ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਮਰ ਭਰ ਦੇ ਸੰਘਰਸ਼ਾਂ ਦਾ ਨਾਂ ਬਾਬਾ ਬੂਝਾ ਸਿੰਘ

08:57 AM Jul 28, 2023 IST

ਜਸਬੀਰ ਦੀਪ

Advertisement

ਸ਼ਹੀਦ ਸਮਾਜ ਦੀ ਵਿਰਾਸਤ ਹੁੰਦੇ ਹਨ ਤੇ ਸ਼ਹਾਦਤ ਕੁਰਬਾਨੀ ਦੀ ਸਿਖਰ ਹੁੰਦੀ ਹੈ। ਇਨਕਲਾਬੀ ਯੋਧਿਆਂ ਨੇ ਲੁਟੇਰੇ ਆਰਥਿਕ, ਸਮਾਜਿਕ ਤੇ ਸਿਆਸੀ ਪ੍ਰਬੰਧ ਨੂੰ ਵੰਗਾਰਿਆ ਤਾਂ ਕਿ ਭਾਰਤ ਦੀ ਲੁੱਟੀ-ਪੁੱਟੀ ਜਾਂਦੀ ਜਨਤਾ ਦੇ ਜੀਵਨ ਹਾਲਾਤ ਬਦਲੇ ਜਾ ਸਕਣ ਪਰ ਇਹ ਹਾਕਮਾਂ ਨੂੰ ਮਨਜ਼ੂਰ ਨਹੀਂ। ਸਾਡਾ ਸਮਾਜ ਜਮਾਤਾਂ ਵਿਚ ਵੰਡਿਆ ਹੋਇਆ ਹੈ। ਇੱਕ ਲੁਟੇਰੀ ਜਮਾਤ ਤੇ ਇੱਕ ਲੁੱਟ ਹੋਣ ਵਾਲੀ ਜਮਾਤ ਹੈ। ਲੁੱਟ ਹੋਣ ਵਾਲੀ ਜਮਾਤ ਜਦੋਂ ਕੋਈ ਆਪਣੇ ਹੱਕ ਲਈ ਆਵਾਜ਼ ਉਠਾਉਂਦੀ ਹੈ ਤਾਂ ਲੁਟੇਰੀਆਂ ਜਮਾਤਾਂ ਉਸ ਨੂੰ ਬਲ ਪ੍ਰਯੋਗ ਕਰ ਕੇ ਦਬਾ ਦਿੰਦੀਆਂ ਹਨ। ਇਹ ਵਿਰੋਧ ਵਕਤੀ ਤੌਰ ’ਤੇ ਤਾਂ ਦੱਬ ਜਾਂਦਾ ਹੈ ਪਰ ਜਮਾਤੀ ਸਮਾਜ ਅੰਦਰ ਵਿਰੋਧ ਹਮੇਸ਼ਾ ਮੌਜੂਦ ਰਹਿੰਦੇ ਹਨ। ਇਨ੍ਹਾਂ ਨੇ ਵਾਰ ਵਾਰ ਉਭਰ ਕੇ ਸਾਹਮਣੇ ਆਉਣਾ ਹੀ ਆਉਣਾ ਹੈ। ਇਹ ਯੋਧੇ ਦੱਬੀ-ਕੁਚਲੀ ਜਮਾਤ ਦੇ ਲੋਕਾਂ ਦੀ ਬੁੜ ਬੁੜ ਨੂੰ ਬੋਲ ਦੇਣ ਲਈ ਅੱਗੇ ਆਏ ਤੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਨਾਂ ਲਾ ਗਏ। ਆਮ ਆਦਮੀ ਆਪਣੀ ਨਿੱਜੀ ਜ਼ਿੰਦਗੀ ਤੋਂ ਅੱਗੇ ਘੱਟ ਹੀ ਸੋਚਦਾ ਹੈ। ਮਨੁੱਖ ਦੀ ਨਿੱਜੀ ਜ਼ਿੰਦਗੀ ਵਿਚ ਇੰਨੀਆਂ ਦੁਸ਼ਵਾਰੀਆਂ ਕਿਉਂ, ਮਿਹਨਤ ਕਰਨ ਦੇ ਬਾਵਜੂਦ ਮਨੁੱਖ ਨੂੰ ਰੱਜਵੀਂ ਰੋਟੀ ਕਿਉਂ ਨਹੀਂ ਮਿਲਦੀ, ਮਨੁੱਖ ਸਮਾਜਿਕ, ਆਰਥਿਕ ਤੇ ਸਿਆਸੀ ਤੌਰ ’ਤੇ ਬਰਾਬਰ ਕਿਉਂ ਨਹੀਂ ਹੈ? ਜਾਤ-ਪਾਤ, ਜਾਤੀ ਦਾਬਾ ਕਿਉਂ ਹੈ? ਇਸ ਸਮਾਜਿਕ ਵਰਤਾਰੇ ਨੂੰ ਇਨ੍ਹਾਂ ਨੇ ਬਹੁਤ ਜਲਦ ਹੀ ਸਮਝ ਲਿਆ। ਨਿੱਜੀ ਜ਼ਿੰਦਗੀ ਤੋਂ ਵੀ ਕੋਈ ਅੱਗੇ ਜ਼ਿੰਦਗੀ ਹੁੰਦੀ ਹੈ। ਅਜਿਹੇ ਮਹਾਨ ਇਨਕਲਾਬੀ ਸਨ ਜਿਨ੍ਹਾਂ ਦੀ ਇਸ ਅਹਿਸਾਸ ਨੇ ਜ਼ਿੰਦਗੀ ਬਦਲ ਦਿੱਤੀ, ਜਿਨ੍ਹਾਂ ਆਪਣੇ ਨਿੱਜ ਨੂੰ ਤਿਆਗ ਕੇ ਆਪਣਾ ਜੀਵਨ ਲੋਕਾਂ ’ਤੇ ਨਿਛਾਵਰ ਕਰ ਦਿੱਤਾ।
ਕਾਮਰੇਡ ਬੂਝਾ ਸਿੰਘ ਦੀ ਭਾਰਤ ਦੀ ਇਨਕਲਾਬੀ ਲਹਿਰ ਦੇ ਇਤਿਹਾਸ ਅੰਦਰ ਵਿਸ਼ੇਸ਼ ਥਾਂ ਹੈ। 27-28 ਜੁਲਾਈ 1970 ਦੀ ਦਰਮਿਆਨੀ ਰਾਤ ਨੂੰ ਨਕਸਲੀ ਲਹਿਰ ਦੇ ਇਸ ਬਜ਼ੁਰਗ ਆਗੂ ਨੂੰ ਤਤਕਾਲੀ ਸਰਕਾਰ ਨੇ ਝੂਠੇ ਪੁਲੀਸ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਸੀ। ਅੱਸੀ ਸਾਲਾ ਬਜ਼ੁਰਗ ਤੋਂ ਸਰਕਾਰ ਨੂੰ ਭਲਾ ਕੀ ਖਤਰਾ ਹੋ ਸਕਦਾ ਸੀ? ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ, ਜੂਹਬੰਦ ਕੀਤਾ ਜਾ ਸਕਦਾ ਸੀ ਜਾਂ ਜੇਲ੍ਹ ਭੇਜਿਆ ਜਾ ਸਕਦਾ ਸੀ। ਫਿਰ ਵੀ ਕਿਉਂ ਪੁਲੀਸ ਨੇ ਉਨ੍ਹਾਂ ਨੂੰ ਨਗਰ ਪਿੰਡ ਦੇ ਲਾਗਿਉਂ ਚੁੱਕ ਕੇ ਮੁਕਾਬਲੇ ਵਿਚ ਮਾਰ ਮੁਕਾਇਆ। ਕਾਰਲ ਮਾਰਕਸ ਦਾ ਕਥਨ ਹੈ ਕਿ ਸਰਮਾਏਦਾਰੀ ਦੇ ਦੌਰ ਵਿਚ ਇੱਕ ਮਜ਼ਦੂਰ ਆਪਣੇ ਧੜ ਤੱਕ ਤਾਂ ਮਜ਼ਦੂਰ ਹੁੰਦਾ ਹੈ ਪਰ ਉਸ ਦਾ ਸਿਰ ਸਰਮਾਏਦਾਰ ਦਾ ਹੀ ਹੁੰਦਾ ਹੈ। ਉਸ ਸੋਚਦਾ ਸਰਮਾਏਦਾਰ ਵਾਂਗ ਹੀ ਹੈ। ਉਸ ਦੇ ਹੀ ਵਿਚਾਰਾਂ ਨੂੰ ਅਪਣਾਉਂਦਾ ਹੈ। ਹਾਕਮ ਸਮਝਦਾ ਸੀ ਕਿ ਭਾਵੇਂ ਬਾਬਾ 80 ਸਾਲ ਦਾ ਬਜ਼ੁਰਗ ਹੈ ਪਰ ਇਹ ਮਜ਼ਦੂਰਾਂ-ਕਿਸਾਨਾਂ ਦੇ ਸਿਰ ਬਣਾਉਣ ਦਾ ਕੰਮ ਜ਼ਰੂਰ ਕਰ ਸਕਦਾ ਹੈ ਜਿਹੜੇ ਹਕੂਮਤ ਲਈ ਚੁਣੌਤੀ ਬਣ ਸਕਦੇ ਹਨ। ਇਸ ਕਰ ਕੇ ਹਕੂਮਤਾਂ ਨੂੰ ਖਤਰਾ ਵਿਅਕਤੀਆਂ ਤੋਂ ਘੱਟ, ਉਨ੍ਹਾਂ ਦੇ ਵਿਚਾਰਾਂ ਤੋਂ ਜਿ਼ਆਦਾ ਹੈ ਜੋ ਲੁਟੇਰੇ ਰਾਜ ਪ੍ਰਬੰਧ ਦੀ ਪੋਲ ਖੋਲ੍ਹਦੇ ਹਨ।
ਬਾਬਾ ਬੂਝਾ ਸਿੰਘ ਵਹਿੰਦੇ ਦਰਿਆ ਵਾਂਗ ਸਨ। ਉਹ ਹਮੇਸ਼ਾ ਵਗਦੇ ਹੀ ਰਹੇ। ਉਨ੍ਹਾਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਗ਼ਦਰ ਪਾਰਟੀ ਤੋਂ ਲੈ ਕੇ ਨਕਸਲਬਾੜੀ ਤੱਕ ਉਨ੍ਹਾਂ ਦਾ ਅਰੁੱਕ ਸਫ਼ਰ ਜਾਰੀ ਰਿਹਾ। ਗ਼ਦਰ ਲਹਿਰ ਜੋ ਅੰਗਰੇਜ਼ ਸਾਮਰਾਜ ਨੂੰ ਭਾਰਤ ਵਿਚੋਂ ਬਾਹਰ ਕੱਢਣ ਲਈ ਸ਼ੁਰੂ ਹੋਈ ਸੀ, ਉਸ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਗ਼ਦਰ ਲਹਿਰ ਦੀ ਅਸਫ਼ਲਤਾ ਤੋਂ ਬਾਅਦ ਗ਼ਦਰੀ ਇਸ ਦੇ ਕਾਰਨਾਂ ਨੂੰ ਸਮਝਣ ਲਈ ਰੂਸ ਗਏ ਜਿੱਥੇ ਲੈਨਿਨ ਦੀ ਅਗਵਾਈ ਹੇਠ 1917 ਵਿਚ ਪ੍ਰੋਲੇਤਾਰੀ ਇਨਕਲਾਬ ਹੋਇਆ ਸੀ ਤੇ ਜ਼ਾਰਸ਼ਾਹੀ ਨੂੰ ਲਾਹ ਕੇ ਦੁਨੀਆ ਵਿਚ ਪਹਿਲੀ ਵਾਰ ਮਜ਼ਦੂਰਾਂ-ਕਿਸਾਨਾਂ ਦੀ ਸੱਤਾ ਸਥਾਪਤ ਹੋਈ ਸੀ। ਉਹ ਔਖੇ ਰਸਤਿਆਂ ਦਾ ਸਫ਼ਰ ਕਰਦੇ ਹੋਏ ਰੂਸ ਪਹੁੰਚੇ ਅਤੇ ਉਥੇ ਈਸਟਰਨ ਯੂਨੀਵਰਸਿਟੀ ਮਾਸਕੋ ਵਿਚ ਮਾਰਕਸਵਾਦ ਦੀ ਵਿੱਦਿਆ ਹਾਸਲ ਕੀਤੀ ਅਤੇ ਹਥਿਆਰਬੰਦ ਸਿਖਲਾਈ ਪ੍ਰਾਪਤ ਕੀਤੀ। ਦੇਸ਼ ਪਰਤਣ ਉਪਰੰਤ ਉਨ੍ਹਾਂ ਜਨਤਕ ਆਧਾਰ ਵਾਲੀ ਲਹਿਰ ਖੜ੍ਹੀ ਕਰਨ ਲਈ ਜਨਤਕ ਜੱਥੇਬੰਦੀਆਂ ਉਸਾਰਨ ਲਈ ਯਤਨ ਜੁਟਾਏ। ਉਨ੍ਹਾਂ ਗ਼ਦਰ ਪਾਰਟੀ ਤੋਂ ਇਲਾਵਾ ਕਿਰਤੀ ਪਾਰਟੀ, ਕਾਂਗਰਸ ਪਾਰਟੀ, ਲਾਲ ਪਾਰਟੀ, ਸੀਪੀਆਈ, ਸੀਪੀਐੱਮ ’ਚ ਵੀ ਸਰਗਰਮ ਭੂਮਿਕਾ ਨਿਭਾਈ।
1947 ਵਿਚ ਉਨ੍ਹਾਂ ਫਿਰਕਾਪ੍ਰਸਤੀ ਖਿਲਾਫ਼ ਸਰਗਰਮ ਭੂਮਿਕਾ ਨਿਭਾਈ। 1962 ਵਿਚ ਭਾਰਤ-ਚੀਨ ਜੰਗ ਵੇਲੇ ਉਨ੍ਹਾਂ ਨੂੰ ਜੇਲ੍ਹ ਵਿਚ ਰਹਿਣਾ ਪਿਆ। 1964 ਵਿਚ ਸੀਪੀਆਈ ਵਿਚ ਫੁੱਟ ਪੈ ਗਈ ਤੇ ਸੀਪੀਐੱਮ ਬਣੀ। ਸਾਥੀ ਬੂਝਾ ਸਿੰਘ ਸੀਪੀਐੱਮ ਵਿਚ ਸ਼ਾਮਲ ਹੋ ਗਏ। ਇਸ ਨੂੰ ਪੰਜਾਬ ਵਿਚ ਜੱਥੇਬੰਦ ਕੀਤਾ। ਸੀਪੀਐੱਮ ਦੀ ਪੰਜਾਬ ਦੀ ਅਖਬਾਰ ‘ਲੋਕ ਜਮਹੂਰੀਅਤ’ ਦੇ ਸੰਪਾਦਕ ਰਹੇ ਤੇ ‘ਲੋਕ ਲਹਿਰ’ ਅਖ਼ਬਾਰ ਦੇ ਸੰਪਾਦਕੀ ਬੋਰਡ ਦੇ ਮੈਂਬਰ ਰਹੇ। ਨਕਸਲਬਾੜੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਸੀਪੀਐੱਮ ਤੋਂ ਅਸਤੀਫਾ ਦੇ ਦਿੱਤਾ। 22 ਅਪਰੈਲ 1969 ਨੂੰ ਸੀਪੀਆਈ(ਐੱਮਐੱਲ) ਸੂਬਾ ਜੱਥੇਬੰਦਕ ਕਮੇਟੀ ਦੇ ਮੈਂਬਰ ਚੁਣੇ ਗਏ। ਸੱਚੇ ਮਾਰਕਸਵਾਦੀ ਵਾਂਗ ਇਨਕਲਾਬ ਦੀ ਤੜਫ ਉਨ੍ਹਾਂ ਨੂੰ ਹਮੇਸ਼ਾ ਸਮਾਜ ਦੀਆਂ ਤਰੱਕੀਪਸੰਦ ਤਾਕਤਾਂ ਤੋਂ ਜੁਦਾ ਨਹੀਂ ਕਰ ਸਕੀ। ਬਿਰਧ ਅਵਸਥਾ ਵਿਚ ਵੀ ਉਹ ਨਕਸਲਬਾੜੀ ਦੀ ਮਸ਼ਾਲ ਨੂੰ ਲੈ ਕੇ ਤੁਰੇ।
28 ਜੁਲਾਈ ਨੂੰ ਸੀਪੀਆਈ(ਐੱਮਐੱਲ)-ਨਿਊ ਡੈਮੋਕਰੇਸੀ ਪਿੰਡ ਚੱਕ ਮਾਈਦਾਸ ਵਿਖੇ ਬਾਬਾ ਬੂਝਾ ਸਿੰਘ ਦੀ ਬਰਸੀ ਮੌਕੇ ਸਿਆਸੀ ਕਾਨਫਰੰਸ ਕਰ ਰਹੀ ਹੈ ਜਿਸ ਵਿਚ ਬੁਲਾਰੇ ਬਾਬਾ ਬੂਝਾ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਮੌਜੂਦਾ ਹਾਲਾਤ ਉੱਤੇ ਚਾਨਣਾ ਪਾਉਣਗੇ।
ਸੰਪਰਕ: 95015-05900

Advertisement
Advertisement