ਤੇਜ਼ਧਾਰ ਹਥਿਆਰਾਂ ਨਾਲ ਆਟੋ ਚਾਲਕ ਦੀ ਹੱਤਿਆ
ਐੱਨਪੀ ਧਵਨ
ਪਠਾਨਕੋਟ, 6 ਜੂਨ
ਲੰਘੀ ਰਾਤ ਇੱਥੇ ਢਾਂਗੂ ਰੋਡ ’ਤੇ ਇੱਕ ਆਟੋ ਚਾਲਕ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਹਮਲੇ ਦਾ ਕਾਰਨ ਆਟੋ ਰਿਕਸ਼ਾ ਵਿੱਚ ਸਵਾਰੀਆਂ ਚੜ੍ਹਾਉਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਦੱਸਿਆ ਜਾ ਰਿਹਾ ਹੈ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਆਟੋ ਚਾਲਕ ਉਪਰ ਵਾਰ ਕਰਦੇ ਨਜ਼ਰ ਆ ਰਹੇ ਹਨ। ਮ੍ਰਿਤਕ ਦੀ ਪਛਾਣ ਸੰਨੀ (36) ਉਰਫ ਲੰਡਾ ਵਾਸੀ ਹਾਊਸਿੰਗ ਬੋਰਡ ਕਲੋਨੀ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਬੇਟਾ ਛੱਡ ਗਿਆ ਹੈ। ਪੁਲੀਸ ਨੇ ਛੇ ਹਮਲਾਵਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 506, 120-ਬੀ, 148, 149 ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਰਾਜ ਕੁਮਾਰ ਵਾਸੀ ਹਾਊਸਿੰਗ ਬੋਰਡ ਕਲੋਨੀ ਨੇ ਦੱਸਿਆ ਕਿ ਲੰਘੀ 3 ਜੂਨ ਦੀ ਸ਼ਾਮ ਨੂੰ ਉਸ ਦਾ ਭਰਾ ਸੰਨੀ ਆਟੋ ਚਲਾਉਣ ਦੇ ਬਾਅਦ ਘਰ ਵਾਪਸ ਆਇਆ ਅਤੇ ਉਹ ਕਾਫੀ ਪ੍ਰੇਸ਼ਾਨ ਸੀ। ਉਸ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ, ਰਣਜੀਤ ਸਿੰਘ, ਸਾਹਿਬ ਸਿੰਘ ਉਰਫ ਸਾਬੀ, ਆਕਾਸ਼ ਉਰਫ ਕਾਂਸ਼ੀ ਅਤੇ ਹਨੀ ਨੇ ਉਸ ਨਾਲ ਆਟੋ ਵਿੱਚ ਸਵਾਰੀਆਂ ਬਿਠਾਉਣ ’ਤੇ ਬਹਿਸ ਕੀਤੀ ਅਤੇ ਧਮਕੀ ਦਿੱਤੀ ਕਿ ਤੈਨੂੰ ਮੌਕਾ ਦੇਖ ਕੇ ਵੱਢਾਂਗੇ। ਇਸ ਤੋਂ ਬਾਅਦ ਲੰਘੀ ਰਾਤ ਸੰਨੀ ਖਾਣਾ ਖਾਣ ਤੋਂ ਬਾਅਦ ਘਰ ਬਾਹਰ ਗਲੀ ਵਿੱਚ ਘੁੰਮ ਰਿਹਾ ਸੀ ਤਾਂ ਅਚਾਨਕ ਉਕਤ ਵਿਅਕਤੀ ਉਸ ਦੇ ਭਰਾ ਸੰਨੀ ’ਤੇ ਦਾਤਰ ਨਾਲ ਵਾਰ ਕਰ ਰਹੇ ਸਨ। ਡੀਐੱਸਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਛੇ ਹਮਲਾਵਰਾਂ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ ਹਨੀ ਅਤੇ ਦੂਸਰਾ ਅਣਪਛਾਤਾ ਫਰਾਰ ਹਨ।