For the best experience, open
https://m.punjabitribuneonline.com
on your mobile browser.
Advertisement

ਸੋਨਾ ਦੁੱਗਣਾ ਕਰਨ ਦਾ ਝਾਂਸਾ ਦੇਣ ਵਾਲਾ ਬਾਬਾ ਗ੍ਰਿਫ਼ਤਾਰ

08:02 AM Jul 15, 2024 IST
ਸੋਨਾ ਦੁੱਗਣਾ ਕਰਨ ਦਾ ਝਾਂਸਾ ਦੇਣ ਵਾਲਾ ਬਾਬਾ ਗ੍ਰਿਫ਼ਤਾਰ
Advertisement

ਜਗਮੋਹਨ ਸਿੰਘ
ਰੂਪਨਗਰ, 14 ਜੁਲਾਈ
ਔਰਤਾਂ ਨੂੰ ਸੋਨਾ ਦੁੱਗਣਾ ਕਰਨ ਦਾ ਲਾਲਚ ਦੇ ਕੇ ਠੱਗਣ ਵਾਲੇ ਬਾਬੇ ਨੂੰ ਰੂਪਨਗਰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਸਾਥੀਆਂ ਦੀ ਭਾਲ ਜਾਰੀ ਹੈ। ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਤਿੰਨ ਜੁਲਾਈ ਨੂੰ ਬਲਬੀਰ ਸਿੰਘ ਅਤੇ ਉਸ ਦੀ ਪਤਨੀ ਬਿਮਲਾ ਵਾਸੀ ਪਿੰਡ ਸਮੀਰੋਵਾਲ, ਨੂਰਪੁਰ ਬੇਦੀ ਗਏ ਸੀ, ਜਿੱਥੇ ਉਹ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਇੱਕ ਸਾਧੂ ਨੂੰ ਮਿਲੇ। ਸਾਧੂ ਨੇ ਉਨ੍ਹਾਂ ਨੂੰ ਸੋਨਾ ਦੁੱਗਣਾ ਕਰਨ ਦਾ ਝਾਂਸਾ ਦਿੱਤਾ। ਇਸ ’ਤੇ ਬਿਮਲਾ ਦੇਵੀ ਨੇ ਦੋ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਅਖ਼ਬਾਰ ਵਿੱਚ ਲਪੇਟ ਕੇ ਬਾਬੇ ਨੂੰ ਫੜਾ ਦਿੱਤੀਆਂ ਅਤੇ ਬਾਬੇ ਨੇ ਰੁਮਾਲ ਵਿੱਚ ਲਪੇਟਿਆ ਸਾਮਾਨ ਬਿਮਲਾ ਦੇਵੀ ਨੂੰ ਦਿੰਦਿਆਂ ਘਰ ਜਾ ਕੇ ਖੋਲ੍ਹਣ ਲਈ ਕਿਹਾ। ਜਦੋਂ ਬਿਮਲਾ ਦੇਵੀ ਨੇ ਘਰ ਜਾ ਕੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਕੁਝ ਕਾਗਜ਼ ਦੇ ਟੁਕੜੇ ਸਨ। ਪੁਲੀਸ ਨੇ ਇਤਲਾਹ ਮਿਲਣ ’ਤੇ ਨੂਰਪੁਰ ਬੇਦੀ ਥਾਣੇ ਵਿੱਚ ਕੇਸ ਦਰਜ ਕਰ ਕੇ ਕਪਤਾਨ ਪੁਲੀਸ ਇਨਵੈਸਟੀਗੇਸ਼ਨ ਰੂਪਨਗਰ ਤੇ ਉਪ ਕਪਤਾਨ ਪੁਲੀਸ ਸ੍ਰੀ ਆਨੰਦਪੁਰ ਸਾਹਿਬ, ਸੀਆਈਏ ਸਟਾਫ ਰੂਪਨਗਰ ਅਤੇ ਥਾਣਾ ਮੁਖੀ ਨੂਰਪੁਰ ਬੇਦੀ ’ਤੇ ਆਧਾਰਤ ਟੀਮ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਕਿ 13 ਜੁਲਾਈ ਨੂੰ ਸੰਗਤਪੁਰਾ ਪਿੰਡ ਵਿੱਚ ਇੱਕ ਸ਼ੱਕੀ ਸਾਧੂ ਨੂਮਾ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਸ ਦੀ ਪਛਾਣ ਗੁਲਾਮਾਂ ਪੁੱਤਰ ਖੋਖਾ ਵਾਸੀ ਝੁੱਗੀਆਂ ਨੇੜੇ ਜੰਡ ਪੀਰ ,ਮੁਰਾਦਪੁਰਾ ਮਹੱਲਾ, ਤਰਨ ਤਰਨ ਵਜੋਂ ਹੋਈ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣਾ ਕਬੂਲਿਆ। ਮੁਲਜ਼ਮ ਨੂੰ ਨਾਮਜ਼ਦ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement