ਸੋਲਰ ਪਲਾਂਟ ਲਾਉਣ ਵਾਸਤੇ ਜੰਗਲੀ ਰਕਬੇ ’ਤੇ ਚਲਾਈ ਕੁਹਾੜੀ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 4 ਫਰਵਰੀ
ਸਥਾਨਕ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਬੀਤ ਦੇ ਜੰਗਲ ਵਿੱਚ ਸੋਲਰ ਕੰਪਨੀ ਵੱਲੋਂ ਪਲਾਂਟ ਲਾਉਣ ਲਈ ਕਈ ਏਕੜ ਜੰਗਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੰਗਲਾਤ ਵਿਭਾਗ ਅਧੀਨ ਪੈਂਦਾ ਇਹ ਰਕਬਾ ਖੇਤਰ ਦੇ ਪੰਜ ਪਿੰਡਾਂ ਭਵਾਨੀਪੁਰ, ਅਚਲਪੁਰ, ਭਵਾਨੀਪੁਰ ਭਗਤਾਂ, ਕਾਣੇਵਾਲ ਅਤੇ ਰਤਨਪੁਰ ਦਾ ਹੈ। ਇੱਥੇ 100 ਏਕੜ ਤੋਂ ਵੱਧ ਜੰਗਲੀ ਰਕਬਾ ਸਾਫ਼ ਕਰ ਕੇ ਹਜ਼ਾਰਾਂ ਦਰੱਖਤ ਵੱਢੇ ਗਏ ਹਨ। ਇਸ ਦੇ ਵਿਰੋਧ ਵਿੱਚ ਇਲਾਕਾ ਵਾਸੀਆਂ ਨੇ ਅੱਜ ਵਰ੍ਹਦੇ ਮੀਂਹ ਵਿੱਚ ਭਾਰੀ ਇਕੱਠ ਕੀਤਾ ਅਤੇ ਜੰਗਲਾਤ ਵਿਭਾਗ ’ਤੇ ਇਸ ਸਬੰਧੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਉਧਰ ਵਣ ਵਿਭਾਗ ਵੱਲੋਂ ਸਬੰਧਤ ਸੋਲਰ ਕੰਪਨੀ ਨੂੰ ਨੋਟਿਸ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਪਿੰਡ ਭਵਾਨੀਪੁਰ ਦੇ ਸਰਪੰਚ ਹਰਜਿੰਦਰ ਸਿੰਘ, ਕੈਪਟਨ ਰਾਜਿੰਦਰ ਸਿੰਘ, ਅਮਰੀਕ ਸਿੰਘ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀ ਹੱਦ ਪਿੰਡ ਚਾਂਦਪੁਰ ਰੁੜਕੀ ਨਾਲ ਲੱਗਦੀ ਹੈ ਅਤੇ ਜੰਗਲ ਵਿੱਚ ਸੋਲਰ ਕੰਪਨੀ ਵੱਲੋਂ ਸਬੰਧਤ ਪੰਚਾਇਤਾਂ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਇੱਥੇ ਨਿੱਜੀ ਜ਼ਮੀਨ ਮਾਲਕਾਂ ਨੂੰ ਦੱਸੇ ਬਿਨਾਂ ਹੀ ਸੋਲਰ ਪਲਾਂਟ ਲਗਾਇਆ ਜਾ ਰਿਹਾ ਹੈ। ਕੰਪਨੀ ਵੱਲੋਂ ਕਰੀਬ 100 ਏਕੜ ਤੋਂ ਵੱਧ ਜੰਗਲ ਨੂੰ ਕੱਟ ਕੇ ਸਾਫ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਕਬਾ ਜੰਗਲਾਤ ਐਕਟ ਦੀ ਧਾਰਾ 4 ਤੇ 5 ਵਿੱਚ ਪੈਂਦਾ ਹੈ ਜਿਸ ਅਧੀਨ ਇਸ ਇਲਾਕੇ ਵਿੱਚ ਕੋਈ ਵੀ ਵਪਾਰਕ ਗਤੀਵਿਧੀ ਕਰਨ ਦੀ ਸਖ਼ਤ ਮਨਾਹੀ ਹੈ ਪਰ ਵਿਭਾਗ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਜੰਗਲ ਦੀ ਤਬਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰਕਬੇ ਵਿੱਚ ਪੰਜ ਪਿੰਡਾਂ ਦੇ ਲੋਕਾਂ ਦਾ ਨਿੱਜੀ ਤੇ ਪੰਚਾਇਤੀ ਰਕਬਾ ਵੀ ਪੈਂਦਾ ਹੈ ਜਿੱਥੇ ਸੈਂਕੜੇ ਦਰੱਖਤ ਬਿਨਾਂ ਕਿਸੇ ਮਨਜ਼ੂਰੀ ਤੋਂ ਕੱਟੇ ਗਏ ਹਨ। ਉਨ੍ਹਾਂ ਸਬੰਧਤ ਕੰਪਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਅਮਰੀਕ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਸਰਦਾਰਾ ਸਿੰਘ, ਭਾਗ ਸਿੰਘ, ਜੋਗਾ ਸਿੰਘ, ਕਾਲਾ, ਰਾਮ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਤੇਲੂ ਰਾਮ, ਜੀਤ ਸਿੰਘ, ਸ਼ਮਸ਼ੇਰ ਸਿੰਘ, ਹਰਦੀਪ ਸਿੰਘ, ਮਨਵੀਰ ਸਿੰਘ, ਸੰਦੀਪ ਸਿੰਘ, ਭੁਪਿੰਦਰ ਸਿੰਘ, ਹਰਸ਼ਦੀਪ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਜੰਗਲਾਤ ਵਿਭਾਗ ਦੇ ਡੀਐੱਫਓ ਹਰਭਜਨ ਸਿੰਘ ਨੇ ਦੱਸਿਆ ਕਿ ਬਿਨਾਂ ਮਨਜ਼ੂਰੀ ਤੋਂ ਜੰਗਲ ਸਾਫ਼ ਕਰਨ ਲਈ ਵਿਭਾਗ ਵੱਲੋਂ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।