ਸ਼ੌਕ ਅਵੱਲੇ
ਪ੍ਰੋ. ਮੋਹਣ ਸਿੰਘ
ਛੇਵੀਂ ਸੱਤਵੀਂ ਜਮਾਤ ’ਚ ਪੜ੍ਹਦਿਆਂ ਜਦੋਂ ਸਬਕ ਵੱਲ ਧਿਆਨ ਨਾ ਦੇਣਾ ਜਾਂ ਸਬਕ ਦੀ ਸਮਝ ਨਾ ਪੈਣੀ ਤਾਂ ਦੱਖਣ ਵੱਲ ਖੁੱਲ੍ਹਦੀਆਂ ਬਾਰੀਆਂ ਵੱਲ ਨਜ਼ਰਾਂ ਟਿਕਣ ਲੱਗਦੀਆਂ। ਅਸੀਂ ਚਾਕ ਨਾਲ ਨਿਸ਼ਾਨ ਲਾਏ ਹੋਏ ਸਨ ਕਿ ਬਰਾਂਡੇ ਦੀ ਛਾਂ ਕਿੱਥੇ ਪਹੁੰਚੇਗੀ ਤਾਂ ਪੀਰੀਅਡ ਖ਼ਤਮ ਹੋਵੇਗਾ। ਘੰਟੀ ਵੱਜ ਜਾਂਦੀ ਸੀ ਜਿਸ ਦੀ ਆਵਾਜ਼ ਸਾਰੇ ਸਕੂਲ ’ਚ ਸੁਣਦੀ ਸੀ। ਅਗਲੀਆਂ ਜਮਾਤਾਂ ’ਚ ਸਾਨੂੰ ਇਨ੍ਹਾਂ ਵਧਦੇ ਘਟਦੇ ਪਰਛਾਵਿਆਂ ਦੀ ਕੁਝ ਹੋਰ ਸਮਝ ਆ ਗਈ ਤੇ ਅਸੀਂ ਛੱਤਾਂ ’ਤੇ ਵਾਂਸ ਖੜ੍ਹਾ ਕਰ ਕੇ ਉਸ ਦੇ ਪਰਛਾਵੇਂ ਤੋਂ ਧੁੱਪ ਘੜੀ ਬਣਾਉਣ ਲੱਗ ਪਏ। ਸਕੂਲ ’ਚ ਭੂਗੋਲ ਦੇ ਪਾਠਕ੍ਰਮ ’ਚ ਦਿਲਚਸਪੀ ਵਧ ਗਈ। ਵੱਡੇ ਭਰਾ ਨੇ ਜਦੋਂ ਨਾਲ ਦੀਆਂ ਗਲੀਆਂ ’ਚ ਕਿਸੇ ਦਾ ਘਰ ਸਮਝਾਉਣਾ ਤਾਂ ਕਾਗਜ਼ ’ਤੇ ਲਕੀਰਾਂ ਨਾਲ ਨਕਸ਼ਾ ਬਣਾ ਕੇ ਸਪਸ਼ਟ ਕਰਦਾ ਹੁੰਦਾ ਸੀ। ਮੈਨੂੰ ਨਕਸ਼ੇ ਸਮਝ ਆਉਣ ਲੱਗ ਪਏ। ਰੇਲਵੇ ਦੇ ਟਾਈਮ ਟੇਬਲ ਨਾਲ ਬੜਾ ਸੋਹਣਾ ਰੇਲ ਮੈਪ ਆਉਂਦਾ ਸੀ।
ਜਦੋਂ ਮੈਂ ਸਕੂਲ ’ਚ ਸਾਇੰਸ ਮਾਸਟਰ ਸੀ, ‘ਸਮਰ ਇੰਸਟੀਚਿਊਟ’ ਲੱਗਾ। ਦੋਵੇਂ ਪ੍ਰੋਫੈਸਰ ਅਮਰੀਕਾ ਤੋਂ ਆਏ ਸਨ। ਜਾਣ-ਪਛਾਣ ਸ਼ੁਰੂ ਹੋਈ। ਸਾਰੇ ਕੇਵਲ ਆਪਣਾ ਨਾਉਂ, ਸ਼ਹਿਰ/ਪਿੰਡ ਦਾ ਨਾਉਂ ਦੱਸ ਕੇ ਚਲੇ ਜਾਂਦੇ। ਪ੍ਰੋਫੈਸਰ ਨੇ ਕਿਹਾ ਕਿ ਬੋਰਡ ’ਤੇ ਕੋਈ ਮਾੜਾ ਮੋਟਾ ਨਕਸ਼ਾ ਬਣਾ ਕੇ ਸਮਝਾਉ। ਮੈਨੂੰ ਕੁਝ ਜਾਚ ਵੀ ਸੀ ਤੇ ਸ਼ੌਂਕ ਵੀ। ਮੈਂ ਪਾਕਿਸਤਾਨ ਨਾਲ ਲੱਗਦਾ ਬਾਰਡਰ ਦਿਖਾ ਕੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਦੇ ਵੱਡੇ-ਵੱਡੇ ਸ਼ਹਿਰ ਦਿਖਾ ਦਿੱਤੇ। ਪ੍ਰੋਫੈਸਰ ਨੇ ਪ੍ਰਸੰਸਾ ਕੀਤੀ। ਮੇਰਾ ਸ਼ੌਂਕ ਹੋਰ ਵਧ ਗਿਆ।
ਦੁਨੀਆ ਦਾ ਸਭ ਤੋਂ ਜ਼ਿਆਦਾ ਛਪਣ ਵਾਲਾ ਤੇ ਵਜ਼ਨੀ ਮੈਗਜ਼ੀਨ ‘ਨੈਸ਼ਨਲ ਜੁਗਰੈਫਿਕ’ ਹਰ ਵਿਸ਼ੇ, ਹਰ ਇਲਾਕੇ, ਹਰ ਦੇਸ਼ ਤੇ ਬੇਸ਼ਕੀਮਤੀ ਲੇਖਾਂ ਲਈ ਜਾਣਿਆ ਜਾਂਦਾ ਹੈ। ਰੰਗੀਨ ਤਸਵੀਰਾਂ, ਨਕਸ਼ੇ ਅਤੇ ਮਜ਼ਬੂਤ ਪੀਲੇ ਰੰਗ ਦੇ ਲਿਫ਼ਾਫ਼ੇ ਲਈ ਵਿਲੱਖਣ ਦਿੱਖ ਰੱਖਦਾ ਹੈ। ਮਹਿੰਗਾ ਹੈ। ਅਸੀਂ ਪੁਰਾਣੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਤੋਂ ਜਿਨ੍ਹਾਂ ਨੂੰ ਅਸੀਂ ‘ਧਰਤੀ ਬੁੱਕ ਸਟਾਲ’ ਕਹਿੰਦੇ ਹੁੰਦੇ ਸਾਂ, ਉਥੋਂ ਤਿੰਨ ਚਾਰ ਆਨਿਆਂ ’ਚ ਖਰੀਦਦੇ ਸਾਂ। ਉਦੋਂ ਨਵੇਂ ਜਾਂ ਤਾਜ਼ੇ ਅੰਕ ਦਾ ਮੁੱਲ ਸਵਾ ਰੁਪਿਆ ਹੁੰਦਾ ਸੀ। ਕਦੇ ਖਰੀਦਿਆ ਨਹੀਂ ਸੀ।
ਮੇਰਾ ਭਣੇਵਾਂ ਉਦੋਂ ਨੌਵੀਂ ਜਮਾਤ ’ਚ ਸੀ। ਮੈਂ ਸਭੈਕੀ ਆਖਿਆ- “ਧਿਆਨ ਨਾਲ ਵਰਕੇ ਥੱਲੀਂ, ਬੜਾ ਮਹਿੰਗਾ ਰਸਾਲਾ ਹਈ।” ਉਸ ਦਾ ਉੱਤਰ ਸੀ, “ਮਾਮਾ ਜੀ, ਜਦੋਂ ਮੈਂ ਅਮਰੀਕਾ ਗਿਆ, ਮੈਂ ਤੁਹਾਨੂੰ ਭੇਜਿਆ ਕਰਾਂਗਾ।” ਲੜਕਾ ਜ਼ਹੀਨ ਸੀ, ਮਿਹਨਤੀ ਸੀ, ਡਾਕਟਰੀ ਕਰ ਕੇ, ਟੌਫਲ ਕਲੀਅਰ ਕਰ ਕੇ 1975 ਤੋਂ ਅਮਰੀਕਾ ਵਿੱਚ ਹੀ ਹੈ; ਤੇ ਉਦੋਂ ਤੋਂ ਮੈਂ ਇਸ ਰਸਾਲੇ ਦਾ ਰੈਗੂਲਰ ਪਾਠਕ ਹਾਂ। ਵੱਖ-ਵੱਖ ਖੇਤਰਾਂ ਦੇ ਤਹਿ ਕੀਤੇ ਨਕਸ਼ੇ ਇਸ ਰਸਾਲੇ ਦੀ ਵਿਸ਼ੇਸ਼ਤਾ ਹਨ। ਆਪਣੀ ਅਕਾਸ਼ ਗੰਗਾ (ਮਿਲਕੀ ਵੇਅ) ਬਾਰੇ ਖਾਸ ਨਕਸ਼ਾ ਮੈਂ ਜੜਾ ਕੇ ਰੱਖਿਆ ਹੋਇਆ ਹੈ। ਚਾਲੀ ਕੁ ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਭੈਣ ਜੀ ਆਪਣੇ ਲੜਕੇ ਕੋਲ ਗਏ। ਮੈਨੂੰ ਚਿੱਠੀ ਆਈ ਕਿ ਕੋਈ ਚੀਜ਼ ਚਾਹੀਦੀ ਹੋਵੇ ਤਾਂ ਲਿਖ ਭੇਜੀਂ, ਬਹੁਤੀ ਭਾਰੀ ਨਾ ਹੋਵੇ। ਮੈਂ ਮੋੜਵੀਂ ਡਾਕ ’ਚ ਲਿਖ ਭੇਜਿਆ ਕਿ ਕੋਈ ਚੀਜ਼ ਨਹੀਂ ਚਾਹੀਦੀ, ਜੇ ਹੋ ਸਕੇ ਤਾਂ ਸੰਸਾਰ ਦਾ ਨਕਸ਼ਾ ਲੈ ਆਉਣਾ ਪਰ ਤਹਿ ਨਾ ਕੀਤਾ ਹੋਵੇ। ਅਗਲੇ ਅਗਲੇਰੇ ਦਿਨ ਛੇ ਫੁੱਟ ਲੰਮਾ ਤੇ ਪੰਜ ਕੁ ਇੰਚ ਮੋਟਾਈ ਵਾਲਾ ਮਜ਼ਬੂਤ ਗੱਤੇ ਦਾ ਸਲੰਡਰ ਉਨ੍ਹਾਂ ਦੇ ਬਾਹਰਲੇ ਗੇਟ ਨਾਲ ਲੱਗਾ ਹੋਇਆ ਸੀ। ਨੈਸ਼ਨਲ ਜੁਗਰੈਫਿਕ ਸੁਸਾਇਟੀ ਦਾ ਇਹ ਸਭ ਤੋਂ ਵੱਡਾ ਨਕਸ਼ਾ ਸੀ।
ਭੈਣ ਜੀ ਨੇ ਆ ਕੇ ਦੱਸਿਆ ਕਿ ਇਸ ਦਾ ਵਜ਼ਨ ਤਾਂ ਮਾਮੂਲੀ ਸੀ ਪਰ ਚੁੱਕ ਕੇ ਤੁਰਨਾ ਤੇ ਜਹਾਜ਼ ’ਚ ਰੱਖਣਾ ਮਸਲਾ ਬਣ ਗਿਆ ਸੀ। ਇੰਨੀ ਲੰਮੀ ਚੀਜ਼ ਪਲੇਨ ਵਿੱਚ ਕਿੱਥੇ ਰੱਖੀ ਜਾਵੇ? ਇਸ ਦੀ ਇਜਾਜ਼ਤ ਵੀ ਹੈ ਕਿ ਨਹੀਂ? ਕਿਉਂਕਿ ਕੰਪਨੀ ਦਾ ਪੈਕ ਕੀਤਾ ਹੋਇਆ ਸੀ ਅਤੇ ਉਦੋਂ ਅਜੇ ਅੱਜ ਵਾਲੇ ਸਕਿਓਰਿਟੀ ਦੇ ਮਸਲੇ ਵੀ ਨਹੀਂ ਸੀ ਹੁੰਦੇ, ਪਾਇਲਟ ਨੇ ਆਪ ਹੀ ਸੁਝਾਉ ਦਿੱਤਾ ਕਿ ਉਹ ਆਪਣੇ ਕੈਬਨ ਵਿੱਚ ਰੱਖ ਲਵੇਗਾ। ਰੱਖ ਲਿਆ। ਕਸਟਮ ਵਾਲੇ ਵੀ ਪੁੱਛਣ ਕਿ ਕੀ ਕੁਝ ਲੈ ਕੇ ਆਏ ਹੋ? ਭੈਣ ਜੀ ਕੋਲ ਸਿਵਾਇ ਆਪਣੇ ਬੈਗ ਦੇ ਜਾਂ ਉਸ ਸੱਤ ਫੁੱਟ ਲੰਮੇ ਗੋਲ, ਗੱਤੇ ਦੇ ਸਲੰਡਰ ਦੇ ਹੋਰ ਕੁਝ ਤਾਂ ਹੈ ਨਹੀਂ ਸੀ। ਗਰੀਨ ਚੈਨਲ ਥਾਣੀਂ ਆ ਗਏ। ਟਰੇਨ ਵਿੱਚ ਰੱਖਣ-ਰਖਾਉਣ ਦੇ ਖਲਜਗਣ ਤੋਂ ਬਾਅਦ ਰਿਕਸ਼ੇ ਵਿੱਚ ਖੜ੍ਹੇ ਰੁਖ਼ ਹੱਥ ਵਿੱਚ ਫੜੀ ਭੈਣ ਜੀ ਆਪਣੇ ਆਪ ਘਰ ਪਹੁੰਚ ਗਏ ਤੇ ਮੈਨੂੰ ਸੁਨੇਹਾ ਆ ਗਿਆ ਕਿ ਤੇਰਾ ਨਕਸ਼ਾ ਆ ਗਿਆ ਹੈ, ਆ ਕੇ ਲੈ ਜਾ। ਮੈਂ ਉਹ ਰੋਲ ਕੀਤਾ ਹੋਇਆ ਗੱਤੇ-ਬੰਦ ਨਕਸ਼ਾ ਲਿਆਉਣ ਲਈ ਆਪਣੇ ਲੜਕੇ ਨੂੰ ਸਕੂਟਰ ਪਿੱਛੇ ਬਿਠਾ ਕੇ ਲੈ ਗਿਆ। ਅੱਗੜ ਪਿੱਛੜ ਖੱਬੇ ਮੋਢਿਆਂ ’ਤੇ ਰੱਖਿਆ ਉਹ ਲਮਤੋਤਰੂ ਹਰੇਕ ਨੂੰ ਹੈਰਾਨ ਕਰੇ ਅਤੇ ਕਈਆਂ ਨੇ ਪੁੱਛਿਆ ਕਿ ਇਹ ਕੀ ਸ਼ੈਅ ਏ? ਖੈਰ... ਘਰ ਆ ਕੇ ਨਕਸ਼ਾ ਖੋਲ੍ਹਣਾ ਵੱਡੀ ਚੁਣੌਤੀ ਸੀ। ਜੇ ਕੋਈ ਦੋ ਫੁੱਟਯਇੱਕ ਫੁੱਟ ਦੇ ਕਰੀਬ ਹੁੰਦਾ ਤਾਂ ਮੈਂ ਆਪਣੇ ਨਿੱਕੇ ਜਿਹੇ ਟੇਬਲ ਦੇ ਸ਼ੀਸ਼ੇ ਹੇਠਾਂ ਸਜਾ ਲੈਂਦਾ; ਇੰਨਾ ਵੱਡਾ ਨਕਸ਼ਾ ਚਿਪਕਾਉਣ ਜਾਂ ਟੇਪ ਨਾਲ ਜੋੜਨ ਲਈ ਵੀ ਕੋਈ ਕੰਧ ਨਾ ਲੱਭੇ। ਫਰਸ਼ ’ਤੇ ਰੱਖ ਕੇ ਹੀ ਕੁਝ ਮਿੰਟ ਝਲਕ ਦੇਖੀ ਅਤੇ ਫਿਰ ਉਸੇ ਕਾਰਟਨ ਵਿੱਚ ਰੋਲ ਕਰ ਕੇ ਸਾਂਭ ਦਿੱਤਾ।
ਜਦੋਂ ਵੀ ਕਿਸੇ ਨੂੰ ਦਿਖਾਉਣ ਲਈ ਖੋਲ੍ਹਣਾ, ਉਹ ਵੱਡ-ਆਕਾਰੀ ਨਕਸ਼ਾ ਬੜੇ ਸੋਹਣੇ ਕਾਗਜ਼ ’ਤੇ ਛਪੇ ਹੋਏ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਥਾਂ ਤੋਂ ਥੋੜ੍ਹਾ ਜਿਹਾ ਫਟ ਜਾਣਾ ਜਾਂ ਕੋਈ ਭੰਨ ਪੈ ਜਾਣਾ। ਪਤਾ ਨਹੀਂ ਕਿੰਨੇ ਸਾਲ ਦੁਨੀਆ ਦਾ ਉਹ ਨਕਸ਼ਾ ਕਿਸੇ ਯੋਗ ਕੰਧ ਦੀ ਉਡੀਕ ਵਿੱਚ ਮੇਰੇ ਕੋਲ ਪਿਆ ਰਿਹਾ।
ਪਤਾ ਲੱਗਾ ਕਿ ਇਹੋ ਜਿਹਾ ਅਵੱਲਾ ਸ਼ੌਕ ਰੱਖਣ ਵਾਲਾ ਮੈਂ ਇਕੱਲਾ ਨਹੀਂ ਹਾਂ। ਪ੍ਰੋਫੈਸਰ ਪੰਨੂ ਆਖਣ ਲੱਗੇ ਕਿ ਇਹੋ ਜਿਹਾ ਨਕਸ਼ਾ ਮੈਨੂੰ ਵੀ ਮੰਗਵਾ ਦੇ। ਬਹੁਤ ਅਮੀਰ ਹਨ। ਮੈਂ ਕਿਹਾ, ਇਹੋ ਹੀ ਲੈ ਜਾਓ।” ਨਾਂਹ-ਨਾਂਹ ਕਰਦੇ ਵੀ ਮੈਂ ਉਹ ਨਕਸ਼ਾ ਉਸੇ ਕਾਰਟਨ ਵਿੱਚ ਉਨ੍ਹਾਂ ਦੀ ਕਾਰ ਵਿੱਚ ਵਾੜ ਦਿੱਤਾ। ਖੁਸ਼ੀ ਇਹ ਦੇਖਣ ਵਿੱਚ ਹੋਈ ਕਿ ਉਨ੍ਹਾਂ ਦਿੱਲੀ ਤੋਂ ਬਹੁਤ ਪੈਸੇ ਖਰਚ ਕੇ ਉਸ ਨੂੰ ਮੋਟੇ ਹਾਰਡ ਬੋਰਡ ’ਤੇ ਲਾ ਕੇ ਲੈਮੀਨੇਟ ਕਰਵਾ ਲਿਆ ਅਤੇ ਆਪਣੇ ਨਵੇਂ ਬਣਾਏ ਘਰ ਵਿੱਚ ਸਜਾਵਟੀ ਵਸਤੂ ਵਜੋਂ ਟਿਕਾ ਦਿੱਤਾ।