For the best experience, open
https://m.punjabitribuneonline.com
on your mobile browser.
Advertisement

ਬਾਬਾ ਫ਼ਰੀਦ ਸ਼ਕਰਗੰਜ...

10:09 AM Aug 22, 2020 IST
ਬਾਬਾ ਫ਼ਰੀਦ ਸ਼ਕਰਗੰਜ
Advertisement

ਨੂਰ ਮੁਹੰਮਦ ਨੂਰ

Advertisement

‘ਬਾਬਾ ਫ਼ਰੀਦ ਸ਼ਕਰਗੰਜ ਨਾ ਰਹੇ ਦੁਖ ਨਾ ਰਹੇ ਰੰਜ’ ਭਾਵ ਬਾਬਾ ਫ਼ਰੀਦ ਦਾ ਨਾਂ ਲੈਂਦਿਆਂ ਹੀ ਦੁੱਖ-ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ। ਇਸ ਅਖਾਣ ਦੇ ਮੁੱਖ ਪਾਤਰ ਪੰਜਾਬੀ ਦੇ ਮਹਾਨ ਸੂਫ਼ੀ ਕਵੀ ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ ਹਨ ਜਿਨ੍ਹਾਂ ਬਾਰੇ ਮੀਆਂ ਵਾਰਿਸ ਸ਼ਾਹ ਨੇ ‘ਹੀਰ ਵਾਰਿਸ’ ਵਿਚ ਲਿਖਿਆ ਸੀ:

Advertisement

ਮੌਦੂਦ ਦਾ ਲਾਡਲਾ  ਪੀਰ ਚਿਸ਼ਤੀ,

ਸ਼ਕਰਗੰਜ ਮਸਊਦ ਭਰਪੂਰ ਹੈ ਜੀ।

ਵਾਰਿਸ ਸ਼ਾਹ ਦੇ ਉਪਰੋਕਤ ਸ਼ਿਅਰ ਦੀ ਤਹਿ ਤਕ ਜਾਣ ਤੋਂ ਪਤਾ ਲੱਗਦਾ ਹੈ ਕਿ ਬਾਬਾ ਫ਼ਰੀਦ ਸ਼ਕਰਗੰਜ ਹਜ਼ਰਤ ਖ਼ੁਆਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੇ ਲਾਡਲੇ ਸ਼ਾਗਿਰਦ ਸਨ। ਬਾਬਾ ਫ਼ਰੀਦ ਜੀ ਸੂਫ਼ੀਆਂ ਦੇ ਚਿਸ਼ਤੀ ਸਿਲਸਲੇ ਨਾਲ ਸਬੰਧਤ ਸੂਫ਼ੀ ਫ਼ਕੀਰ ਹਨ ਜਿਨ੍ਹਾਂ ਦੇ ਸਦਕੇ ਪਾਕਪਟਨ ਵਿਚ ਅੱਜ ਵੀ ਅਧਿਆਤਮਕਤਾ ਦਾ ਚਾਨਣ ਹੈ। ਸੂਫ਼ੀਆਂ ਵਿਚ ਉਨ੍ਹਾਂ ਦਾ ਦਰਜਾ ਐਨਾ ਵੱਡਾ ਹੈ ਕਿ ਉਹ ਬਾਈ ਕੁਤਬਾਂ (ਉਹ ਵਲੀ ਅੱਲ੍ਹਾ ਜਿਸ ’ਤੇ ਦੁਨੀਆਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਹੋਵੇ) ਵਿਚ ਵੀ ਆਪਣੀ ਨਿਮਰਤਾ ਅਤੇ ਬੰਦਗੀ ਪਾਰੋਂ ਸਭ ਤੋਂ ਉੱਚੇ ਦਰਜੇ ਦੇ ਮਾਲਕ ਹਨ। ਇਸੇ ਲਈ ਉਨ੍ਹਾਂ ਦਾ ਪੰਜਾਬ ਵਿਚ ਆ ਕੇ ਵਾਸਾ ਕਰਨਾ ਪੰਜਾਬੀਆਂ ਲਈ ਸੁਭਾਗ ਕਿਹਾ ਜਾਂਦਾ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਆਉਣ ਨਾਲ ਪੰਜਾਬੀਆਂ ਦੇ ਦੁੱਖ ਕੱਟੇ ਗਏ।

ਪੰਜਾਬ ਦੇ ਦੁੱਖ ਕੱਟਣ ਦਾ ਭਾਵ ਬਿਆਨ ਕਰਦਿਆਂ ‘ਲੋਕ ਤਵਾਰੀਖ਼’ ਦਾ ਲੇਖਕ ਲਿਖਦਾ ਹੈ, ‘ਇੱਥੇ ਪੰਜਾਬੀਆਂ ਦੇ ਦੁੱਖ ਕੱਟਣ ਦੇ ਦੋ ਭਾਵ ਸਮਝ ਆਉਂਦੇ ਨੇ। ਜਿਨ੍ਹਾਂ ਵਿਚੋਂ ਇਕ ਦਾ ਸਬੰਧ ਰੂਹਾਨੀ ਪੱਧਰ ’ਤੇ ਇੰਜ ਲਿਆ ਜਾਂਦਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਚੰਗਿਆਈ ਦੀ ਚਰਚਾ ਕੀਤੀ ਅਤੇ ਬੁਰਿਆਈ ਨੂੰ ਨਿੰਦਿਆ। ਦੂਜਾ ਭਾਵ ਇਹ ਲਿਆ ਜਾਂਦਾ ਹੈ ਕਿ ਪੰਜਾਬ ਜਿਸ ਦੀ ਸਦੀਆਂ ਤੋਂ ਬੋਲੀ ਜਾਣ ਵਾਲੀ ਆਪਣੀ ਬੋਲੀ ਉਸ ਅਦਬੀ ਪੱਧਰ ’ਤੇ ਨਹੀਂ ਸੀ ਪਹੁੰਚ ਸਕੀ ਜਿਸ ’ਤੇ ਬਾਬਾ ਜੀ ਨੇ ਸ਼ਲੋਕ ਲਿਖ ਕੇ ਪਹੁੰਚਾਈ। ਉਨ੍ਹਾਂ ਦੀ ਪਾਈ ਲੀਹ ਉੱਤੇ ਚੱਲਦਿਆਂ ਗੁਰੂਆਂ, ਪੀਰਾਂ ਤੇ ਫ਼ਕੀਰਾਂ ਨੇ ਆਪਣੇ ਆਪਣੇ ਢੰਗ ਨਾਲ ਪੰਜਾਬੀ ਵਿਚ ਰਚਨਾਵਾਂ ਰਚੀਆਂ। ਜਦੋਂ ਪੰਜਾਬ ਦੇ ਹਿਰਦੇ ਨੂੰ ਚੀਰਿਆ ਗਿਆ ਤਾਂ ਅੰਮ੍ਰਿਤਾ ਪ੍ਰੀਤਮ ਨੇ ਵੰਡ ਦੀ ਪੀੜ ਨੂੰ ਮਹਿਸੂਸ ਕਰਦਿਆਂ ਵਾਰਿਸ ਸ਼ਾਹ ਨੂੰ ਪੁਕਾਰ ਕੇ, ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ’ ਲਿਖ ਕੇ ਸਾਬਤ ਕੀਤਾ ਕਿ ਪੰਜਾਬ ਗੂੰਗਾ ਜਾਂ ਬੋਲਾ ਨਹੀਂ।

ਬਾਬਾ ਫ਼ਰੀਦ ਜੀ ਨੂੰ ਦੋ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਕੋਈ ਉਨ੍ਹਾਂ ਨੂੰ ਮਸਊਦੁੱਦੀਨ ਫ਼ਰੀਦ ਆਖਦਾ ਹੈ ਅਤੇ ਕੋਈ ਫ਼ਰੀਦੁੱਦੀਨ ਮਸਊਦ। ‘ਪੰਜਾਬ ਰੰਗ’ ਦਾ ਲੇਖਕ ਬਾਬਾ ਫ਼ਰੀਦ ਦਾ ਜਨਮ 584 ਹਿਜਰੀ ਮੁਤਾਬਕ 1188 ਈਸਵੀ ਨੂੰ ਹੋਇਆ ਲਿਖਦਾ ਹੈ ਅਤੇ ਇਹੋ ਪ੍ਰਸਿੱਧ ਤਾਰੀਖ਼ਦਾਨ ਫ਼ਰਿਸ਼ਤਾ ਅਤੇ ਅਬੁਲ ਫ਼ਜ਼ਲ ਵੀ ਲਿਖਦੇ ਹਨ।

ਬਾਬਾ ਫ਼ਰੀਦ ਦੇੇ ਪਿਤਾ ਦਾ ਨਾਂ ਜਮਾਲੁੱਦੀਨ ਸੁਲੇਮਾਨ ਅਤੇ ਮਾਤਾ ਦਾ ਨਾਂ ਕੁਰਸਮ ਬੀਬੀ ਸੀ। ਉਨ੍ਹਾਂ ਦੇ ਵੰਸ਼ ਦਾ ਸ਼ਜਰਾ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਨਾਲ ਜਾ ਮਿਲਦਾ ਹੈ। ਭਾਵ ਬਾਬਾ ਜੀ ਹਜ਼ਰਤ ਉਮਰ ਦੇ ਵੰਸ਼ ਵਿਚੋਂ ਸਨ। ਉਨ੍ਹਾਂ ਦੇ ਵਡੇਰਿਆਂ ਵਿਚੋਂ ਸ਼ੇਖ਼ ਸ਼ੁਐਬ ਪਹਿਲੇ ਬਜ਼ੁਰਗ ਸਨ ਜਿਹੜੇ ਹਿੰਦੋਸਤਾਨ ਆਏ ਅਤੇ ਮੁਲਤਾਨ ਵਿਖੇ ਵਸੇਬਾ ਕੀਤਾ। ਬਾਬਾ ਫ਼ਰੀਦ ਦੇ ਜਨਮ ਸਮੇਂ ਲਾਹੌਰ ਤੋਂ ਗ਼ਜ਼ਨਵੀ ਹਕੂਮਤ ਦੇ ਪੈਰ ਉੱਖੜ ਚੁੱਕੇ ਸਨ ਅਤੇ ਸ਼ਹਾਬੁੱਦੀਨ ਮੁਹੰਮਦ ਗ਼ੌਰੀ ਨੇ ਲਾਹੌਰ ਅਤੇ ਮੁਲਤਾਨ ਉੱਤੇ ਕਬਜ਼ਾ ਕਰ ਲਿਆ ਸੀ। ਗ਼ਜ਼ਨੀਆਂ ਨੂੰ ਭਾਜੜਾਂ ਪਈਆਂ ਹੋਈਆਂ ਸਨ ਅਤੇ ਗ਼ੌਰੀ ਆਪਣੇ ਪੈਰ ਪੱਕੇ ਕਰਨ ਲੱਗੇ ਹੋਏ ਸਨ।

ਬਾਬਾ ਫ਼ਰੀਦ ਦੀ ਮੁੱਢਲੀ ਵਿਦਿਆ ਘਰ ਵਿਚ ਹੀ ਉਨ੍ਹਾਂ ਦੀ ਮਾਤਾ ਵੱਲੋਂ ਪ੍ਰਦਾਨ ਕੀਤੀ ਗਈ। ਕਿਹਾ ਜਾਂਦਾ ਹੈ ਕਿ ਉਹ ਬਾਬਾ ਫ਼ਰੀਦ ਜੀ ਦੀ ਨਮਾਜ਼ ਪੜ੍ਹਨ ਦੀ ਆਦਤ ਪੱਕੀ ਕਰਨ ਲਈ ਮਸੱਲੇ ਹੇਠ ਸ਼ੱਕਰ ਰੱਖ ਦਿਆ ਕਰਦੇ ਸਨ। ਇਕ ਦਿਨ ਉਹ ਸ਼ੱਕਰ ਰੱਖਣੀ ਭੁੱਲ ਗਏ, ਪਰ ਜਦੋਂ ਉਨ੍ਹਾਂ ਨੇ ਫ਼ਰੀਦ ਨੂੰ ਨਮਾਜ਼ ਪੜ੍ਹਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਆਖਿਆ ਕਿ ਨਮਾਜ਼ ਵੀ ਪੜ੍ਹ ਲਈ ਅਤੇ ਸ਼ੱਕਰ ਵੀ ਖਾ ਲਈ। ਇਸ ਘਟਨਾ ਤੋਂ ਫ਼ਰੀਦ ਜੀ ਦੀ ਮਾਂ ਬਹੁਤ ਪ੍ਰਭਾਵਿਤ ਹੋਈ ਅਤੇ ਕੁਝ ਹੀ ਸਮੇਂ ਵਿਚ ਫ਼ਰੀਦ ਦੇ ਨਾਂ ਨਾਲ ਸ਼ਕਰਗੰਜ ਪੱਕਾ ਹੀ ਜੁੜ ਗਿਆ।

ਅਠਾਰਾਂ ਸਾਲ ਦੀ ਉਮਰ ਵਿਚ ਫ਼ਰੀਦ ਜੀ ਮੁਲਤਾਨ ਦੇ ਮਸ਼ਹੂਰ ਆਲਮ ਮੌਲਵੀ ਮਨਹਾਸੁੱਦੀਨ ਤਿਰਮਜ਼ੀ ਦੇ ਮਦਰੱਸੇ ਵਿਚ ਦਾਖ਼ਲ ਹੋਏ। ਉੱਥੇ ਹੀ ਉਨ੍ਹਾਂ ਦੀ ਮਿਲਣੀ ਬਹਾਉੱਦੀਨ ਜ਼ਕਰੀਆ ਮੁਲਤਾਨੀ ਅਤੇ ਖ਼ੁਆਜਾ ਬਖ਼ਤਿਆਰ ਕਾਕੀ ਨਾਲ ਹੋਈ। ਬਾਬਾ ਫ਼ਰੀਦ ਨੇ ਖ਼ੁਆਜਾ ਮੁਈਨੁੱਦੀਨ ਚਿਸ਼ਤੀ ਅਜਮੇਰੀ ਅਤੇ ਸ਼ੇਖ਼ ਸ਼ਹਾਬੁੱਦੀਨ ਸਹਿਰਵਰਦੀ ਨਾਲ ਵੀ ਕੁਝ ਸਮਾਂ ਬਿਤਾਇਆ। ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਮੁਸਲਮਾਨ ਬਾਦਸ਼ਾਹਾਂ ਕੋਲੋਂ ਹਾਰ ਜਾਣ ਤੋਂ ਬਾਅਦ ਜਿੰਨੇ ਵੀ ਹਿੰਦੂ ਰਾਜੇ ਬਾਬਾ ਫ਼ਰੀਦ ਦੀ ਸ਼ਰਨ ਵਿਚ ਗਏ, ਉਹ ਉਨ੍ਹਾਂ ਦੇ ਮਿੱਠੜੇ ਸੁਭਾਅ ਪਾਰੋਂ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ। ਜਿਨ੍ਹਾਂ ਨੇ ਬਾਬਾ ਫ਼ਰੀਦ ਦੀ ਪ੍ਰੇਰਣਾ ਨਾਲ ਇਸਲਾਮ ਕਬੂਲ ਕਰ ਲਿਆ, ਉਨ੍ਹਾਂ ਨੂੰ ਫ਼ਰੀਦ ਜੀ ਦੇ ਕਹਿਣ ’ਤੇ ਮੁਸਲਮਾਨ ਬਾਦਸ਼ਾਹਾਂ ਨੇ ਉਨ੍ਹਾਂ ਦੀਆਂ ਜਾਗੀਰਾਂ ਵੀ ਵਾਪਸ ਕਰ ਦਿੱਤੀਆਂ।

ਬਾਬਾ ਫ਼ਰੀਦ ਜੀ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਇਲਾਕਾਈ ਬੋਲੀ ਨੂੰ ਅਪਣਾਇਆ ਅਤੇ ਪੰਜਾਬੀ ਵਿਚ ਹੀ ਲਿਖ ਕੇ ਆਪਣੇ ਵਿਚਾਰਾਂ ਨੂੰ  ਲੋਕਾਂ ਤਕ ਅਪੜਾਇਆ। ਉਨ੍ਹਾਂ ਦੀ ਰਚਨਾ ਸ਼ਲੋਕਾਂ ਵਿਚ ਲਿਖੀ ਹੋਈ ਹੈ ਅਤੇ ਉਨ੍ਹਾਂ ਦੀ ਮਹਾਨਤਾ ਇਹ ਹੈ ਕਿ ਸਿੱਖ ਗੁਰੂਆਂ ਵੱਲੋਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੇ ਜੀਵਨ ਵਿਚ ਹੀ ਉਨ੍ਹਾਂ ਦੀ ਮਹਾਨਤਾ ਐਨੀ ਹੋ ਗਈ ਸੀ ਕਿ  ਉਨ੍ਹਾਂ ਦਾ ਨਾਂ ਦਮ-ਦਰੂਦ ਦੇ ਮੰਤਰਾਂ ਨਾਲ ਵੀ ਜੋੜਿਆ ਜਾਣ ਲੱਗਿਆ। ਜਿਵੇਂ ਦੰਦ ਪੀੜ ਦਾ ਇਕ ਮੰਤਰ ਹੈ:

‘ਕਾਲਾ ਕੀੜਾ ਕਜਲਾ ਬੱਤੀ ਦੰਦ ਚੜ੍ਹੇ, ਬਰਕਤ ਸ਼ੇਖ਼ ਫ਼ਰੀਦ ਦੀ ਕੀੜਾ ਵਿਚ ਮਰੇ, ਉਹਦਾ ਸਿਹਰਾ ਪੀਰ ਦੇ ਸਿਰੇ।’

ਬਿਜਲੀ ਕੜਕਣ ਉੱਤੇ ਪੱਛਮੀ ਪੰਜਾਬ ਵਿਚ ਕਈ ਇਲਾਕਿਆਂ ਦੇ ਲੋਕ ਫ਼ਰੀਦੀ ਨਾਅਰਾ ਮਾਰਦੇ ਹਨ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਨੇ ਅਸਮਾਨੀ ਬਿਜਲੀ ਨੂੰ ਆਪਣੇ ਲੋਟੇ ਵਿਚ ਬੰਦ ਕਰ ਲਿਆ ਸੀ ਅਤੇ ਉਸ ਨੂੰ ਇਸ ਸ਼ਰਤ ਉੱਤੇ ਛੱਡਿਆ ਸੀ ਕਿ ਜਿੱਥੇ ਬਾਬਾ ਫ਼ਰੀਦ ਦਾ ਨਾਂ ਪੁਕਾਰਿਆ ਜਾਵੇਗਾ, ਉੱਥੇ ਅਸਮਾਨੀ ਬਿਜਲੀ ਨਹੀਂ ਡਿੱਗੇਗੀ। ਅੱਜ ਵੀ ਪੱਛਮੀ ਪੰਜਾਬ ਦੇ ਪਿੰਡਾਂ ਵਿਚ ਬੱਚੇ ਬਿਜਲੀ ਨੂੰ ਕੜਕਦਿਆਂ ਦੇਖ ਕੇ ਨਾਅਰਾ ਮਾਰਦੇ ਹਨ, ‘ਬਾਬਾ ਫ਼ਰੀਦ ਸ਼ਕਰਗੰਜ, ਕਰਦੇ ਬਿਜਲੀ ਕੁੱਜੇ ਬੰਦ।’

ਬਾਬਾ ਫ਼ਰੀਦ ਬਾਰੇ ਕਈ ਹੋਰ ਲੋਕ ਅਖਾਣਾਂ ਵੀ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਉਨ੍ਹਾਂ ਦੀ ਬਾਣੀ ਦੇ ਵਾਕ ਹਨ। ਸੋ ਬਾਬਾ ਫ਼ਰੀਦ ਦੀ ਨਿਮਰਤਾ ਅਤੇ ਸਭ ਦੇ ਦੁੱਖ ਵਿਚ ਕੰਮ ਆਉਣ ਕਰਕੇ ਇਹ ਕਹਾਵਤ ਮਸ਼ਹੂਰ ਹੋਈ।

ਸੰਪਰਕ: 98555-51359

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement