ਵੱਖ-ਵੱਖ ਥਾਈਂ ਕਾਲੇ ਪੀਲੀਏ ਸਬੰਧੀ ਜਾਗਰੂਕ ਕੀਤਾ
ਖੇਤਰੀ ਪ੍ਰਤੀਨਿਧ
ਬਰਨਾਲਾ, 28 ਜੁਲਾਈ
ਸਿਹਤ ਵਿਭਾਗ ਵੱਲੋਂ ਅੱਜ ਇੱਥੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ, ਡਾਕਟਰ ਮਨਪ੍ਰੀਤ ਸਿੱਧੂ ਐੱਮਡੀ ਮੈਡੀਸਨ ਤੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਮਨੀਸ਼ ਨੇ ਦੱਸਿਆ ਕਿ ਇਸ ਦੇ ਲੱਛਣਾਂ ਵਿੱਚ ਬੁਖਾਰ, ਥਕਾਵਟ, ਭੁੱਖ ਦੀ ਕਮੀ, ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਦੀ ਰੋਕਥਾਮ ਲਈ ਨਵੇਂ ਜਨਮੇ ਬੱਚਿਆਂ ਨੂੰ ਹੈਪੇਟਾਈਟਸ-ਬੀ ਦਾ ਟੀਕਾਕਰਨ ਜ਼ਰੂਰੀ ਹੈ।
ਭਗਤਾ ਭਾਈ (ਪੱਤਰ ਪ੍ਰੇਰਕ): ਸੀਨੀਅਰ ਮੈਡੀਕਲ ਅਫਸਰ ਭਗਤਾ ਡਾ. ਰਾਜਪਾਲ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਭਗਤਾ ਭਾਈ ਵਿੱਚ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਵਿੱਚ ਸਿਹਤ ਬਲਾਕ ਭਗਤਾ ਭਾਈ ਹੇਠ ਆਉਂਦੇ ਸਬ-ਸੈਂਟਰਾਂ ਦੇ ਸਿਹਤ ਕਰਮਚਾਰੀਆਂ ਅਤੇ ਹਸਪਤਾਲ ਆਏ ਮਰੀਜ਼ਾਂ ਨੇ ਹਿੱਸਾ ਲਿਆ। ਇਸ ਮੌਕੇ ਐੱਲਐੱਚਵੀ ਨਿਰਮਲਾ ਸ਼ਰਮਾ, ਅਨੀਤਾ ਸੋਢੀ, ਸਿਹਤ ਸੁਪਰਵਾਈਜ਼ਰ ਹਰਜਿੰਦਰ ਸਿੰਘ ਅਤੇ ਰਾਮ ਗੋਪਾਲ ਜੇਠੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਗਿੱਦੜਬਾਹਾ (ਪੱਤਰ ਪ੍ਰੇਰਕ): ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਅੱਜ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਮਹਿਲਾ ਰੋਗ ਮਾਹਿਰ ਡਾਕਟਰ ਰਮਿਤੀ ਨੇ ਹਸਪਤਾਲ ਵਿੱਚ ਮੌਜੂਦ ਗਰਭਵਤੀ ਔਰਤਾਂ ਨੂੰ ਹੈਪੇਟਾਈਟਸ ਸਬੰਧੀ ਜਾਗਰੂਕ ਕੀਤਾ । ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਸੋਜਿਸ਼ ਹੈ, ਜੋ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਬਿਮਾਰੀ ਦੇ ਲੱਛਣ ਦੱਸਦਿਆਂ ਇਸ ਦੀ ਰੋਕਥਾਮ ਦੇ ਤਰੀਕੇ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਹੈਪੇਟਾਈਟਸ ਦਾ ਟੈਸਟ ਤੇ ਇਲਾਜ ਮੁਫਤ ਹੈ।
ਦੋਦਾ (ਪੱਤਰ ਪ੍ਰੇਰਕ): ਮੁਢਲਾ ਸਿਹਤ ਕੇਂਦਰ ਦੋਦਾ ਦੇ ਐੱਸਐੱਮਓ ਡਾ. ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਅੱਜ ਸਮੂਹ ਬਲਾਕ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਲਾ ਪੀਲੀਏ ਦੀ ਬਿਮਾਰੀ ਦੂਸ਼ਿਤ ਸੂਈਆਂ ਦੀ ਵਰਤੋਂ ਨਾਲ, ਸਰੀਰ ’ਤੇ ਟੈਟੂ ਬਣਵਾਉਣ, ਬਨਿਾਂ ਟੈਸਟ ਕਰਵਾਏ ਮਰੀਜ਼ ਨੂੰ ਖੂਨ ਦੇਣ ਆਦਿ ਨਾਲ ਹੋ ਸਕਦਾ ਹੈ।
ਪੀਐੱਚਸੀ ਕੱਸੋਆਣਾ ਵਿੱਚ ਜਾਗਰੂਕਤਾ ਸੈਮੀਨਾਰ
ਜ਼ੀਰਾ (ਪੱਤਰ ਪ੍ਰੇਰਕ): ਲੋਕਾਂ ਨੂੰ ਹੈਪੇਟਾਈਟਸ ਸਬੰਧੀ ਜਾਗਰੂਕ ਕਰਨ ਲਈ ਅੱਜ ਬਲਾਕ ਪੀਐੱਚਸੀ ਕੱਸੋਆਣਾ ਵਿੱਚ ਪੈਂਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਡਾ. ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਸੈਮੀਨਾਰ ਲਗਾਏ ਗਏ। ਇਸ ਦੌਰਾਨ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਕਈ ਪ੍ਰਕਾਰ ਦਾ ਹੁੰਦਾ ਹੈ; ਜਿਵੇਂ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ। ਇਨ੍ਹਾਂ ’ਚੋਂ ਹੈਪੇਟਾਈਟਸ ਬੀ ਤੇ ਸੀ ਸੱਭ ਤੋਂ ਵੱਧ ਖਤਰਨਾਕ ਹਨ। ਇਸ ਮੌਕੇ ਡਾ. ਕਰਨਬੀਰ ਸਿੰਘ ਨੋਡਲ ਅਫਸਰ, ਅੰਗਰੇਜ਼ ਸਿੰਘ ਗੁਰਮਜੀਤ, ਰਮਨਦੀਪ, ਮਨਦੀਪ ਸਿੰਘ ਤੇ ਹੋਰ ਵਰਕਰ ਹਾਜ਼ਰ ਸਨ।