ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ
ਪੱਤਰ ਪ੍ਰੇਰਕ
ਸ਼ੇਰਪੁਰ, 2 ਦਸੰਬਰ
ਪਿੰਡ ਬੜੀ ਵਿੱਚ ਅੱਜ ਸ਼ੇਰਪੁਰ ਪੁਲੀਸ ਨੇ ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੀਤੀ। ਰੈਲੀ ਵਿੱਚ ਪਿੰਡ ਦੇ ਦਰਵਾਜ਼ੇ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਨੇ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਦੀ ਮੁਹਿੰਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਐੱਸਐੱਚਓ ਸ਼ੇਰਪੁਰ ਬਲਵੰਤ ਸਿੰਘ ਬਲਿੰਗ ਨੇ ਕਿਹਾ ਕਿ ਨਸ਼ਿਆਂ ਤੋਂ ਆਪਣੇ ਧੀਆਂ ਪੁੱਤਰਾਂ ਨੂੰ ਬਚਾਉਣ ਲਈ ਪੁਲੀਸ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਲੋਕ ਆਪਣੀ ਸਮਾਜਿਕ ਜ਼ਿੰਮੇਵਾਰੀ ਤਹਿਤ ਸਹਿਯੋਗ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਜਿੱਥੇ ਪੁਲੀਸ ਨਸ਼ਾ ਪੀੜਤਾਂ ਦੇ ਇਲਾਜ ਲਈ ਚਾਰਾਜੋਈ ਕਰੇਗੀ ਉੱਥੇ ਨਸ਼ਾ ਤਸ਼ਕਰਾਂ ਵਿਰੁੱਧ ਮਿਲੀ ਜਾਣਕਾਰੀ ਨੂੰ ਗੁਪਤ ਰੱਖਦੇ ਹੋਏ ਯਕੀਨਨ ਠੋਸ ਕਾਰਵਾਈ ਕਰੇਗੀ। ਇਸ ਮੌਕੇ ਪਿੰਡ ਦੇ ਸਰਪੰਚ ਮਨਵੀਰ ਸਿੰਘ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਬੜੀ, ਸਾਬਕਾ ਸਰਪੰਚ ਗੁਰਜੀਤ ਸਿੰਘ, ਕਾਮਰੇਡ ਜਸਵੰਤ ਸਿੰਘ ਆਦਿ ਨੇ ਪਿੰਡ ਦੀ ਤਰਫੋ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਸਾਬਕਾ ਸਰਪੰਚ ਜਸਮੇਲ ਬੜੀ ਨੇ ਸ਼ੇਰਪੁਰ ਵਿੱਚ ਪਿਛਲੇ ਇੱਕ ਸਾਲ ਤੋਂ ਨਸ਼ਿਆਂ ਵਿਰੁੱਧ ਪੱਕੇ ਨਾਕੇ ਲਗਾਕੇ ਲੜਾਈ ਲੜਦੀ ਆ ਰਹੀ ਕਮੇਟੀ ਦੀ ਤਰਜ਼ ’ਤੇ ਨੌਜਵਾਨਾਂ ਦੀ ਕਮੇਟੀ ਬਣਾਕੇ ਨਸ਼ਿਆਂ ਵਿਰੁੱਧ ਲੜਨ ਦੀ ਤਜਵੀਜ਼ ਨੂੰ ਅਮਲ ਵਿੱਚ ਲਿਆਉਣ ਦਾ ਸੱਦਾ ਦਿੱਤਾ।