ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ
ਪੱਤਰ ਪ੍ਰੇਰਕ
ਪਾਇਲ, 21 ਅਗਸਤ
ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਅਤੇ ਮੁੱਖ ਅਧਿਆਪਕ ਵਿਜੇ ਕਪੂਰ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਆ ਵਿੱਚ ਪ੍ਰਪੱਕ ਬਣਾਉਣ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ, ਦੇਸ਼ ਵਿੱਚ ਬੱਚੀਆਂ ਨਾਲ ਵਧ ਰਹੀਆਂ ਲਗਾਤਾਰ ਕੁਕਰਮ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਕੋਲਕਾਤਾ ਘਟਨਾਕ੍ਰਮ ਦੀ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਮਕਸਦ ਬੱਚੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ ਤਾਂ ਕਿ ਸਾਡੀਆਂ ਬੱਚੀਆਂ ਬਿਨਾਂ ਕਿਸੇ ਡਰ-ਭੈਅ ਦੇ ਆਪਣੀ ਸਿੱਖਿਆ ਪੂਰੀ ਕਰ ਸਕਣ ਅਤੇ ਕਿਤੇ ਵੀ ਦੂਰ-ਦੁਰਾਡੇ ਨੌਕਰੀ ਲਈ ਜਾ ਸਕਣ। ਪ੍ਰਧਾਨ ਸ੍ਰੀ ਧਾਲੀਵਾਲ ਨੇ ਕਿਹਾ ਕਿ ਸਭ ਤੋਂ ਵੱਧ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜੀਏ ਅਤੇ ਔਰਤ ਦਾ ਸਤਿਕਾਰ ਕਰਨਾ ਸਿਖਾਈਏ। ਰੈਲੀ ਦੌਰਾਨ ਸਕੂਲ ਦੀ ਅਧਿਆਪਕਾ ਮੀਰਾ ਕੌਸ਼ਲ ਨੇ ਦੱਸਿਆ ਕਿ ਸਕੂਲ ਵੱਲੋਂ ਬੱਚੀਆਂ ਨੂੰ ਸਿੱਖਿਆ ਦੇ ਨਾਲ ਨਾਲ ਸਵੈ-ਰੱਖਿਆ ਲਈ ਕਰਾਟੇ ਕਲਾਸਾਂ ਵੀ ਲਗਵਾਈਆਂ ਜਾਂਦੀਆਂ ਹਨ।