ਆਯੁਰਵੈਦਿਕ ਦਵਾਈਆਂ ਦੀ ਡੂੰਘੀ ਜਾਂਚ ਦੀ ਲੋੜ
ਰਾਕੇਸ਼ ਕੋਛੜ
ਸੁਪਰੀਮ ਕੋਰਟ ਨੇ ਐਲੋਪੈਥੀ ਦੇ ਖਿਲਾਫ਼ ਇਸ਼ਤਿਹਾਰਬਾਜ਼ੀ ਅਤੇ ਆਪਣੀਆਂ ਆਯੁਰਵੈਦਿਕ ਦਵਾਈਆਂ ਬਾਰੇ ਝੂਠੇ ਦਾਅਵੇ ਕਰਨ ਬਦਲੇ ਬਾਬਾ ਰਾਮਦੇਵ ਦੀ ‘ਪਤੰਜਲੀ ਆਯੁਰਵੈਦ’ ਕੰਪਨੀ ਦੀ ਭਰਵੀਂ ਖਿਚਾਈ ਕੀਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਪਤੰਜਲੀ ਆਯੁਰਵੈਦ ਨੂੰ ਆਪਣੇ ਉਤਪਾਦਾਂ ਨੂੰ ਹਾਈ ਬਲੱਡ ਪ੍ਰੈਸ਼ਰ, ਦਮਾ, ਦਿਲ ਦੀਆਂ ਬਿਮਾਰੀਆਂ ਆਦਿ ਲਈ ਸਥਾਈ ਰਾਹਤ ਦੇਣ ਵਜੋਂ ਪ੍ਰਚਾਰਨ ਤੋਂ ਵਰਜਿਆ ਸੀ। ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਓਬਜ਼ੈਕਸ਼ਨੇਬਲ ਐਡਵਰਟਾਈਜ਼ਮੈਂਟ) ਐਕਟ-1954 ਇਸ ਤਰ੍ਹਾਂ ਦੀਆਂ 54 ਬਿਮਾਰੀਆਂ ਲਈ ਇਸ਼ਤਿਹਾਰਬਾਜ਼ੀ ਕਰਨ ਦੀ ਮਨਾਹੀ ਕਰਦਾ ਹੈ। ਪਤੰਜਲੀ ਆਯੁਰਵੈਦ ਵਲੋਂ ਬਣਾਈ ਗਈ ਕੋਵਿਡ-19 ਲਈ ਦਵਾਈ ਕੋਰੋਨਿਲ ਬਾਰੇ ਦਾਅਵੇ ’ਤੇ ਵੀ ਕਿੰਤੂ ਕੀਤਾ ਗਿਆ ਸੀ।
ਇਸ ਵਿਵਾਦ ਨਾਲ ਦੋ ਮੁੱਦੇ ਉੱਭਰੇ ਹਨ। ਪਹਿਲਾ ਮੁੱਦਾ ਆਯੁਰਵੈਦਿਕ ਦਵਾਈਆਂ ਦੇ ਅਪੁਸ਼ਟ ਦਾਅਵਿਆਂ ਨਾਲ ਸਬੰਧਿਤ ਹੈ। ਇਨ੍ਹਾਂ ਦਵਾਈਆਂ ਬਾਰੇ ਬਹੁਤੀ ਖੋਜ ਨਹੀਂ ਹੋਈ। ਡਰੱਗ ਕੰਟਰੋਲਰ ਆਫ ਇੰਡੀਆ ਦੀ ਨਿਗਰਾਨੀ ਹੇਠ ਆਧੁਨਿਕ ਦਵਾਈਆਂ ਲਈ ਕਲੀਨਿਕਲ ਟ੍ਰਾਇਲਾਂ ਦਾ ਸਖ਼ਤ ਪੈਮਾਨਾ ਤੈਅ ਕੀਤਾ ਜਾਂਦਾ ਹੈ; ਹੋਰਨਾਂ ਪੱਧਤੀਆਂ ਦੀਆਂ ਦਵਾਈਆਂ ਦੇ ਨੇਮ ਓਨੇ ਸਖ਼ਤ ਨਹੀਂ ਹਨ। ਦੂਜਾ ਮੁੱਦਾ ਆਯੁਰਵੈਦਿਕ ਦਵਾਈਆਂ ਦੇ ਉਲਟ ਪ੍ਰਭਾਵਾਂ ਦਾ ਹੈ। ਜੇ ਢੁਕਵੇਂ ਵਿਗਿਆਨਕ ਕਲੀਨਿਕਲ ਟ੍ਰਾਇਲ (1,2,3 ਪੜਾਵਾਂ) ਕੀਤੇ ਜਾਣ ਅਤੇ ਵਿਕਰੀ ਤੋਂ ਬਾਅਦ ਨਿਗਰਾਨੀ ਰੱਖੀ ਜਾਵੇ ਤਾਂ ਇਸ ਨਾਲ ਹੀ ਉਲਟ ਪ੍ਰਭਾਵਾਂ ਦੀ ਰਿਪੋਰਟਿੰਗ ਹੋ ਜਾਵੇਗੀ।
ਹਰਬਲ ਅਤੇ ਖੁਰਾਕੀ ਸਪਲੀਮੈਂਟਾਂ ਤੇ ਪੂਰਕ ਅਤੇ ਬਦਲਵੀਂ ਦਵਾਈ (ਸੀਏਐੱਮ ਜਾਂ ਕੈਮ) ਵਿਚਕਾਰ ਫ਼ਰਕ ਕਰਨਾ ਅਹਿਮ ਗੱਲ ਹੈ। ਹਰਬਲ ਤੇ ਖੁਰਾਕੀ ਸਪਲੀਮੈਂਟ ਯੂਐੱਸ ਐੱਫਡੀਏ ਤਹਿਤ ਮੂੰਹ ਰਾਹੀਂ ਲਏ ਜਾਣ ਵਾਲੇ ਅਜਿਹੇ ਉਤਪਾਦਾਂ ਵਜੋਂ ਪਰਿਭਾਸ਼ਤ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਖੁਰਾਕ ਵਿਚ ਵਾਧਾ ਕਰਨ ਵਾਲੇ ਵਿਟਾਮਿਨ, ਖਣਿਜ ਅਤੇ ਔਸ਼ਧੀਆਂ ਜਿਹੇ ਤੱਤ ਸ਼ਾਮਿਲ ਹੁੰਦੇ ਹਨ। ਦੂਜੇ ਬੰਨੇ ਕੈਮ ਥੈਰੇਪੀਆਂ ਪੁਰਾਤਨ ਲਿਖਤਾਂ ਅਤੇ ਰਵਾਇਤੀ ਵਿਸ਼ਵਾਸਾਂ ’ਤੇ ਆਧਾਰਿਤ ਹਨ ਜਿਵੇਂ ਚੀਨੀ, ਆਯੁਰਵੈਦਿਕ ਅਤੇ ਯੂਨਾਨੀ ਦਵਾਈਆਂ।
ਆਯੁਰਵੈਦ ਇਕ ਪੁਰਾਤਨ ਚਕਿਤਸਾ ਪ੍ਰਣਾਲੀ ਹੈ ਜਿਸ ਦੀ ਉਤਪਤੀ ਭਾਰਤ ਵਿਚ ਹੋਈ ਸੀ। ਮੰਨਿਆ ਜਾਂਦਾ ਹੈ ਕਿ ਇਸ ਦੀ ਉਤਪਤੀ ਭਗਵਾਨ ਧਨਵੰਤਰੀ ਵਲੋਂ ਕੀਤੀ ਗਈ ਸੀ ਅਤੇ ਇਸ ਦਾ ਬਿਓਰਾ ਸੁਸ਼੍ਰਤ ਸੰਹਿਤਾ ਤੇ ਚਰਕ ਸੰਹਿਤਾ ਵਿਚ ਮਿਲਦਾ ਹੈ। ਆਯੁਰਵੈਦ ਇਸ ਧਾਰਨਾ ’ਤੇ ਆਧਾਰਿਤ ਹੈ ਕਿ ਸਰੀਰ ਦੇ ਵਾਤ, ਪਿੱਤ ਅਤੇ ਕਫ਼ ਦੋਸ਼ਾਂ ਵਿਚਕਾਰ ਅਸੰਤੁਲਨ ਹੋਣ ਕਰ ਕੇ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜਿ਼ਆਦਾਤਰ ਆਯੁਰਵੈਦਿਕ ਦਵਾਈਆਂ ਰੁੱਖਾਂ ਅਤੇ ਜੜੀਆਂ ਬੂਟੀਆਂ ਤੋਂ ਲਈਆਂ ਜਾਂਦੀਆਂ ਹਨ। ਹਰਬਲ ਦਵਾਈਆਂ ਵਿਚ ਸੋਨੇ, ਸੰਖੀਆ, ਸੀਸਾ (ਲੈੱਡ) ਅਤੇ ਸਲਫਰ ਜਿਹੀਆਂ ਧਾਤਾਂ ਦੀ ਪੁੱਠ ਦਿੱਤੀ ਜਾਂਦੀ ਹੈ ਜਿਸ ਨੂੰ ਰਸ ਸ਼ਾਸਤਰ ਕਿਹਾ ਜਾਂਦਾ ਹੈ।
ਦੂਜੇ ਪਾਸੇ, ਐਲੋਪੈਥਿਕ ਦਵਾਈਆਂ ਨੂੰ ਸੰਸਾਰ ਸਿਹਤ ਸੰਸਥਾ ਵਲੋਂ ਵਡੇਰੇ ਤੌਰ ’ਤੇ ਸਬੂਤ ਆਧਾਰਿਤ ਦਵਾ ਜਾਂ ਆਧੁਨਿਕ ਦਵਾ ਦੀ ਚਕਿਤਸਾ ਪੱਧਤੀ ਕਰਾਰ ਦਿੱਤਾ ਜਾਂਦਾ ਹੈ ਜੋ ਪੱਛਮ ਤੋਂ ਪ੍ਰਚੱਲਤ ਹੋਈ ਸੀ। ਆਧੁਨਿਕ ਚਕਿਤਸਾ ਪੱਧਤੀ ਪਹਿਲਾਂ ਜਾਂਚ ਕਰ ਕੇ ਰੋਗ ਦੇ ਲੱਛਣ ਨਿਰਧਾਰਤ ਕਰਦੀ ਹੈ ਅਤੇ ਫਿਰ ਉਸ ਦਾ ਇਲਾਜ ਸ਼ੁਰੂ ਕਰਦੀ ਹੈ; ਆਯੁਰਵੈਦ ਪੱਧਤੀ ਲੱਛਣਾਂ ਦੇ ਇਲਾਜ ’ਤੇ ਜਿ਼ਆਦਾ ਟੇਕ ਰੱਖਦੀ ਹੈ। ਪੱਛਮੀ ਦੇਸ਼ਾਂ ਵਿਚ ਐਲੋਪੈਥਿਕ ਦਵਾਈਆਂ ਦੀ ਵਿਆਪਕ ਵਰਤੋਂ ਕਰ ਕੇ ਰੋਗ ਦੇ ਕਾਰਨਾਂ ਅਤੇ ਇਲਾਜ ਨੂੰ ਸਮਝਣ ਲਈ ਬਹੁਤ ਜਿ਼ਆਦਾ ਵਿਗਿਆਨਕ ਨਿਵੇਸ਼ ਹੋਇਆ ਹੈ। ਸਿੱਟੇ ਵਜੋਂ ਅਸੀਂ ਹਰ ਦਵਾ ਦੇ ਰਸਾਇਣਕ ਢਾਂਚੇ, ਇਸ ਦੇ ਐਕਸ਼ਨ ਦੀ ਹਰ ਜਗ੍ਹਾ ਅਤੇ ਇਸ ਦੇ ਉਲਟ ਅਸਰਾਂ ਨੂੰ ਜਾਣਦੇ ਹਾਂ ਪਰ ਇਹ ਗੱਲ ਆਯੁਰਵੈਦਿਕ ਦਵਾਈਆਂ ਮੁਤੱਲਕ ਨਹੀਂ ਆਖੀ ਜਾ ਸਕਦੀ।
ਇਸ ਮਾਮਲੇ ਵਿਚ ਕੀ ਕੁਝ ਕੀਤਾ ਜਾ ਸਕਦਾ ਹੈ, ਇਸ ਦੀ ਮਿਸਾਲ ਚੀਨ ’ਚੋਂ ਲੱਭੀ ਗਈ ਮਲੇਰੀਆ ਰੋਕੂ ਦਵਾ ਤੋਂ ਮਿਲਦੀ ਹੈ। ਇਹ ਚੀਨੀ ਬੂਟੀ ਚਿੰਗਹਾਓ (ਆਰਟੀਮੀਸੀਆ ਐਨੂਆ ਜਾਂ ਸਵੀਟ ਵੌਰਮਵੁੱਡ) ਸੀ ਜੋ ਚੀਨ ਵਿਚ ਦੋ ਹਜ਼ਾਰ ਸਾਲਾਂ ਤੋਂ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਸੀ। 1971 ਵਿਚ ਇਸ ਦੇ ਮਲੇਰੀਆ ਰੋਕੂ ਸਿਧਾਂਤ ਦੀ ਖੋਜ ਚੀਨੀ ਵਿਗਿਆਨੀ ਤੂ ਯੂਯੂ ਨੇ ਕੀਤੀ ਸੀ। ਇਸ ਦੀ ਰਸਾਇਣਕ ਸੰਰਚਨਾ ਦੀ ਪਛਾਣ 1976 ਵਿੱਚ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਦੀ ਵਧੇਰੇ ਕਾਰਗਰ ਵਰਤੋਂ ਦਾ ਰਾਹ ਪੱਧਰਾ ਹੋਇਆ। ਇਸ ਸਮੇਂ ਦੁਨੀਆ ਭਰ ਵਿੱਚ ਫਾਲਸੀਪੈਰਮ ਮਲੇਰੀਆ ਦੇ ਇਲਾਜ ਲਈ ਆਰਟੀਸੁਨੇਟ ਦਵਾ ਦੀ ਵਰਤੋਂ ਕੀਤੀ ਜਾਂਦੀ ਹੈ।
ਆਯੁਰਵੈਦਿਕ ਦਵਾਈਆਂ ਹਮੇਸ਼ਾ ਸੁਰੱਖਿਅਤ ਵੀ ਨਹੀਂ ਹੁੰਦੀਆਂ ਅਤੇ ਕਈ ਵਾਰ ਇਨ੍ਹਾਂ ਦੇ ਉਲਟ ਪ੍ਰਭਾਵ ਹੁੰਦੇ ਹਨ। ਆਮ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਕੁਦਰਤੀ ਤੱਤਾਂ ਤੋਂ ਬਣੀਆਂ ਹੋਣ ਕਰ ਕੇ ਸੁਰੱਖਿਅਤ ਹੁੰਦੀਆਂ ਹਨ ਪਰ ਇਨ੍ਹਾਂ ਨੂੰ ਤਿਆਰ ਕਰਨ ਦੇ ਤੌਰ ਤਰੀਕੇ ਮਿਆਰੀ ਨਹੀਂ ਹੁੰਦੇ ਅਤੇ ਇਨ੍ਹਾਂ ਵਿਚ ਅਸ਼ੁੱਧੀਆਂ ਹੁੰਦੀਆਂ ਹਨ। ਪੀਜੀਆਈਐੱਮਈਆਰ ਦੇ ਅਧਿਐਨ ਜੋ ਕੈਂਬ੍ਰਿਜ ਦੀ ਟੌਕਸੀਕੋਲੋਜੀ ਰਿਸਰਚ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਹੋਇਆ ਸੀ, ਤੋਂ ਪਤਾ ਲੱਗਿਆ ਸੀ ਕਿ ਦੁਕਾਨਾਂ ਵਿੱਚ ਵੱਡੇ ਪੱਧਰ ’ਤੇ ਵਿਕਦੀਆਂ 43 ਆਯੁਰਵੈਦਿਕ ਦਵਾਈਆਂ ਵਿੱਚ ਜਿ਼ੰਕ, ਪਾਰਾ, ਸੰਖੀਆ ਅਤੇ ਸੀਸੇ ਦੀ ਮਾਤਰਾ ਪ੍ਰਵਾਨਿਤ ਹੱਦ ਤੋਂ ਜਿ਼ਆਦਾ ਪਾਈ ਗਈ ਸੀ।
ਇਸ ਤੋਂ ਪਹਿਲਾਂ ਬੋਸਟਨ (ਅਮਰੀਕਾ) ਦੇ ਅਧਿਐਨ ਵਿੱਚ 230 ਆਯੁਰਵੈਦਿਕ ਦਵਾਈਆਂ ਦੀ ਜਾਂਚ ਕੀਤੀ ਗਈ ਤਾਂ ਅਮਰੀਕਾ ਵਿੱਚ ਤਿਆਰ ਹੋਣ ਵਾਲੀਆਂ ਅਤੇ ਭਾਰਤ ਵਿੱਚ ਤਿਆਰ ਹੋਣ ਵਾਲੀਆਂ ਦਵਾਈਆਂ ਵਿਚ ਇਕੋ ਜਿੰਨੀ ਮਾਤਰਾ (ਅੰਦਾਜ਼ਨ 20 ਫ਼ੀਸਦੀ) ਵਿੱਚ ਧਾਤਾਂ ਦੇ ਅੰਸ਼ ਪਾਏ ਗਏ। ਇਨ੍ਹਾਂ ’ਚੋਂ ਮੁੱਖ ਤੌਰ ’ਤੇ ਸੀਸੇ ਅਤੇ ਪਾਰੇ ਦੀਆਂ ਧਾਤਾਂ ਦੀ ਪਛਾਣ ਹੋਈ ਅਤੇ ਰਸ ਸ਼ਾਸਤਰ ਵਾਲੀਆਂ ਦਵਾਈਆਂ ਵਿੱਚ ਗ਼ੈਰ ਰਸ ਸ਼ਾਸਤਰ ਦਵਾਈਆਂ ਨਾਲੋਂ ਜਿ਼ਆਦਾ ਮਾਤਰਾ ਵਿੱਚ ਧਾਤਾਂ ਦੇ ਅੰਸ਼ ਨਿੱਕਲੇ। ਅਜਿਹੀਆਂ ਰਿਪੋਰਟਾਂ ਦੀ ਸੰਖਿਆ ਵਧ ਰਹੀ ਹੈ ਜਿਨ੍ਹਾਂ ਵਿੱਚ ਕੈਮ (ਆਯੁਰਵੈਦਿਕ ਸਣੇ) ਦਵਾਈਆਂ ਵਿੱਚ ਜਿਗਰ, ਗੁਰਦਿਆਂ ਅਤੇ ਚਮੜੀ ’ਤੇ ਉਲਟ ਪ੍ਰਭਾਵ ਪਾਉਣ ਦੀ ਗੱਲ ਕਹੀ ਗਈ ਹੈ।
ਆਮ ਵਰਤੋਂ ਦੀਆਂ ਆਯੁਰਵੈਦਿਕ ਦਵਾਈਆਂ ਵਿੱਚ ਵਰਤੀ ਜਾਂਦੀ ਸਮੱਗਰੀ, ਇਨ੍ਹਾਂ ਦੇ ਕਾਰਗਰ ਹੋਣ ਅਤੇ ਉਲਟ ਪ੍ਰਭਾਵਾਂ ਬਾਰੇ ਖੋਜ ਕਰਨ ਦੀ ਲੋੜ ਹੈ। ਇਸ ਲਈ ਬਹੁਵਿਸ਼ਾਈ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ ਅਤੇ ਆਧੁਨਿਕ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਵਾਜਿਬ ਪਰਿਕਲਪਨਾ (ਹਾਇਪੋਥੀਸਿਸ) ਦੇ ਆਧਾਰ ’ਤੇ ਪ੍ਰੀ-ਕਲੀਨਿਕਲ ਅਧਿਐਨਾਂ ਤੋਂ ਲੈ ਕੇ ਵਸਤੂਗਤ ਸਿਟਿਆਂ ਤੱਕ ਵਿਆਪਕ ਕਲੀਨਿਕਲ ਟ੍ਰਾਇਲ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਨਿਗਰਾਨੀ ਦੀਆਂ ਮੱਦਾਂ ਵੀ ਸਖ਼ਤ ਕਰਨ ਅਤੇ ਇਨ੍ਹਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
*ਲੇਖਕ ਇੰਡੀਅਨ ਸੁਸਾਇਟੀ ਆਫ ਗੈਸਟਰੋਐਂਟ੍ਰੋਲੋਜੀ ਦੇ ਸਾਬਕਾ ਪ੍ਰਧਾਨ ਹਨ।