਹੜਾ ਵੇਈਂ ਰਾਹੀਂ ਸਾਡੇ ਤੀਕ ਪਹੁੰਚੇ ਜਿਸ ਨੂੰ ਬਾਬੇ ਨਾਨਕ ਦੀ ਛੋਹ ਪ੍ਰਾਪਤ ਹੋਈ ਹੋਵੇ। ਵੇਈਂ ਸਿਸਕਦੀ ਅਤੇ ਕੁਰਲਾਉਂਦੀ ਹੈ। ਇਸ ਦੇ ਦੁੱਖ-ਦਰਦ ਦੀ ਕੋਈ ਦਵਾ ਬਣਨ ਲਈ ਤਿਆਰ ਨਹੀਂ। ਬੰਦੇ ਦੇ ਲਾਲਚ ਨੇ ਵੇਈਂ ਨੂੰ ਵੀ ਵਰਤੋਂ ਦੀ ਵਸਤ ਬਣਾ ਦਿੱਤਾ ਹੈ।
ਅਸੀਂ ਤਾਂ ਬੇਰੀ ਦੀ ਤਾਸੀਰ ਨੂੰ ਕਦੇ ਨਹੀਂ ਸਮਝਦੇ ਜਿਹੜੀ ਕੰਡੇ ਹੁੰਦਿਆਂ ਵੀ ਮਿੱਠੜੇ ਬੇਰ ਪਰੋਸਦੀ ਹੈ ਪਰ ਸਾਡੀ ਕੇਹੀ ਫ਼ਿਤਰਤ ਕਿ ਅਸੀਂ ਤਾਂ ਉਸ ਦੇ ਪੱਤਿਆਂ ਨੂੰ ਵੀ ਨਹੀ ਬਖ਼ਸ਼ਦੇ ਭਾਵੇਂ ਬੇਰੀ ਹੇਠ ਬੋਰਡ ’ਤੇ ਲਿਖਿਆ ਹੁੰਦਾ ਕਿ ਪੱਤਿਆਂ ਨੂੰ ਨਾ ਤੋੜੋ ਅਤੇ ਇਸ ਨੂੰ ਨਾ ਛੂਹੋ। ਪਰ ਅਸੀਂ ਅੰਨ੍ਹੀ ਸ਼ਰਧਾ ਸਦਕਾ ਬੇਰੀ ਨੂੰ ਹੁਣ ਤੀਕ ਸੁਕਾ ਦੇਣਾ ਸੀ। ਪਤਾ ਨਹੀਂ ਬੇਰੀ ਦੀ ਤਾਸੀਰ ਹੀ ਇੰਨੀ ਸਖ਼ਤ ਹੈ ਕਿ ਸ਼ਰਧਾਲੂਆਂ ਵੱਲੋਂ ਕੀਤੀ ਜ਼ਿਆਦਤੀ ਅਤੇ ਤੌਹੀਨ ਤੋਂ ਬਾਅਦ ਵੀ ਹਰੀ ਭਰੀ ਸ਼ਰਧਾਲੂਆਂ ਨੂੰ ਛਾਂ ਵੰਡਦੀ ਹੈ। ਇਸ ਦੇ ਹੇਠ ਇੰਝ ਮਹਿਸੂਸ ਹੁੰਦਾ ਜਿਵੇਂ ਬਾਬਾ ਨਾਨਕ ਇਸ ਦੇ ਹੇਠ ਭਗਤੀ ਵਿੱਚ ਲੀਨ, ਸ਼ਰਧਾਲੂਆਂ ਨੂੰ ਦੁਆਵਾਂ ਦੇ ਰਹੇ ਹੋਣ। ਕਦੇ ਬੇਰੀ ਵੰਨੀਂ ਨੀਝ ਨਾਲ ਦੇਖਣਾ, ਤੁਹਾਨੂੰ ਪਤਾ ਲੱਗੇਗਾ ਕਿ ਇਹ ਵੇਈਂ ਨੂੰ ਮਿਲਣ ਲਈ ਕਿੰਨੀ ਤਰਸੀ ਪਈ ਹੈ ਪਰ ਅਜਿਹਾ ਦੇਖਣ ਦੀ ਤਹਿਜ਼ੀਬ ਅਜੋਕੇ ਪ੍ਰਬੰਧਕਾਂ ਦੇ ਸ਼ਾਇਦ ਹਿੱਸੇ ਹੀ ਨਹੀਂ ਆਈਂ।
ਵੇਈਂ ਦੇ ਪਾਣੀਆਂ ਨੂੰ ਤਾਂ ਹੁਣ ਤੀਕ ਅੱਜ ਦੀ ਗੱਲ ਲੱਗਦੀ ਹੈ ਜਦ ਬਾਬਾ ਨਾਨਕ ਦੌਲਤਖਾਨੇ ਤੋਂ ਵਿਹਲੇ ਹੋ ਕੇ ਵੇਈਂ ਵੰਨੀਂ ਆ ਜਾਂਦੇ ਸਨ ਅਤੇ ਵੇਈਂ ਦੇ ਪਾਣੀਆਂ ਨਾਲ ਬਹੁਤ ਸਾਰੀਆ ਗੱਲਾਂ ਕਰਦੇ। ਉਸ ਨੂੰ ਦਿਨ ਭਰ ਦੀਆਂ ਹੋਈਆਂ ਬੀਤੀਆਂ ਸੁਣਾਉਂਦੇ। ‘ਤੇਰਾ ਤੇਰਾ’ ਕਹਿੰਦਿਆਂ, ਹਰ ਗਰੀਬ-ਗੁਰਬੇ ਦੀ ਮਦਦ ਕਰਕੇ ਖ਼ੁਸ਼ੀਆਂ ਪ੍ਰਾਪਤ ਕਰਨ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਨਦੀ ਨੂੰ ਹੁਲਾਸ ਹੁੰਦਾ ਕਿ ਉਸ ਦੇ ਕੰਢੇ ’ਤੇ ਕੋਈ ਸੰਤ ਬਿਰਤੀ ਨੇ ਆਣ ਡੇਰਾ ਲਾਇਆ ਜਿਹੜਾ ਸਾਰਾ ਦਿਨ ਸੱਚਾ-ਸੌਦਾ ਕਰਦਾ ਪਰ ਅਸੀਂ ਕੇਹੀ ਫ਼ਿਤਰਤ ਦੇ ਮਾਲਕ ਕਿ ਸੱਚਾ ਸੌਦਾ ਕਰਨ ਦੀ ਤਰਕੀਬ ਨੂੰ ਸਮਝਣ ਅਤੇ ਇਸ ਨਸੀਹਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਬਜਾਏ, ਬਾਬੇ ਨਾਨਕ ਵੱਲੋਂ ਵਰਤੇ ਵੱਟਿਆਂ ਨੂੰ ਹੀ ਪੂਜਣ ਤੀਕ ਸੀਮਤ ਹੋ ਕੇ ਰਹਿ ਗਏ। ਯਾਦ ਰਹੇ ਕਿ ਵੱਟੇ ਕਦੇ ਵੀ ਸੱਚਾ-ਸੌਦਾ ਨਹੀਂ ਕਰਦੇ। ਸੱਚਾ-ਸੌਦਾ ਸਿਰਫ਼ ਇਨ੍ਹਾਂ ਵੱਟਿਆਂ ਨੂੰ ਵਰਤਣ ਵਾਲੇ ਹੀ ਕਰਦੇ ਹਨ ਜਿਨ੍ਹਾਂ ਦੀ ਨੀਅਤ ਸੱਚੀ ਹੁੰਦੀ ਹੈ, ਜਿਹੜੇ ਧਰਮ-ਕਰਮ ਵਿੱਚੋਂ ਜੀਵਨ ਦੀ ਸੁੰਦਰਤਾ ਅਤੇ ਸਦੀਵਤਾ ਕਿਆਸਦੇ ਹਨ। ਮਨੁੱਖੀ ਦਰਦ ਕਾਰਨ ਜਿਨ੍ਹਾਂ ਦੀ ਅੱਖ ਸਿੱਲੀ ਹੋ ਜਾਂਦੀ ਹੈ। ਜਿਹੜੇ ਲੋਕ ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ ਕਰੀ ਰੱਖਦੇ ਹਨ, ਜਿਨ੍ਹਾਂ ਨੂੰ ਸੁਮੱਤ ਦਾ ਵਰ ਮਿਲਿਆ ਹੁੰਦਾ ਹੈ ਅਤੇ ਜੋ ਕਿਰਤ-ਸਾਧਨਾ ਵਿੱਚ ਸੁੱਚੀ ਕੀਰਤੀ ਦੇ ਕਰਮਯੋਗੀ ਬਣਦੇ ਹਨ।
ਵੇਈਂ ਨੂੰ ਤਾਂ ਇਹ ਵੀ ਯਾਦ ਏ ਜਦ ਬਾਬਾ ਨਾਨਕ ਦੌਲਤਖਾਨੇ ਦੀ ਨੌਕਰੀ ਤਿਆਗ ਕੇ ਅਲਮਸਤੀ ਦੇ ਆਲਮ ਵਿੱਚ ਉਸ ਦੇ ਕੰਢੇ ਆਏ ਸਨ। ਕੇਹਾ ਵੇਲਾ ਹੋਵੇਗਾ ਜਦ ਬਾਬੇ ਨੇ ਆਤਮਿਕ ਸਫ਼ਰ ਦੀਆਂ ਉਚੇਰੀਆਂ ਮੰਜ਼ਿਲਾਂ ਨੂੰ ਸਰ ਕਰਕੇ, ਸਮੁੱਚੀ ਲੋਕਾਈ ਦੇ ਰਹਿਬਰ ਬਣ ਕੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀ। ਗ੍ਰਹਿਸਥ ਜੀਵਨ ਜਿਊਂਦਿਆਂ ਵੀ ਰੱਬ ਨੂੰ ਪਾਇਆ ਜਾ ਸਕਦਾ ਹੈ ਕਿਉਂਕਿ ਰੱਬ ਤਾਂ ਹਰ ਪ੍ਰਾਣੀ ਵਿੱਚ ਵਸਦਾ ਹੈ। ਇਸ ਲਈ ਜੰਗਲ-ਬੇਲਿਆਂ ਵਿੱਚ ਰੱਬ ਲੱਭਣ ਵਾਲੇ ਸਿਰਫ਼ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਨ।
ਬਾਬੇ ਨਾਨਕ ਦੇ ਸਾਥ ਵਿੱਚ ਵੇਈਂ ਨੂੰ ਅਹਿਸਾਸ ਅਤੇ ਆਸ ਸੀ ਕਿ ਵਗਦੇ ਨਿਰਮਲ ਪਾਣੀਆਂ ਵਰਗੀ ਤਾਸੀਰ ਵਾਲੇ ਵਿਅਕਤੀ ਬਾਬੇ ਨਾਨਕ ਦੇ ਅਨੁਆਈ ਹੋਣਗੇ। ਉਹ ਬਾਬੇ ਨਾਨਕ ਦੀਆਂ ਸੁਮੱਤਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਉਣਗੇ ਅਤੇ ਬਾਬੇ ਨਾਨਕ ਦੇ ਨਾਲ-ਨਾਲ ਵੇਈਂ ਨੂੰ ਵੀ ਵਡਿਆਉਣਗੇ। ਪਰ ਵੇਈਂ ਇੱਥੇ ਹੀ ਖ਼ਤਾ ਖਾ ਗਈ। ਉਹ ਸਮਝ ਹੀ ਨਾ ਸਕੀ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਸਾਰੇ ਲੋਕ ਆਪਣੇ ਅੰਦਰ ਨਹੀਂ ਉਤਾਰਦੇ। ਸਗੋਂ ਜ਼ਿਆਦਾਤਰ ਲੋਕ ਤਾਂ ਮਖੌਟਾਧਾਰੀ ਹਨ। ਉਹ ਸਵਾਂਗ ਰਚਾਉਂਦਿਆਂ, ਬਾਬੇ ਨਾਨਕ ਦੇ ਪੈਰੋਕਾਰ ਹੁੰਦੇ ਹਨ। ਬਾਬੇ ਦਾ ਨਾਮ ਵਰਤ ਕੇ ਆਪਣੇ ਵੱਡੇ ਵੱਡੇ ਕਾਰੋਬਾਰ ਅਤੇ ਅਦਾਰੇ ਸਥਾਪਤ ਕਰਕੇ ਮੋਟੀਆਂ ਕਮਾਈਆਂ ਕਰਦੇ ਹਨ। ਗ਼ਰੀਬਾਂ ਦਾ ਖ਼ੂਨ ਚੂਸਦੇ ਹਨ ਪਰ ਖ਼ੁਦ ਨੂੰ ਧਰਮੀ ਅਖਵਾਉਂਦੇ ਹਨ। ਅਕਸਰ ਵਪਾਰੀ ਵਰਗ ਆਪਣੇ ਵਪਾਰਕ ਅਦਾਰਿਆਂ ਦੇ ਨਾਲ ਬਾਬੇ ਨਾਨਕ ਦਾ ਨਾਮ ਜੋੜ ਕੇ ਲੋਕਾਂ ਦਾ ਧਾਰਮਿਕ ਸ਼ੋਸ਼ਣ ਕਰਦੇ ਹਨ।
ਵੇਈਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਉਸ ਦੇ ਪਾਣੀਆਂ ਨੂੰ ਪਲੀਤ ਕਰਨ ਦੀ ਕੌਣ ਹਿਕਮਤ ਕਰੇਗਾ? ਪਰ ਇਸ ਦੇ ਕੰਢੇ ਵੱਸੇ ਪਿੰਡਾਂ, ਨਗਰਾਂ, ਸ਼ਹਿਰਾਂ ਅਤੇ ਫੈਕਟਰੀਆਂ ਨੇ ਆਪਣੇ ਗੰਧਲੇ ਪਾਣੀ ਦਾ ਨਿਕਾਸ ਹੀ ਵੇਈਂ ਵੱਲ ਨੂੰ ਕਰ ਦਿੱਤਾ ਅਤੇ ਇਸ ਦੇ ਪਾਣੀਆਂ ਨੂੰ ਜ਼ਹਿਰੀਲਾ ਕਰ ਦਿੱਤਾ। ਇਸ ਦੇ ਕੰਢਿਆਂ ਦੇ ਦੋਹੀਂ ਪਾਸੀਂ ਦਰੱਖਤਾਂ ਅਤੇ ਬੂਟਿਆਂ ਦੇ ਜੰਗਲ-ਨੁਮਾ ਕੁਦਰਤੀ ਵਾਤਾਵਰਨ ਨੂੰ ਮਲੀਆ ਮੇਟ ਕਰ ਦਿੱਤਾ। ਵੇਈਂ ਬਹੁਤ ਪੀੜਤ ਹੁੰਦੀ ਜਦ ਉਹ ਬਾਬਾ ਨਾਨਕ ਦੇ ਉਚਾਰੇ ਪ੍ਰਵਚਨਾਂ ਨੂੰ ਸੁਣਦੀ ਤਾਂ ਮੱਥੇ ’ਤੇ ਹੱਥ ਮਾਰਦੀ ਕਿ ਬਾਬੇ ਨੇ ਤਾਂ ਮੇਰੇ ਪਾਣੀਆਂ ਨੂੰ ਪਿਤਾ ਦਾ ਦਰਜਾ ਦਿੱਤਾ ਪਰ ਬਾਬੇ ਨਾਨਕ ਦੇ ਸੇਵਕਾਂ ਨੇ ਪਾਣੀ ਨੂੰ ਹੀ ਪਲੀਤ ਕਰ ਦਿੱਤਾ।
ਵੇਈਂ ਨੂੰ ਤਾਂ ਉਹ ਵੀ ਪੱਲ ਬਾਖੂਬੀ ਯਾਦ ਹੈ ਜਦ ਬਾਬੇ ਨਾਨਕ ਨੇ ਪਹਿਲੀ ਉਦਾਸੀ ’ਤੇ ਤੁਰਨ ਤੋਂ ਪਹਿਲਾਂ ਆਖਰੀ ਵਾਰ ਵੇਈਂ ਦੇ ਪਾਣੀਆਂ ਵੰਨੀਂ ਝਾਕਿਆ ਸੀ। ਇਸ ਦੇ ਕੰਢੇ ਨੂੰ ਅਲਵਿਦਾ ਕਹਿ ਬੇਬੇ ਨਾਨਕੀ ਦੇ ਘਰ ਵੱਲ ਨੂੰ ਇਹ ਸੋਚ ਕੇ ਕਦਮ ਪੁੱਟਿਆ ਸੀ ਕਿ ਹੁਣ ਇਸ ਵੇਈਂ ਨਾਲ ਪਤਾ ਨਹੀਂ ਕਦੋਂ ਮੇਲੇ ਹੋਣਗੇ? ਬਾਬੇ ਨਾਨਕ ਨੇ ਸੱਚ ਦਾ ਸੁਨੇਹਾ ਦੇਣ ਅਤੇ ਮਸਤਕ ਵਿੱਚ ਉੱਗੇ ਸੂਰਜ ਦੇ ਚਾਨਣ ਨਾਲ ਹਨੇਰਿਆਂ ਵਿੱਚ ਡੁੱਬੇ ਸੰਸਾਰ ਨੂੰ ਤਾਰਨ ਲਈ ਬਾਕੀ ਉਮਰ ਸਫ਼ਰ ਵਿੱਚ ਹੀ ਰਹਿਣਾ ਸੀ। ਧਾਰਮਿਕ ਅਡੰਬਰਤਾ ਵਿੱਚ ਫਸੀ ਲੋਕਾਈ ਨੂੰ ਨਵਾਂ ਗਿਆਨ ਦੇਣ ਅਤੇ ਨਵੀਂ ਸੋਚ ਨੂੰ ਪ੍ਰਨਾਉਣ ਲਈ ਲੋਕਾਂ ਨਾਲ ਸੰਵਾਦ ਰਚਾਉਣਾ ਸੀ। ਬੇਬੇ ਨਾਨਕੀ ਨੇ ਭਾਈ ਮਰਦਾਨੇ ਦੀ ਸਪੁਰਦਗੀ ਵਿੱਚ ਆਪਣੇ ਭਰਾ ਨੂੰ ਲੰਮੇਰੇ ਰਾਹਾਂ ’ਤੇ ਤੋਰਨਾ ਸੀ:
ਇਹ ਵੇਂਈਂ/ਕਦੇ ਸੁਰ ਵਿੱਚ ਗਾਉਂਦੀ
ਵਜਦ ਵਿੱਚ ਆਉਂਦੀ
ਤੇ ਕੰਢਿਆਂ ਨੂੰ ਜੱਫ਼ੀਆਂ ਪਾਉਂਦੀ।
ਕਦੇ/ਸ਼ਾਂਤ-ਸਹਿਜ
ਅੰਤਰੀਵੀ ਵਿਸਮਾਦ ’ਚ ਮਸਤ
ਫੱਕਰ ਦਾ ਰੂਪ ਵਟਾਉਂਦੀ।

Advertisement

ਕਦੇ ਕਦੇ/’ਵਾ ਨੂੰ ਕੋਲ ਬੁਲਾਉਂਦੀ
ਨਮੀ ਨਾਲ ਸਹਿਲਾਉਂਦੀ
ਔੜਾਂ ਦੀ ਦੱਸ ਪਾਉਂਦੀ
ਤੇ ਉਨ੍ਹਾਂ ਦੀ ਪਿਆਸ ਮਿਟਾਉਣ ਦੇ ਰਾਹ ਪਾਉਂਦੀ।

ਕਦੇ/ਚੰਨ ਇਸ ’ਚ ਉਤਰ
ਡੁਬਕੀਆਂ ਲਾਉਂਦਾ/ਗੁਫ਼ਤਗੂ ਰਚਾਉਂਦਾ
ਬਹੁਤ ਦੂਰ ਤੀਕ/ਇਸ ਨਾਲ ਸਫ਼ਰ ’ਤੇ ਨਿਕਲਦਾ
ਤੇ ਇਸ ਦੇ ਪਾਣੀਆਂ ਨੂੰ/ਚਾਨਣ-ਰੰਗਾ ਕਰ ਜਾਂਦਾ।
ਵੇਈਂ ਤਾਂ/ਨਿਰੰਤਰਤਾ ਹੈ/ਨਗ਼ਮਾ ਹੈ
ਨਾਦ ਹੈ/­ਅਤੇ ਨਰਾਇਣ ਹੈ।
ਵੇਈਂ ਇਹ ਪੁੱਛਣ ਦਾ ਜੇਰਾ ਕਰਦੀ ਹੈ ਕਿ ਸੁਲਤਾਨਪੁਰ ਲੋਧੀ ਜਾ ਕੇ ਗੁਰੂਘਰ ਵਿੱਚ ਨਤਮਸਤਕ ਹੋਣ ਵਾਲਿਆ ‘ਕਦੇ ਮੇਰੇ ਪਾਣੀਆਂ ਦੀ ਚੂਲੀ ਭਰਨ ਦੀ ਹਿੰਮਤ ਕੀਤੀ ਆ। ਕਦੇ ਮੇਰੇ ਪਾਣੀਆਂ ਵਿੱਚ ਆਪਣਾ ਮੂੰਹ ਦੇਖਿਆ। ਕਦੇ ਮੇਰੇ ਵਿੱਚ ਵਹਿੰਦੀ ਗੰਦਗੀ ਵਿਚਲੀ ਬੋਅ ਨੂੰ ਆਪਣੇ ਅੰਦਰ ਵਿੱਚ ਜਾਂਦਿਆਂ ਮਹਿਸੂਸ ਕੀਤਾ। ਕੀ ਇਹੀ ਬਾਬਾ ਨਾਨਕ ਵਾਲੀ ਵੇਈਂ ਸੀ ਜਾਂ ਉਹ ਵੇਈਂ ਹੋਰ ਸੀ ਪਾਕ ਅਤੇ ਪਵਿੱਤਰ। ਜੋ ਬਾਬਾ ਨਾਨਕ ਦੇ ਹੁੰਦਿਆਂ ਜੀਵਨ ਵਿੱਚ ਖ਼ੁਸ਼ੀਆਂ ਅਤੇ ਖੇੜੇ ਵੰਡਦੀ ਸੀ। ਇਸ ਵਿੱਚ ਲਾਈਆਂ ਤਾਰੀਆਂ ਨਾਲ ਬੰਦੇ ਅੰਦਰੋਂ ਅਤੇ ਬਾਹਰੋਂ ਪਵਿੱਤਰ ਹੋ ਜਾਇਆ ਕਰਦੇ ਸਨ।
ਵੇਈਂ ਸਵਾਲ ਕਰਦੀ ਹੈ, ‘ਕੀ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਪਹਿਲੇ ਸਰੂਪ ਅਤੇ ਰੋਂਅ ਵਿੱਚ ਹੋਵਾਂ। ਮੇਰੇ ਕੰਢੇ ’ਤੇ ਤੁਸੀਂ ਉਸ ਰੂਪ ਵਿੱਚ ਆਵੋ ਜਿਵੇਂ ਬਾਬਾ ਨਾਨਕ ਅਕਸਰ ਹੀ ਮੇਰੇ ਕੰਢੇ ਬੈਠ ਕੇ ਡੂੰਘੀਆਂ ਰਮਜ਼ਾਂ ਫਰੋਲਦਾ ਸੀ, ਗੁੱਝੀਆਂ ਬਾਤਾਂ ਪਾਉਂਦਾ ਸੀ ਅਤੇ ਬਾਣੀ-ਨਾਦ ਰਾਹੀਂ ਮੇਰੀ ਫ਼ਿਜ਼ਾ ਨੂੰ ਸੁਗੰਧਤ ਕਰਦਾ ਸੀ। ਮੇਰੀ ਮੌਜੂਦਾ ਦਸ਼ਾ ਨੂੰ ਦੇਖ ਕੇ ਇਸ ਦੇ ਕਾਰਨਾਂ ਨੂੰ ਜ਼ਰੂਰ ਸਮਝਣਾ। ਮੈਨੂੰ ਮੇਰੀ ਪੁਰਾਣੀ ਹੋਂਦ ਦੇਣ ਲਈ ਕੁਝ ਉੱਦਮ ਕਰਨਾ ਤਾਂ ਹੀ ਤੁਹਾਡਾ ਬਾਬਾ ਨਾਨਕ ਦੀ ਵੇਈਂ ਦੇ ਕੰਢੇ ਆਉਣਾ ਅਤੇ ਬੇਰੀ ਹੇਠ ਬਾਬੇ ਨਾਨਕ ਦੇ ਦ੍ਰਿਸ਼ ਨੂੰ ਚਿਤਾਰਨ ਦਾ ਫ਼ਲ ਮਿਲੇਗਾ। ਹੁਣ ਵੇਲਾ ਕੁਝ ਕਰਨ ਦਾ ਹੈ। ਬਾਬੇ ਨਾਨਕ ਦੇ ਬੋਲਾਂ ’ਤੇ ਪਹਿਰਾ ਦਿੰਦਿਆਂ, ਬੋਲਾਂ ਨੂੰ ਪੁਗਾਉਣ ਦਾ ਹੈ। ਝੂਠੀਆਂ ਦਿਲਬਰੀਆਂ ਨੇ ਮੈਨੂੰ ਬਹੁਤ ਨਿਰਾਸ਼ ਅਤੇ ਹਤਾਸ਼ ਕੀਤਾ ਹੈ। ਹੁਣ ਇੰਝ ਨਾ ਕਰਨਾ।’ ਇੰਨਾ ਕਹਿ ਕੇ ਵੇਈਂ ਚੁੱਪ ਹੋ ਗਈ।
ਸੰਪਰਕ: 216-556-2080

Advertisement
Author Image

joginder kumar

View all posts

Advertisement