For the best experience, open
https://m.punjabitribuneonline.com
on your mobile browser.
Advertisement

ਲੇਖਕ ਤੇ ਪਾਠਕ ਦਾ ਰਿਸ਼ਤਾ ਅਤੇ ਸੋਸ਼ਲ ਮੀਡੀਆ

07:56 AM Jun 21, 2024 IST
ਲੇਖਕ ਤੇ ਪਾਠਕ ਦਾ ਰਿਸ਼ਤਾ ਅਤੇ ਸੋਸ਼ਲ ਮੀਡੀਆ
Advertisement

ਨਿਰੰਜਣ ਬੋਹਾ

ਮੈਂ ਪਹਿਲਾਂ ਪੰਜਾਬੀ ਲੇਖਕਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਰਿਹਾ ਹਾਂ। ਮੇਰੀ ਨਜ਼ਰ ਵਿਚ 90 ਫੀਸਦੀ ਗਿਣਤੀ ਉਨ੍ਹਾਂ ਲੇਖਕਾਂ ਦੀ ਰਹੀ ਹੈ ਜੋ ਬਹੁਤ ਲਿਖਦੇ ਹਨ ਤੇ ਵੱਧ ਤੋਂ ਵੱਧ ਅਖਬਾਰਾਂ ਤੇ ਛੋਟੇ ਵੱਡੇ ਸਾਹਿਤਕ ਪਰਚਿਆਂ ਵਿੱਚ ਛਪਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਉਹ ਘੱਟ ਪੜ੍ਹੇ ਜਾਂਦੇ ਹਨ। ਦਸ ਫੀਸਦੀ ਲੇਖਕ ਅਜਿਹੇ ਹਨ ਜੋ ਬਹੁਤ ਘੱਟ ਲਿਖਦੇ ਹਨ ਤੇ ਬਹੁਤ ਵੱਧ ਪੜ੍ਹੇ ਜਾਂਦੇ ਹਨ ਤੇ ਅਖ਼ਬਾਰਾਂ ਪਰਚਿਆਂ ਵਾਲੇ ਉਨ੍ਹਾਂ ਦੀਆਂ ਲਿਖਤਾਂ ਛਾਪਣ ਲਈ ਉਨ੍ਹਾਂ ਤੱਕ ਆਪ ਪਹੁੰਚ ਕਰਦੇ ਹਨ। ਇਨ੍ਹਾਂ ਦਸ ਫੀਸਦੀ ਲੇਖਕਾਂ ਕਾਰਨ ਹੀ ਪਾਠਕ ਨਿਰਣਾ ਲੈਂਦਾ ਹੈ ਕਿ ਇਸ ਵਾਰ ਕਿਹੜਾ ਪਰਚਾ ਜਾਂ ਕਿਹੜੀ ਸਾਹਿਤਕ ਪੁਸਤਕ ਦੀ ਖਰੀਦ ਕੀਤੀ ਜਾਵੇ। ਹੁਣ ਸੋਸ਼ਲ ਮੀਡੀਆ ਦੀ ਆਮਦ ਨੇ ਲੇਖਕਾਂ ਤੇ ਪਾਠਕਾਂ ਦੇ ਰਿਸ਼ਤੇ ਦੀ ਨਵੇਂ ਸਿਰੇ ਤੋਂ ਵਿਉਂਤਬੰਦੀ ਕਰਕੇ ਉਕਤ ਸਮੀਕਰਨਾਂ ਵਿੱਚ ਬਹੁਤ ਤਬਦੀਲੀ ਲੈ ਆਂਦੀ ਹੈ। ਹੁਣ ਪਾਠਕ ਆਪਣੀ ਰੁਚੀ ਦੇ ਸਾਹਿਤ ਦੀ ਖਰੀਦ ਲਈ ਸੋਸ਼ਲ ਮੀਡੀਆ ’ਤੇ ਹੁੰਦੀ ਸਾਹਿਤ ਚਰਚਾ ਨੂੰ ਵੀ ਧਿਆਨ ਵਿੱਚ ਰੱਖਣ ਲੱਗ ਪਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਮੀਡੀਆ ਨੇ ਪ੍ਰਿੰਟ ਸਾਹਿਤ ਦੀ ਚਮਕ ਨੂੰ ਫਿੱਕਾ ਪਾ ਦਿੱਤਾ ਹੈ ਪਰ ਮੇਰਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਨੇ ਲੇਖਕਾਂ ਤੇ ਪਾਠਕਾਂ ਨੂੰ ਆਪਸ ਵਿਚ ਹੋਰ ਨੇੜੇ ਕਰ ਦਿੱਤਾ ਹੈ। ਸੋਸ਼ਲ ਮੀਡੀਆ ਦੀ ਆਮਦ ਤੋਂ ਪਹਿਲਾਂ ਲੇਖਕਾਂ ਤੇ ਪਾਠਕਾਂ ਵਿਚਕਾਰ ਕਿਸੇ ਸਾਹਿਤਕ ਵਿਸ਼ੇ ਜਾਂ ਰਚਨਾ ਨੂੰ ਲੈ ਕੇ ਸਿੱਧੇ ਸੰਵਾਦ ਸਿਰਜੇ ਜਾਣ ਦੀ ਲਗਭਗ ਅਣਹੋਂਦ ਹੀ ਰਹੀ ਹੈ। ਇਸ ਮਕਸਦ ਲਈ ਜਿਹੜੀਆਂ ਗੋਸ਼ਟੀਆਂ ਹੁੰਦੀਆਂ ਸਨ ਉਨ੍ਹਾਂ ਵਿਚ ਲੇਖਕ ਆਪਸ ਵਿਚ ਹੀ ਵਿਚਾਰ ਵਟਾਂਦਰਾ ਕਰਦੇ ਰਹੇ ਹਨ ਤੇ ਪਾਠਕ ਦੀ ਇਸ ਚਰਚਾ ਵਿੱਚ ਭਾਗੀਦਾਰੀ ਨਾਂ ਦੇ ਬਰਾਬਰ ਹੀ ਰਹੀ ਹੈ। ਹੁਣ ਸੋਸ਼ਲ ਮੀਡੀਆ ਨੇ ਲੇਖਕਾਂ ਤੇ ਪਾਠਕਾਂ ਨੂੰ ਇਕ ਮੰਚ ’ਤੇ ਇੱਕਠਾ ਕਰ ਦਿੱਤਾ ਹੈ ਤਾਂ ਦੋਵੇਂ ਧਿਰਾਂ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ਵਰਗੇ ਸੰਚਾਰ ਮਾਧਿਅਮਾਂ ਰਾਹੀਂ ਗੰਭੀਰ ਸਾਹਿਤਕ ਮੁੱਦਿਆਂ ’ਤੇ ਸੰਵਾਦ ਕਰਨ ਲੱਗ ਪਈਆਂ ਹਨ।
ਭਾਵੇਂ ਅਜੇ ਵੀ ਕੁਝ ਵੱਡੇ ਤੇ ਨਾਮਵਰ ਲੇਖਕ ਸੋਸ਼ਲ ਮੀਡੀਆ ’ਤੇ ਨਵੇਂ ਲੇਖਕਾਂ ਤੇ ਪਾਠਕਾਂ ਨਾਲ ਗੱਲ ਕਰਨ ਤੋਂ ਝਿਜਕਦੇ ਹਨ ਤੇ ਉਨ੍ਹਾਂ ਵੱਲੋਂ ਛੇੜੀ ਕਿਸੇ ਸਾਹਿਤਕ ਚਰਚਾ ਵਿਚ ਭਾਗ ਲੈਣਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਬਿਜਲਈ ਸੰਚਾਰ ਮਾਧਿਅਮਾਂ ਨੇ ਪਾਠਕ ਦੇ ਸੁਹਜ-ਸੁਆਦ ਵਿਚ ਵੱਡੀਆਂ ਤਬਦੀਲੀਆਂ ਲੈ ਆਂਦੀਆਂ ਹਨ। ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਪਾਠਕ ਆਪ ਚੱਲ ਕੇ ਲੇਖਕ ਕੋਲ ਆਉਂਦਾ ਸੀ। ਸਗੋਂ ਉਹ ਸਮਾਂ ਆ ਗਿਆ ਹੈ ਕਿ ਲੇਖਕ ਨੂੰ ਪਾਠਕ ਕੋਲ ਆਪ ਚੱਲ ਕੇ ਜਾਣਾ ਪਵੇਗਾ। ਪਾਠਕ ਕੋਲ ਜਾਣ ਲਈ ਸਾਰਿਆਂ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੁਣ ਸੋਸ਼ਲ ਮੀਡੀਆ ਹੀ ਹੈ। ਜਿਸ ਲੇਖਕ ਨਾਲ ਪਾਠਕਾਂ ਦੀ ਨਿੱਜੀ ਤੌਰ ’ਤੇ ਸਾਂਝ ਹੈ, ਸੁਭਾਵਿਕ ਹੈ ਕਿ ਪਾਠਕ ਉਸਨੂੰ ਪਹਿਲ ਦੇ ਅਧਾਰ ’ਤੇ ਪੜ੍ਹਨਾ ਪਸੰਦ ਕਰਨਗੇ। ਜਿਹੜੇ ਲੇਖਕ ਕਿਸੇ ਕਾਰਨ ਪਾਠਕਾਂ ਨਾਲ ਨਿੱਜੀ ਤੌਰ ’ਤੇ ਜੁੜਨ ਤੇ ਉਨ੍ਹਾਂ ਨਾਲ ਸਾਹਿਤਕ ਸੰਵਾਦ ਰਚਾਉਣ ਤੋਂ ਝਿਜਕਦੇ ਹਨ, ਉਹ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਘਾਟੇ ਵਾਲੀ ਸਥਿਤੀ ਵਿੱਚ ਰਹਿਣਗੇ।
ਮੇਰੇ ਅਨੁਮਾਨ ਅਨੁਸਾਰ ਹੁਣ ਪੰਜਾਬੀ ਦੇ ਲਗਭਗ ਅੱਸੀ ਫ਼ੀਸਦੀ ਲੇਖਕ ਸੋਸ਼ਲ ਮੀਡੀਆ ਜੁੜ ਚੁੱਕੇ ਹਨ। ਜਿਹੜੇ ਲੇਖਕ ਨਹੀਂ ਜੁੜੇ ਉਹ ਜ਼ਰੂਰ ਹੀ ਇਸ ਮੀਡੀਆ ਦੀ ਵਰਤੋਂ ਤਕਨੀਕ ਤੋਂ ਅਣਜਾਣ ਹਨ। ਇਸ ਮੀਡੀਆ ਨਾਲ ਨਾ ਜੁੜ ਸਕਣ ਵਾਲੇ ਲੇਖਕਾਂ ਵੱਲੋਂ ਭਾਵੇ ਸਿੱਧੇ ਅਸਿੱਧੇ ਢੰਗ ਨਾਲ ਇਸਨੂੰ ਭੁਲੇਖਾ ਪਾਊ ਤੇ ਛਿਣਭੰਗਰੀ ਪ੍ਰਸਿੱਧੀ ਪ੍ਰਾਪਤੀ ਦਾ ਢੰਗ ਕਹਿ ਕੇ ਭੰਡਿਆ ਜਾਂਦਾ ਹੈ ਪਰ ਸਚਾਈ ਇਹ ਹੈ ਕਿ ਤੇਜ਼ ਸੂਚਨਾ ਪਹੁੰਚਾਉਣ ਵਾਲਾ ਇਹ ਮੀਡੀਆ ਲੇਖਕਾਂ ਲਈ ਵਰਦਾਨ ਹੀ ਸਾਬਤ ਹੋਇਆ ਹੈ। ਇਸ ਮੀਡੀਆ ਜ਼ਰੀਏ ਪਾਠਕਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਲੇਖਕ ਕੀ ਲਿਖ ਰਿਹਾ ਹੈ ਤੇ ਕਿੱਥੇ ਛਪ ਰਿਹਾ ਹੈ। ਜੇ ਪਾਠਕ ਨੂੰ ਕਿਸੇ ਲੇਖਕ ਦੀ ਕਿਸੇ ਰਚਨਾ ਬਾਰੇ ਕੋਈ ਸ਼ੰਕਾ ਹੈ ਜਾਂ ਉਹ ਉਸ ਰਚਨਾ ਬਾਰੇ ਕਿਸੇ ਹੋਰ ਕਿਸਮ ਦੀ ਸੂਚਨਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਮਿੰਟਾਂ ਸਕਿੰਟਾਂ ਵਿੱਚ ਸੋਸ਼ਲ ਮੀਡੀਆ ਰਾਹੀਂ ਲੇਖਕ ਨਾਲ ਜੁੜ ਕੇ ਇਹ ਕਾਰਜ ਕਰ ਲੈਂਦਾ ਹੈ। ਪਹਿਲਾਂ ਪਾਠਕ ਨੂੰ ਚਿੱਠੀਆਂ ਰਾਹੀਂ ਲੇਖਕ ਨਾਲ ਸੰਪਰਕ ਕਰਨ ਵਿੱਚ ਹਫ਼ਤਿਆਂ ਬੱਧੀ ਸਮਾਂ ਲੱਗ ਜਾਂਦਾ ਸੀ ਤੇ ਅਕਸਰ ਪਾਠਕ ਲੇਖਕ ਨੂੰ ਖ਼ਤ ਲਿਖਣ ਤੋਂ ਸੰਕੋਚ ਕਰਦੇ ਸਨ ਪਰ ਹੁਣ ਲੇਖਕ ਤੇ ਪਾਠਕ ਵਿਚਲੀ ਦੂਰੀ ਕੁਝ ਪਲਾਂ ਦੀ ਹੀ ਰਹਿ ਗਈ ਹੈ।
ਪੰਜਾਬੀ ਪਾਠਕਾਂ ਦਾ ਦਾਇਰਾ ਪੰਜਾਬ ਜਾਂ ਭਾਰਤ ਦੇ ਕੁਝ ਹਿੱਸਿਆਂ ਤੱਕ ਹੀ ਸੀਮਤ ਨਹੀਂ ਹੈ ਸਗੋਂ ਉਹ ਸਾਰੇ ਸੰਸਾਰ ਵਿਚ ਫੈਲੇ ਹੋਏ ਹਨ। ਸੋਸ਼ਲ ਮੀਡੀਆ ਦੀ ਆਮਦ ਤੋਂ ਪਹਿਲਾਂ ਕੁਝ ਗਿਣਤੀ ਦੇ ਲੇਖਕ ਹੀ ਵਿਦੇਸ਼ਾਂ ਵਿੱਚ ਬੈਠੇ ਪਾਠਕਾਂ ਤੱਕ ਪਹੁੰਚ ਸਕਦੇ ਸਨ ਪਰ ਹੁਣ ਹਰ ਲੇਖਕ ਉੱਧਰੋਂ ਛਪਦੇ ਅਖ਼ਬਾਰਾਂ ਤੇ ਸਾਹਿਤਕ ਪਰਚਿਆਂ ਤੱਕ ਪਹੁੰਚ ਬਣਾ ਸਕਦਾ ਹੈ। ਦਸ ਕੁ ਸਾਲ ਪਹਿਲਾ ਕੈਨੇਡਾ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ਨੇ ਮੇਰੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੇ ਇਕ ਲੇਖ ਦੀ ਕਾਪੀ ਕਰਕੇ ਛਾਪੀ। ਜਦੋਂ ਕੇਨੈਡਾ ਰਹਿ ਰਹੇ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਕੈਨੇਡਾ ਦੇ ਫਲਾਂ ਅਖ਼ਬਾਰ ਵਿੱਚ ਤੇਰਾ ਲੇਖ ਪੜ੍ਹਿਆ ਹੈ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਭੇਜੇ ਮੇਰਾ ਲੇਖ ਉੱਥੇ ਕਿਵੇਂ ਛਪ ਗਿਆ। ਉਧਰਲੇ ਅਖਬਾਰਾਂ ਵਿਚ ਆਪਣਾ ਛਪਿਆ ਲੇਖ ਵੇਖਣ ਦੀ ਮੈਨੂੰ ਬਹੁਤ ਉਤਸੁਕਤਾ ਸੀ। ਇਸ ਲਈ ਮੈਂ ਉਚੇਚ ਨਾਲ ਉਸ ਸੱਜਣ ਤੋਂ ਉਹ ਅਖ਼ਬਾਰ ਮੰਗਵਾਇਆ। ਭਾਵੇਂ ਉਸ ਵੇਲੇ ਵੀ ਇੰਟਰਨੈਟ ’ਤੇ ਅਖ਼ਬਾਰ ਪੜ੍ਹਨ ਦੀ ਸਹੂਲਤ ਸੀ ਪਰ ਮੈਂ ਇਸ ਤੋਂ ਅਨਜਾਣ ਸਾਂ। ਅੱਜ ਜਦੋਂ ਮੈਂ ਖ਼ੁਦ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹਾਂ ਤਾਂ ਵਿਦੇਸ਼ਾਂ ਵਿੱਚ ਬੈਠੇ ਹਜ਼ਾਰਾਂ ਪਾਠਕਾਂ ਤੇ ਲੇਖਕਾਂ ਨਾਲ ਮੇਰਾ ਸਿੱਧਾ ਸੰਪਰਕ ਆਪਣੇ ਆਪ ਹੀ ਜੁੜ ਗਿਆ ਹੈ। ਜੇ ਭਲਾ ਮੈਂ ਸੋਸ਼ਲ ਮੀਡੀਆ ਨਾਲ ਨਾ ਜੁੜਦਾ ਤਾਂ ਉਧਰਲੇ ਲੇਖਕਾਂ ਤੇ ਪਾਠਕਾਂ ਦਾ ਪਿਆਰ ਕਿਵੇਂ ਹਾਸਿਲ ਕਰ ਸਕਦਾ ਸੀ।
ਸਕਾਰਾਤਮਕ ਤੇ ਨਕਾਰਾਤਮਕ ਪਹਿਲੂ ਹਰੇਕ ਵਰਤਾਰੇ ਨਾਲ ਜੁੜੇ ਹੁੰਦੇ ਹਨ ਤੇ ਇਹ ਪਹਿਲੂ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਵੀ ਅਸਰਅੰਦਾਜ਼ ਹਨ। ਬਿਜਲੀ ਦਾ ਬਟਨ ਦੱਬ ਕੇ ਘਰ ਨੂੰ ਰੁਸ਼ਨਾਇਆ ਵੀ ਜਾ ਸਕਦਾ ਹੈ ਤੇ ਬਿਜਲੀ ਦੀ ਨੰਗੀ ਤਾਰ ਨੂੰ ਹੱਥ ਲਾ ਕੇ ਜਾਨ ਵੀ ਦਿੱਤੀ ਜਾ ਸਕਦੀ ਹੈ। ਇਹ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਕਿਸੇ ਚੀਜ਼ ਦੀ ਵਰਤੋਂ ਸਕਾਰਾਤਮਕ ਨਜ਼ਰੀਏ ਤੋਂ ਜਾਂ ਨਕਾਰਾਤਮਕ ਨਜ਼ਰੀਏ ਤੋਂ ਕਰਦੇ ਹਾਂ। ਸੋਸ਼ਲ ਮੀਡੀਆ ’ਤੇ ਹਲਕੇ ਪੱਧਰ ਦਾ ਸਸਤਾ ਤੇ ਦਿਸ਼ਾ ਰਹਿਤ ਮਨੋਰੰਜਨ ਵੀ ਹੈ ਤੇ ਮਨੁੱਖੀ ਜੀਵਨ ਤੋਰ ਨੂੰ ਅੱਗੇ ਲੈ ਕੇ ਜਾਣ ਵਾਲਾ ਗੰਭੀਰ ਕਿਸਮ ਦਾ ਸੰਵਾਦ ਵੀ ਹੈ। ਅਸੀਂ ਇਸ ਦੇ ਸਕਾਰਾਤਮਕ ਪੱਖ ਨਾਲ ਜੁੜੀਏ ਤੇ ਇਸ ਰਾਹੀਂ ਲੇਖਕਾਂ-ਪਾਠਕਾਂ ਦੀ ਸਾਂਝ ਨੂੰ ਹੋਰ ਅਰਥਪੂਰਨ ਬਣਾਉਣ ਦਾ ਯਤਨ ਕਰੀਏ। ਆਉਣ ਵਾਲੇ ਸਮੇਂ ਦੀਆਂ ਲੋੜਾਂ ਮੁਤਾਬਿਕ ਅਸੀਂ ਇਸ ਤੋਂ ਭੱਜ ਨਹੀਂ ਸਕਦੇ। ਸਾਡਾ ਹਿੱਤ ਇਸ ਵਿੱਚ ਹੈ ਕਿ ਸਾਹਿਤ ਦੇ ਖੇਤਰ ਵਿੱਚ ਇਸ ਦੀ ਵਰਤੋਂ ਵਧਾ ਕੇ ਸਮੇਂ ਦੇ ਹਾਣੀ ਬਣੀਏ।

Advertisement

ਸੰਪਰਕ: 89682-82700

Advertisement
Author Image

sukhwinder singh

View all posts

Advertisement
Advertisement
×