ਅਯੁੱਧਿਆ ਮਸਜਿਦ ਟਰੱਸਟ ਵੱਲੋਂ ਚਾਰ ਕਮੇਟੀਆਂ ਭੰਗ
ਲਖਨਊ: ਅਯੁੱਧਿਆ ਵਿੱਚ ਧਨੀਪੁਰ ਮਸਜਿਦ ਦੇ ਨਿਰਮਾਣ ਦੀ ਨਿਗਰਾਨੀ ਲਈ ਸੁੰਨੀ ਸੈਂਟਰਲ ਵਕਫ਼ ਬੋਰਡ ਵੱਲੋਂ ਸਥਾਪਤ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ (ਆਈਆਈਸੀਐੱਫ) ਨੇ ਚਾਰ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਧਾਰਮਿਕ ਸਥਾਨ ਦੇ ਵਿਕਾਸ ਨਾਲ ਸਬੰਧਤ ਕਮੇਟੀ ਵੀ ਸ਼ਾਮਲ ਹੈ। ਇਹ ਫ਼ੈਸਲਾ ਮੁੱਖ ਟਰੱਸਟੀ ਅਤੇ ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਚੇਅਰਮੈਨ ਜ਼ਫ਼ਰ ਫ਼ਾਰੂਖ਼ੀ ਦੀ ਪ੍ਰਧਾਨਗੀ ’ਚ ਆਈਆਈਸੀਐੱਫ ਦੀ ਮੀਟਿੰਗ ’ਚ ਲਿਆ ਗਿਆ। ਆਈਆਈਸੀਐੱਫ ਮੈਂਬਰਾਂ ਨੇ ਕਿਹਾ ਕਿ ਮਸਜਿਦ ਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਇਕੱਠੇ ਨਹੀਂ ਕੀਤੇ ਜਾ ਸਕੇ। ਉਨ੍ਹਾਂ ਮੰਨਿਆ ਕਿ ਪਿਛਲੇ ਚਾਰ ਸਾਲਾਂ ਵਿੱਚ ‘ਕਰੀਬ ਇੱਕ ਕਰੋੜ ਰੁਪਏ ਇਕੱਠੇ ਕੀਤੇ ਗਏ ਹਨ।’ ਮਸਜਿਦ ਨੂੰ ਭੀੜ ਨੇ ਦਸੰਬਰ, 1992 ਵਿੱਚ ਢਾਹ ਦਿੱਤਾ ਸੀ। ਇਸ ਮਗਰੋਂ ਪੰਜ ਸਾਲ ਪਹਿਲਾਂ ਧਨੀਪੁਰ ਵਿੱਚ ਮਸਜਿਦ ਲਈ ਪੰਜ ਏਕੜ ਜਗ੍ਹਾ ਅਲਾਟ ਕੀਤੀ ਸੀ। ਆਈਆਈਸੀਐੱਫ ਸਕੱਤਰ ਅਤਹਰ ਹੁਸੈਨ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ, ਵਿੱਤ ਕਮੇਟੀ, ਵਿਕਾਸ ਕਮੇਟੀ ਅਤੇ ਮੀਡੀਆ ਤੇ ਪ੍ਰਚਾਰ ਕਮੇਟੀ ਨੂੰ ਭੰਗ ਕੀਤਾ ਗਿਆ ਹੈ। -ਪੀਟੀਆਈ