ਅਕਾਲ ਇੰਸਟੀਚਿਊਟ ਵਿੱਚ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਮਨਾਇਆ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 3 ਦਸੰਬਰ
ਅਕਾਲ ਗਰੁੱਪ ਆਫ਼ ਇੰਸਟੀਚਿਊਟ ਮਸਤੂਆਣਾ ਸਾਹਿਬ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਕਾਲਜ ਦੇ ਸਹਿਯੋਗ ਨਾਲ ਯੁਵਾ ਉਤਸਵ ਭਾਰਤ 2047 ਸਬੰਧੀ ਪੰਚ ਪ੍ਰਣ ਥੀਮ ਅਧੀਨ ਜ਼ਿਲ੍ਹਾ ਪੱਧਰੀ ਉਤਸਵ ਮਨਾਇਆ ਗਿਆ। ਇਸ ਮੌਕੇ ਅਸਿਸਟੈਂਟ ਕਮਿਸ਼ਨਰ (ਯੂਟੀ) ਡਾਕਟਰ ਅਦਿੱਤਿਆ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਡਾਕਟਰ ਅਮਨਦੀਪ ਕੌਰ, ਡਾਕਟਰ ਸੁਖਦੀਪ ਕੌਰ ਅਤੇ ਡਾਕਟਰ ਗੀਤਾ ਠਾਕਰ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਡਾਕਟਰ ਅਦਿੱਤਿਆ ਸ਼ਰਮਾ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਦੀ ਨਿਗਰਾਨੀ ਹੇਠ ਕਰਵਾਏ ਪ੍ਰੋਗਰਾਮ ਵਿੱਚ ਡੈਕਲਾਮੇਸ਼ਨ, ਫੋਟੋਗ੍ਰਾਫੀ, ਪੇਂਟਿੰਗ ਮੁਕਾਬਲੇ, ਵਿਗਿਆਨ ਪ੍ਰਦਰਸ਼ਨੀ ਅਤੇ ਕਲਚਰਲ ਫੈਸਟੀਵਲ ਗਰੁੱਪ ਇਵੈਂਟਸ ਵਿੱਚ ਵੱਧ ਚੜ੍ਹ ਕੇ ਵਿਦਿਆਰਥੀਆਂ ਨੇ ਭਾਗ ਲਿਆ। ਮਨਜੀਤ ਕੌਰ, ਅਮਨਦੀਪ ਸਿੰਘ, ਰਮਨਦੀਪ ਕੌਰ, ਭੁਪਿੰਦਰ ਕੌਰ, ਸੋਨੂ ਸਚਦੇਵਾ ਤੇ ਪਰਵਿੰਦਰ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਵਿੱਚ ਫੋਟੋਗ੍ਰਾਫੀ ਵਿੱਚ ਪੁਸ਼ਪਿੰਦਰ ਸ਼ਰਮਾ ਨੇ ਪਹਿਲਾ, ਹੁਸਨਪ੍ਰੀਤ ਸਿੰਘ ਨੇ ਦੂਸਰਾ ਤੇ ਜਸ਼ਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਭਾਸ਼ਣ ਵਿੱਚ ਜੈਸਿਕਾ ਨੇ ਪਹਿਲਾ, ਗੁਰਲੀਨ ਕੌਰ ਨੇ ਦੂਸਰਾ ਤੇ ਪ੍ਰਾਚੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲਿਆਂ ਵਿੱਚ ਪਰਨੀਤ ਕੌਰ ਪਹਿਲਾ, ਮਨਜੋਤ ਕੌਰ ਦੂਸਰਾ ਤੇ ਰਾਹੁਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵਿਤਾ ਮੁਕਾਬਲਿਆਂ ਵਿੱਚ ਪਾਇਲ ਰਾਣੀ ਨੇ ਪਹਿਲਾ ਤੇ ਗਗਨਦੀਪ ਜੋਸ਼ੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਾਇੰਸ ਮੇਲੇ ਵਿੱਚ ਗੁਰੂ ਹਰਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਗਰੁੱਪ-2 ਨੇ ਪਹਿਲਾ, ਗੁਰੂ ਗੋਬਿੰਦ ਹਰਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਹਿਬ ਗਰੁੱਪ-1 ਨੇ ਦੂਸਰਾ ਅਤੇ ਮੈਰੀਟੋਰੀਅਸ ਸਕੂਲ ਘਾਬਦਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਨ ਉਪਰੰਤ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।