ਪਿੰਡ ਓਇੰਦ ਦੇ ਖੇਤਾਂ ਵਿੱਚ ਤੇਂਦੂਆਂ ਦਿਖਣ ਕਾਰਨ ਲੋਕ ਸਹਿਮੇ
ਮੋਰਿੰਡਾ (ਸੰਜੀਵ ਤੇਜਪਾਲ)
ਮੋਰਿੰਡਾ ਦੇ ਨੇੜਲੇ ਪਿੰਡਾਂ ਵਿੱਚ ਤੇਂਦੂਏ ਦੇ ਮੁੜ ਦਿਖਾਈ ਦੇਣ ਕਾਰਨ ਲੋਕਾਂ ਵਿੱਚ ਇੱਕ ਵਾਰ ਫਿਰ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਿਸ ਕਾਰਨ ਬੱਚਿਆਂ ਅਤੇ ਪਸ਼ੂਆਂ ਨੂੰ ਇਸ ਤੇਂਦੂਏ ਤੋਂ ਬਚਾਉਣ ਲਈ ਵੀ ਪਿੰਡਾਂ ਦੇ ਗੁਰਦੁਆਰਿਆਂ ਤੋਂ ਅਨਾਉਂਸਮੈਂਟਾਂ ਕੀਤੀਆਂ ਗਈਆਂ ਹਨ। ਪਿੰਡ ਓਇੰਦ ਦੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਬਾਹਰਵਾਰ ਸਥਿਤ ਕਿਸਾਨ ਨਸੀਬ ਸਿੰਘ ਦੇ ਘਰ ਨੇੜੇ ਝੋਨੇ ਦੇ ਦੇ ਖੇਤਾਂ ਵਿੱਚ ਤੇਂਦੂਆ ਦਿਖਾਈ ਦੇਣ, ਉਪਰੰਤ ਜਦੋਂ ਨਸੀਬ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਤੇਂਦੂਏ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਫੋਨ ਆਦਿ ਕੀਤੇ ਗਏ ਤਾਂ ਉਨ੍ਹਾਂ ਵੱਲੋਂ ਇੱਕ ਆਡੀਓ ਸੰਦੇਸ਼ ਵਾਇਰਲ ਕੀਤਾ ਗਿਆ, ਜਿਸ ਉਪਰੰਤ ਉਹ ਖੁਦ ਆਪਣੇ ਸਾਥੀਆਂ ਅਤੇ ਪਿੰਡ ਦੇ ਨੌਜਵਾਨਾਂ ਨਾਲ ਨਸੀਬ ਸਿੰਘ ਦੇ ਘਰ ਨੇੜੇ ਇਸ ਤੇਂਦੂਏ ਦੀ ਭਾਲ ਵਿੱਚ ਮੌਕੇ ’ਤੇ ਪਹੁੰਚ ਗਏ ਪ੍ਰੰਤੂ ਇਹ ਤੇਂਦੂਆ ਨਾਲ ਲੱਗਦੇ ਗੰਨੇ ਦੇ ਖੇਤਾਂ ਵਿੱਚ ਛੁਪ ਜਾਣ ਕਾਰਨ ਅਤੇ ਹਨੇਰਾ ਜ਼ਿਆਦਾ ਹੋ ਜਾਣ ਕਾਰਨ ਕਿਸੇ ਦੇ ਕੁਝ ਵੀ ਹੱਥ ਪੱਲੇ ਨਹੀਂ ਪਿਆ। ਇਸ ਤੇਂਦੂਏ ਦੇ ਮੋਰਿੰਡਾ ਸ੍ਰੀ ਚਮਕੌਰ ਸਾਹਿਬ ਸੜਕ ’ਤੇ ਸਥਿਤ ਇੱਕ ਨਿੱਜੀ ਸਕੂਲ ਦੀ ਕੰਧ ਉੱਤੇ ਚੱਲਣ ਦੀਆਂ ਗਤੀਵਿਧੀਆਂ ਸਕੂਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਣ ਨਾਲ ਸਕੂਲੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।