ਆਜ਼ਮ ਖ਼ਾਨ ਮਕਾਨ ਮਾਲਕ ਦੀ ਕੁੱਟਮਾਰ ਦੇ ਮਾਮਲੇ ’ਚ ਦੋਸ਼ੀ ਕਰਾਰ
ਰਾਮਪੁਰ (ਯੂਪੀ), 29 ਮਈ
ਇੱਥੋਂ ਦੀ ਅਦਾਲਤ ਨੇ ਅੱਜ ਸਮਾਜਵਾਦੀ ਪਾਰਟੀ (ਸਪਾ) ਆਗੂ ਮੁਹੰਮਦ ਆਜ਼ਮ ਖ਼ਾਨ ਨੂੰ ਮਕਾਨ ਮਾਲਕ ਦੀ ਕੁੱਟਮਾਰ ਕਰ ਕੇ ਮਕਾਨ ਉਤੇ ਕਬਜ਼ਾ ਕਰਨ ਦੇ ਅੱਠ ਸਾਲ ਪੁਰਾਣੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਉਧਰ, ਆਜ਼ਮ ਖ਼ਾਨ ਦੀ ਪਤਨੀ ਤਾਜ਼ੀਨ ਫਾਤਿਮਾ ਨੂੰ ਫਰਜ਼ੀ ਜਨਮਦਿਨ ਸਰਟੀਫਿਕੇਟ ਕੇਸ ਵਿੱਚ ਜ਼ਮਾਨਤ ਮਿਲਣ ਮਗਰੋਂ ਅੱਜ ਰਾਮਪੁਰ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਅਲਾਹਾਬਾਦ ਹਾਈ ਕੋਰਟ ਨੇ ਫਰਜ਼ੀ ਸਰਟੀਫਿਕੇਟ ਕੇਸ ਵਿੱਚ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਫਾਤਿਮਾ ਅਤੇ ਪੁੱਤਰ ਅਬਦੁੱਲ੍ਹਾ ਆਜ਼ਮ ਖਾਨ ਨੂੰ 24 ਮਈ ਨੂੰ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ, ਸਪਾ ਆਗੂ ਨੂੰ ਅੱਠ ਸਾਲ ਪੁਰਾਣੇ ਮਾਮਲੇ ਵਿੱਚ ਰਾਹਤ ਨਹੀਂ ਮਿਲੀ। ਆਜ਼ਮ ਖਾਨ ਦੇ ਵਕੀਲ ਵਿਨੋਦ ਸ਼ਰਮਾ ਨੇ ਕਿਹਾ ਕਿ ਰਾਮਪੁਰ ਦੀ ਸੰਸਦ ਮੈਂਬਰਾਂ/ਵਿਧਾਇਕਾਂ ਬਾਰੇ ਵਿਸ਼ੇਸ਼ ਅਦਾਲਤ ਨੇ ਇਸ ਕੇਸ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਹੈ। ਸਰਕਾਰੀ ਵਕੀਲ ਸੀਮਾ ਰਾਣਾ ਨੇ ਕਿਹਾ ਕਿ ਅਦਾਲਤ ਇਸ ਕੇਸ ਸਬੰਧੀ ਫ਼ੈਸਲਾ ਵੀਰਵਾਰ ਨੂੰ ਸੁਣਾਏਗੀ। ਆਜ਼ਮ ਖਾਨ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ੀ ਭੁਗਤੀ। ਪੀੜਤ ਅਬਰਾਰ ਨੇ ਦਸੰਬਰ 2016 ਵਿੱਚ ਆਜ਼ਮ ਖ਼ਾਨ ਤੇ ਸਾਬਕਾ ਸਰਕਲ ਅਧਿਕਾਰੀ ਬਰਕਤ ਅਲੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਕਿਹਾ ਕਿ ਘਰ ਖ਼ਾਲੀ ਕਰਵਾਉਣ ਲਈ ਉਹ ਜਬਰੀ ਉਸ ਦੇ ਘਰ ਅੰਦਰ ਦਾਖ਼ਲ ਹੋਏ, ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਉਸ ਦੀ ਕੁੱਟਮਾਰ ਕੀਤੀ। -ਪੀਟੀਆਈ