For the best experience, open
https://m.punjabitribuneonline.com
on your mobile browser.
Advertisement

ਕਵਿੱਤਰੀ ਰੂਹੀ ਸਿੰਘ ਨੂੰ ‘ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ’ ਪ੍ਰਦਾਨ

07:06 AM Apr 16, 2024 IST
ਕਵਿੱਤਰੀ ਰੂਹੀ ਸਿੰਘ ਨੂੰ ‘ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ’ ਪ੍ਰਦਾਨ
ਯੁਵਾ ਕਵਿੱਤਰੀ ਰੂਹੀ ਸਿੰਘ ਨੂੰ ‘ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ’ ਨਾਲ ਸਨਮਾਨਦੇ ਹੋਏ ਪ੍ਰਬੰਧਕ। ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 14 ਅਪਰੈਲ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਸਾਹਿਤਕ ਰਚਨਾਵਾਂ ਦਾ ਦੌਰ ਚੱਲਿਆ ਉੱਥੇ ਹੀ ਯੁਵਾ ਕਵਿੱਤਰੀ ਰੂਹੀ ਸਿੰਘ ਨੂੰ ‘ਚੌਥਾ ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ’ਆਸ਼ਟ’, ਲੇਖਕ ਪ੍ਰੋ. ਨਵਸੰਗੀਤ ਸਿੰਘ, ਦਵਿੰਦਰਪਾਲ ਸਿੰਘ, ਯੁਵਾ-ਕਵਿੱਤਰੀ ਰੂਹੀ ਸਿੰਘ ਅਤੇ ਪ੍ਰੀਤਿਕਾ ਸ਼ਰਮਾ (ਰੀਤਿਕਾ) ਆਦਿ ਸ਼ਾਮਲ ਹੋਏ।
ਇਸ ਮੌਕੇ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਵਰਤਮਾਨ ਦੌਰ ਵਿੱਚ ਯੁਵਾ-ਕਲਮਕਾਰਾਂ ਵਿੱਚ ਸਿਰਜਣਾ ਦੀਆਂ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ। ਪ੍ਰੋ. ਨਵਸੰਗੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਨਵੀਂ ਪੀੜ੍ਹੀ ਦੇ ਲਿਖਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਦੇ ਪਰਿਵਾਰ ਦੇ ਸਹਿਯੋਗ ਨਾਲ ‘ਚੌਥਾ ਪ੍ਰੀਤਿਕਾ ਸ਼ਰਮਾ ਜਨਮ ਦਿਨ ਸਾਹਿਤਕ ਪੁਰਸਕਾਰ’ ਵਰਤਮਾਨ ਦੌਰ ਦੀ ਯੁਵਾ-ਕਵਿੱਤਰੀ ਰੂਹੀ ਸਿੰਘ ਨੂੰ ਪ੍ਰਦਾਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਨਕਦ ਰਾਸ਼ੀ, ਫੁਲਕਾਰੀ ਅਤੇ ਸਨਮਾਨ ਪੱਤਰ ਸ਼ਾਮਲ ਹੈ।
ਉਨ੍ਹਾਂ ਬਾਰੇ ਸਨਮਾਨ ਪੱਤਰ ਕਵਿੱਤਰੀ ਸਤਨਾਮ ਕੌਰ ਚੌਹਾਨ ਨੇ ਪੜ੍ਹਿਆ। ਸਨਮਾਨ ਪ੍ਰਾਪਤੀ ਮਗਰੋਂ ਰੂਹੀ ਸਿੰਘ ਨੇ ਸਰੋਤਿਆਂ ਨਾਲ ਆਪਣੀ ਸ਼ਾਇਰੀ ਦੇ ਅਨੁਭਵ ਸਾਂਝੇ ਕੀਤੇ। ਪ੍ਰੀਤਿਕਾ ਸ਼ਰਮਾ (ਰੀਤਿਕਾ) ਨੇ ਕਿਹਾ ਕਿ ਉਸ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਪਰਿਵਾਰਕ ਮੋਢੀ ਸਵਰਗੀ ਜਗਦੀਸ਼ ਮਿੱਤਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਭਾ ਦੇ ਸਹਿਯੋਗ ਨਾਲ ਇਹ ਪੁਰਸਕਾਰ ਨਾਰੀ-ਲੇਖਕਾਵਾਂ ਨੂੰ ਦੇਣਾ ਸਮੁੱਚੀ ਔਰਤ ਸ਼੍ਰੇਣੀ ਦਾ ਸਨਮਾਨ ਕਰਨ ਵਾਲੀ ਗੱਲ ਹੈ। ਅੰਤ ਵਿਚ ਸੁਖਦੇਵ ਸਿੰਘ ਚਹਿਲ ਨੇ ਧੰਨਵਾਦ ਕੀਤਾ।

Advertisement

Advertisement
Author Image

Advertisement
Advertisement
×