ਅਯੁੱਧਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਕਈ ਪ੍ਰਾਜੈਕਟਾਂ ਨੂੰ ਦੇਣਗੇ ਹਰੀ ਝੰਡੀ
ਨਵੀਂ ਦਿੱਲੀ, 28 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਅਯੁੱਧਿਆ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰੇਲਵੇ ਸਟੇਸ਼ਨ ਤੇ ਹਵਾਈ ਅੱਡੇ ਦਾ ਉਦਘਾਟਨ ਕਰਨਗੇ, ਦੋ ਨਵੀਆਂ ਅੰਮ੍ਰਿਤ ਭਾਰਤ ਅਤੇ ਛੇ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਅੱਜ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ, ਅਯੁੱਧਿਆ ਧਾਮ ਰੱਖਿਆ ਜਾਵੇਗਾ। ਪੀਐੱਮਓ ਨੇ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ 11,100 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਅਤੇ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ ਲਈ 4,600 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਪੀਐੱਮਓ ਨੇ ਕਿਹਾ,‘‘ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਅਯੁੱਧਿਆ ਵਿੱਚ ਆਧੁਨਿਕ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਵਿਕਾਸ, ਸੰਪਰਕ ’ਚ ਸੁਧਾਰ ਅਤੇ ਸ਼ਹਿਰ ਦੇ ਅਮੀਰ ਇਤਿਹਾਸ ਤੇ ਵਿਰਾਸਤ ਅਨੁਸਾਰ ਇਥੇ ਨਾਗਰਿਕ ਸੇਵਾਵਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ।’’
ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਇੱਕ ਨਵਾਂ ਹਵਾਈ ਅੱਡਾ, ਪੁਨਰਵਿਕਸਤ ਰੇਲਵੇ ਸਟੇਸ਼ਨ, ਨਵੀਆਂ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ। -ਪੀਟੀਆਈ
ਅਯੁੱਧਿਆ ’ਚ ਰਾਮ ਮੰਦਰ ਅਤੇ ਨਵੇਂ ਹਵਾਈ ਅੱਡੇ ਦੀਆਂ ਤਸਵੀਰਾਂ ਵਾਲੇ ਪੋਸਟਰ ਲਾਏ
ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਰ ਅਤੇ ਨਵੇਂ ਹਵਾਈ ਅੱਡੇ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਗਏ ਹਨ। ਇਨ੍ਹਾਂ ’ਤੇ ਅਯੁੱਧਿਆ ਨੂੰ ‘ਮਰਿਆਦਾ, ਧਰਮ ਅਤੇ ਸੰਸਕ੍ਰਿਤੀ’ ਦਾ ਸ਼ਹਿਰ ਦਰਸਾਉਣ ਵਾਲੇ ਸੰਦੇਸ਼ ਲਿਖੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਨਵੇਂ ਹਵਾਈ ਅੱਡੇ ਅਤੇ ਮੁੜ ਵਿਕਸਤ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਉਹ ਹਵਾਈ ਅੱਡੇ ਤੋਂ ਸਟੇਸ਼ਨ ਤੱਕ ਰੋਡ ਸ਼ੋਅ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। 22 ਜਨਵਰੀ ਨੂੰ ਰਾਮ ਮੰਦਰ ਵਿੱਚ ਮੂਰਤੀ ਸਥਾਪਨਾ ਸਮਾਗਮ ਹੋਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਵੀ ਸ਼ਿਰਕਤ ਕਰਨਗੇ। ਸਟੇਸ਼ਨ ਦੀ ਨਵੀਂ ਇਮਾਰਤ ਦੇ ਸਾਹਮਣੇ ਅਤੇ ਸਟੇਸ਼ਨ ਰੋਡ ਦੇ ਨਾਲ-ਨਾਲ ਵੱਡੇ-ਵੱਡੇ ਪੋਸਟਰ ਲਗਾਏ ਗਏ ਹਨ। ਸਟੇਸ਼ਨ ਦੀ ਨਵੀਂ ਬਿਲਡਿੰਗ ਦੇ ਵਰਾਂਡੇ ਕੋਲ ਲੱਗੇ ਪੋਸਟਰ ਵਿੱਚ ਨਿਰਮਾਣ ਅਧੀਨ ਰਾਮ ਮੰਦਰ ਦੀ ਤਸਵੀਰ ਛਾਪੀ ਗਈ ਹੈ ਅਤੇ ਅਯੁੱਧਿਆ ਵਿਚ ਪਤਵੰਤਿਆਂ ਅਤੇ ਹੋਰਾਂ ਦਾ ਸਵਾਗਤ ਕਰਨ ਵਾਲਾ ਸੰਦੇਸ਼ ਲਿਖਿਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹਵਾਲੇ ਨਾਲ ਲਿਖੇ ਸੰਦੇਸ਼ ’ਚ ਕਿਹਾ ਗਿਆ ਹੈ, ‘‘ਮਰਿਆਦਾ, ਧਰਮ ਅਤੇ ਸੰਸਕ੍ਰਿਤੀ ਦੀ ਨਗਰੀ ਅਵਧਪੁਰੀ ਵਿੱਚ ਆਉਣ ਵਾਲੇ ਸਾਰੇ ਸੰਤਾਂ, ਪਤਵੰਤਿਆਂ, ਸ਼ਰਧਾਲੂਆਂ, ਸੈਲਾਨੀਆਂ ਅਤੇ ਨਾਗਰਿਕਾਂ ਦਾ ਸਵਾਗਤ ਹੈ।’’ ਹਨੇਰਾ ਹੋਣ ਤੋਂ ਬਾਅਦ ਜਦੋਂ ਰੇਲਵੇ ਦੀਆਂ ਪੁਰਾਣੀਆਂ ਅਤੇ ਨਵੀਂਆਂ ਇਮਾਰਤਾਂ ਨੂੰ ਗੁਲਾਬੀ ਲਾਈਟਾਂ ਨਾਲ ਸਜਾਇਆ ਗਿਆ ਤਾਂ ਕਈ ਯਾਤਰੀ, ਸੁਰੱਖਿਆ ਕਰਮਚਾਰੀ ਅਤੇ ਹੋਰ ਲੋਕ ਨਵੇਂ ਸਟੇਸ਼ਨ ਅਤੇ ਪੋਸਟਰਾਂ ਦੀਆਂ ਤਸਵੀਰਾਂ ਲੈਂਦੇ ਦੇਖੇ ਗਏ। ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ ’ਤੇ ਇਕ ਹੋਰ ਵੱਡਾ ਪੋਸਟਰ ਲਗਾਇਆ ਗਿਆ ਹੈ, ਜਿਸ ’ਤੇ ਅਯੁੱਧਿਆ ਦੇ ਨਵੇਂ ਹਵਾਈ ਅੱਡੇ ਦੀ ਤਸਵੀਰ ਅਤੇ ਵਧਾਈ ਸੰਦੇਸ਼ ਲਿਖਿਆ ਗਿਆ ਹੈ। -ਪੀਟੀਆਈ
ਰਾਮ ਮੰਦਰ ਦਾ ਉਦਘਾਟਨ ਸਿਰਫ ‘ਭਾਜਪਾ ਦਾ ਸਮਾਗਮ’: ਸੰਜੈ ਰਾਊਤ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਵਾਲਾ ਰਾਮ ਮੰਦਰ ਦਾ ਉਦਘਾਟਨ ਕੋਈ ਕੌਮੀ ਸਮਾਗਮ ਨਹੀਂ ਬਲਕਿ ‘ਭਾਜਪਾ ਦਾ ਸਮਾਗਮ’ ਹੈ। ਉਨ੍ਹਾਂ ਇਹ ਗੱਲ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਦੇ ਮੂਰਤੀ ਸਥਾਪਨਾ ਸਮਾਗਮ ਵਿੱਚ ਹਿੱਸਾ ਲੈਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕਹੀ। ਉਨ੍ਹਾਂ ਕਿਹਾ, ‘‘ਠਾਕਰੇ ਜ਼ਰੂਰ ਜਾਣਗੇ ਪਰ ਭਾਜਪਾ ਦਾ ਸਮਾਗਮ ਖਤਮ ਹੋਣ ਤੋਂ ਬਾਅਦ। ਕੋਈ ਭਾਜਪਾ ਦੇ ਸਮਾਗਮ ਵਿੱਚ ਕਿਉਂ ਜਾਵੇ ? ਇਹ ਕੋਈ ਕੌਮੀ ਸਮਾਗਮ ਨਹੀਂ ਹੈ। ਭਾਜਪਾ ਇਸ ਸਮਾਗਮ ਲਈ ਰੈਲੀਆਂ ਤੇ ਪ੍ਰਚਾਰ ਕਰ ਰਹੀ ਹੈ ਪਰ ਇਸ ’ਚ ਪਵਿੱਤਰਤਾ ਕਿੱਥੇ ਹੈ।’’ ਰਾਜ ਸਭਾ ਮੈਂਬਰ ਨੇ ਕਿਹਾ,‘‘ਭਾਜਪਾ ਚਾਹੁੰਦੀ ਹੈ ਕਿ ਦੇਸ਼ ਬੇਰੁਜ਼ਗਾਰੀ, ਮਹਿੰਗਾਈ ਤੇ ਮਨੀਪੁਰ ਵਰਗੇ ਮੁੱਦੇ ਭੁੱਲ ਜਾਵੇ।’’ ਉਨ੍ਹਾਂ ਕਿਹਾ ਸ਼ਿਵ ਸੈਨਾ ਦੇ ਵਰਕਰਾਂ ਨੇ ਇਸ ਮੰਦਰ ਲਈ ਆਪਣਾ ਖੂਨ ਵਹਾਇਆ ਹੈ। -ਪੀਟੀਆਈ