ਸਿਰਫ਼ ਫ਼ੌਜੀ ਹੱਲ ਦੀ ਕੋਸ਼ਿਸ਼ ਇਜ਼ਰਾਈਲ ਦੀ ਗ਼ਲਤੀ
ਮਨੋਜ ਜੋਸ਼ੀ
ਪੱਛਮੀ ਏਸ਼ੀਆ ਵਿਚ ਇਸ ਸਮੇਂ ਵਾਪਰ ਰਹੀਆਂ ਘਟਨਾਵਾਂ ਫੋਕੇ ਗ਼ਰੂਰ ਦੀ ਅੱਗ ਦਾ ਸਿੱਟਾ ਹਨ। ਇਜ਼ਰਾਇਲੀਆਂ ਦਾ ਇਹ ਗ਼ਰੂਰ ਕਿ ਉਨ੍ਹਾਂ ਆਪਣੇ ਤੌਰ ’ਤੇ ਮੰਨ ਲਿਆ ਹੈ ਕਿ ਉਨ੍ਹਾਂ ਹਮਾਸ ਨੂੰ ਗਾਜ਼ਾ ਵਿਚ ਅਸਰਦਾਰ ਢੰਗ ਨਾਲ ਰੋਕ ਲਿਆ ਹੈ; ਅਮਰੀਕੀਆਂ ਦਾ ਇਹ ਕਿ ਉਨ੍ਹਾਂ ਨੂੰ ਜਾਪਦਾ ਸੀ ਕਿ ਫ਼ਲਸਤੀਨ ਮੁੱਦੇ ਨਾਲ ਸਿੱਝਣ ਤੋਂ ਬਿਨਾਂ ਹੀ ਇਜ਼ਰਾਈਲ ਦੇ ਅਰਬ ਮੁਲਕਾਂ ਨਾਲ ਆਮ ਵਰਗੇ ਰਿਸ਼ਤੇ ਬਣਾਉਣਾ ਵਾਜਬਿ ਤਰੀਕਾ ਸੀ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਦਾ ਇਹ ਕਿ ਉਨ੍ਹਾਂ ਦੀ ਸਨਕੀ ਤੇ ਖ਼ੁਦਗਰਜ਼ ਸਿਆਸਤ ਨੇ ਆਖ਼ਰ ਇਜ਼ਰਾਈਲ ਨੂੰ ਬਹੁਤ ਜ਼ਿਆਦਾ ਕਮਜ਼ੋਰ ਕੀਤਾ ਅਤੇ ਸੰਭਵ ਤੌਰ ’ਤੇ ਇਸ ਨੇ ਹਮਾਸ ਵੱਲੋਂ ਕੀਤੀ ਕਾਰਵਾਈ ਵਿਚ ਵੀ ਭੂਮਿਕਾ ਨਿਭਾਈ।
ਹਮਾਸ ਦੇ ਇਜ਼ਰਾਈਲ ਉਤੇ ਕੀਤੇ ਹਾਲੀਆ ਦਹਿਸ਼ਤੀ ਹਮਲੇ ਨੂੰ ਇਸ ਯਹੂਦੀ ਮੁਲਕ ਦੀ 1948 ਵਿਚ ਹੋਈ ਸਥਾਪਨਾ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਮੰਨ ਲਿਆ ਗਿਆ ਹੈ ਪਰ ਹੁਣ ਮੁੱਦਾ ਇਜ਼ਰਾਈਲ ਦੀ ਜਵਾਬੀ ਕਾਰਵਾਈ ਦਾ ਹੈ। ਇਜ਼ਰਾਈਲ ਨੇ ਗਾਜ਼ਾ ਪੱਟੀ ਨੂੰ ਪਾਣੀ, ਬਜਿਲੀ ਤੇ ਰਸਦ ਦੀ ਸਪਲਾਈ ਬੰਦ ਕਰ ਦਿੱਤੀ ਹੈ ਅਤੇ ਉਥੇ ਅੰਨ੍ਹੇਵਾਹ ਬੰਬਾਰੀ ਕਰ ਰਿਹਾ ਹੈ ਤਾਂ ਕਿ ਜ਼ਮੀਨੀ ਹਮਲਾ ਸ਼ੁਰੂ ਕਰਨ ਲਈ ਇਲਾਕੇ ਨੂੰ ਪੱਧਰ ਕੀਤਾ ਜਾ ਸਕੇ। ਇਹ ਦੇਖਦਿਆਂ ਕਿ ਇਜ਼ਰਾਈਲ ਦੀ ਦਹਿਸ਼ਤਗਰਦੀ-ਰੋਕੂ ਰਣਨੀਤੀ ਧੂੰਆਂ ਬਣ ਕੇ ਉਠ ਚੁੱਕੀ ਹੈ, ਇਹ ਸਾਫ਼ ਨਹੀਂ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਨੂੰ ‘ਹਮਾਸ-ਰਹਤਿ’ ਕਿਵੇਂ ਕੀਤਾ ਜਾਵੇਗਾ। ਉਹ ਆਪਣੇ ਆਪ ਨੂੰ ਬਿਲਕੁਲ ਨਵੀਂ ਸਥਤਿੀ ਵਿਚ ਪਾ ਰਿਹਾ ਹੈ। ਇਥੋਂ ਤੱਕ ਕਿ ਜਿਵੇਂ ਉਸ ਦੇ ਦੋਸਤ ਵੀ ਇਹੋ ਸਲਾਹ ਦੇ ਰਹੇ ਹਨ ਕਿ ਇਜ਼ਰਾਈਲ ਨੂੰ ਆਪਣੇ ਬਦਲਾਂ ਬਾਰੇ ਬਹੁਤ ਧਿਆਨ ਨਾਲ ਸੋਚਣ ਦੀ ਲੋੜ ਹੈ ਅਤੇ ਮੌਕੇ ਦੇ ਜਜ਼ਬਾਤ ਨੂੰ ਆਪਣੇ ਉਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।
ਅਲ-ਕਾਇਦਾ ਦੇ 9/11 ਹਮਲਿਆਂ ਦੇ ਅਜਿਹੇ ਹੀ ਹਾਲਾਤ ਦੌਰਾਨ ਅਮਰੀਕਾ ਨੇ ਦਹਿਸ਼ਤਗਰਦੀ ਖ਼ਿਲਾਫ਼ ਆਲਮੀ ਜੰਗ ਦਾ ਐਲਾਨ ਕੀਤਾ ਸੀ। ਇਸ ਤੋਂ ਇਕ ਚੌਥਾਈ ਸਦੀ ਬਾਅਦ ਮੁਲੰਕਣ ਕਰਨ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਦੀਆਂ ਅਫ਼ਗ਼ਾਨਿਸਤਾਨ ਵਿਚ ‘ਲੋੜ ਦੀ ਜੰਗ’ ਅਤੇ ਇਰਾਕ ਵਿਚ ‘ਪਸੰਦ ਦੀ ਜੰਗ’ ਆਖ਼ਰ ਅਮਰੀਕਾ ਲਈ ਤਬਾਹਕੁਨ ਰੂਪ ਵਿਚ ਅਤੇ ਨਾਲ ਹੀ ਇਰਾਕ ਤੇ ਅਫ਼ਗ਼ਾਨਿਸਤਾਨ ਦੇ ਲੋਕਾਂ ਲਈ ਦੁਖਦਾਈ ਰੂਪ ਵਿਚ ਖ਼ਤਮ ਹੋਈਆਂ ਪਰ ਇਸ ਸਭ ਕਾਸੇ ਦੀ ਇਜ਼ਰਾਇਲੀ ਲੀਡਰਸ਼ਿਪ ਨੂੰ ਕੋਈ ਪਰਵਾਹ ਨਹੀਂ ਜਾਪਦੀ। ਇਸ ਦੇ ਸਖ਼ਤੀ ਦੀਆਂ ਗੱਲਾਂ ਕਰਨ ਵਾਲੇ ਜਰਨੈਲ ਕਹਿੰਦੇ ਹਨ ਕਿ ਉਹ ਗਾਜ਼ਾ ਨੂੰ ਮਲੀਆਮੇਟ ਕਰਨ ਤੋਂ ਬਾਅਦ ਇਸ ਨਾਲ ਹਰ ਤਰ੍ਹਾਂ ਦੇ ਸਬੰਧ ਖ਼ਤਮ ਕਰ ਦੇਣਗੇ ਪਰ ਇਸ ਦੇ ਬਾਵਜੂਦ ਇਹ ਇਜ਼ਰਾਈਲ ਦੇ ਐਨ ਗੁਆਂਢ ਵਿਚ ਰਹਿ ਰਹੇ 20 ਲੱਖ ਲੋਕਾਂ ਦਾ ਸਮੂਹ ਹੋਵੇਗਾ, ਭਾਵੇਂ ਇਸ ਨੂੰ ਨਵੇਂ ਗ਼ੈਰ-ਫ਼ੌਜੀ ਖੇਤਰ ਰਾਹੀਂ ਵੱਖ ਹੀ ਕਿਉਂ ਨਾ ਕਰ ਦਿੱਤਾ ਜਾਵੇ।
ਸੰਯੁਕਤ ਰਾਸ਼ਟਰ ਦੇ ਮਤੇ ਦੇ ਆਧਾਰ ਉਤੇ ਕਾਇਮ ਕੀਤੇ ਇਜ਼ਰਾਈਲ ਨੂੰ ਉਨ੍ਹਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਇਸ ਨੇ ਜਬਰੀ ਉਨ੍ਹਾਂ ਦੀ ਆਪਣੀ ਹੀ ਜ਼ਮੀਨ ਤੋਂ ਉਜਾੜ ਦਿੱਤਾ ਸੀ। ਦਹਾਕਿਆਂ ਤੱਕ ਇਹ ਖ਼ਤਰਿਆਂ ਨੂੰ ਮਾਤ ਦੇਣ ਜਾਂ ਅਗਾਊਂ ਤੌਰ ’ਤੇ ਹੀ ਖ਼ਤਮ ਕਰ ਦੇਣ ਲਈ ਆਪਣੀ ਫ਼ੌਜੀ ਤਾਕਤ ਅਤੇ ਬਹੁਤ ਕਾਰਆਮਦ ਖ਼ੁਫ਼ੀਆ ਸੇਵਾਵਾਂ ਉਤੇ ਨਿਰਭਰ ਕਰਦਾ ਰਿਹਾ ਹੈ। ਆਪਣੀ ਸੁਰੱਖਿਆ ਕਵਾਇਦ ਦੇ ਹਿੱਸੇ ਵਜੋਂ ਇਸ ਨੇ 1967 ਵਿਚ ਇਲਾਕੇ ਦਾ ਪਸਾਰ ਕਰਦਿਆਂ ਪੱਛਮੀ ਕਿਨਾਰੇ ਅਤੇ ਗਾਜ਼ਾ ਪੱਟੀ ਉਤੇ ਕਬਜ਼ਾ ਕਰ ਲਿਆ, ਜਿਥੇ ਉਹ ਫ਼ਲਸਤੀਨੀ ਸ਼ਰਨਾਰਥੀ ਰਹਿ ਰਹੇ ਸਨ ਜਿਨ੍ਹਾਂ ਨੂੰ ਨਵੇਂ ਮੁਲਕ ਇਜ਼ਰਾਈਲ ਦੀ ਕਾਇਮੀ ਲਈ ਉਨ੍ਹਾਂ ਦੇ ਆਪਣੇ ਘਰਾਂ ਤੋਂ ਬੇਘਰ ਕਰ ਦਿੱਤਾ ਗਿਆ ਸੀ। ਫ਼ਲਸਤੀਨੀਆਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਉਜਾੜ ਦੇਣਾ ਜੋ ਹਾਲੇ ਵੀ ਜਾਰੀ ਹੈ, ਕਾਫ਼ੀ ਹੱਦ ਤੱਕ ਇਜ਼ਰਾਇਲੀ ਢੰਗ-ਤਰੀਕਿਆਂ ਦਾ ਹਿੱਸਾ ਰਿਹਾ ਹੈ, ਜਿਵੇਂ ਇਸ ਦੇ ਜਵਾਬ ਵਿਚ ਦਹਿਸ਼ਤਗਰਦੀ ਫ਼ਲਸਤੀਨੀ ਢੰਗ-ਤਰੀਕਿਆਂ ਦਾ ਹਿੱਸਾ ਰਹੀ ਹੈ।
ਆਪਣੀਆਂ ਸਰਹੱਦਾਂ ਉਤੇ ਖ਼ਤਰੇ ਦੇ ਮੱਦੇਨਜ਼ਰ ਇਜ਼ਰਾਈਲ ਨੇ ਸਮੁੱਚੇ ਫ਼ਲਸਤੀਨੀ ਇਲਾਕਿਆਂ, ਅਰਬ ਮੁਲਕਾਂ ਤੇ ਇਥੋਂ ਤੱਕ ਕਿ ਇਰਾਨ ਵਿਚ ਵੀ ਆਪਣੇ ਸੂਹੀਆਂ ਤੇ ਏਜੰਟਾਂ ਦਾ ਜ਼ਬਰਦਸਤ ਖ਼ੁਫ਼ੀਆ ਨੈੱਟਵਰਕ ਕਾਇਮ ਕੀਤਾ ਹੋਇਆ ਹੈ। ਇਸ ਨੇ ਗਾਜ਼ਾ ਦੇ ਦੁਆਲੇ ਵੀ ਉੱਚ ਤਕਨੀਕੀ ਬੈਰੀਅਰ ਬਣਾਇਆ ਹੋਇਆ ਹੈ ਪਰ ਜਿਸ ਤਰ੍ਹਾਂ ਇਜ਼ਰਾਈਲ ਅੰਦਰ ਹਮਲਾ ਕੀਤਾ ਗਿਆ, ਉਸ ਤੋਂ ਪਤਾ ਲੱਗਦਾ ਹੈ ਕਿ ਇਸ ਦੀਆਂ ਇਹ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।
ਗਾਜ਼ਾ ਉਤੇ ਇਜ਼ਰਾਈਲ ਵੱਲੋਂ ਆਪਣਾ 38 ਸਾਲ ਲੰਮਾ ਕਬਜ਼ਾ ਛੱਡੇ ਜਾਣ ਦੇ ਦੋ ਸਾਲਾਂ ਦੌਰਾਨ ਹੀ ਹਮਾਸ ਨੇ ਇਸ 45 ਕਿਲੋਮੀਟਰ ਲੰਮੇ ਜ਼ਮੀਨੀ ਟੁਕੜੇ ਉਤੇ ਆਪਣਾ ਕੰਟਰੋਲ ਬਣਾ ਲਿਆ ਜੋ ਇਜ਼ਰਾਈਲ, ਮਿਸਰ ਅਤੇ ਸਮੁੰਦਰ ਦੇ ਵਿਚਕਾਰ ਸਥਤਿ ਹੈ। ਉਸ ਤੋਂ ਬਾਅਦ ਇਜ਼ਰਾਈਲ ਨੇ ਚਾਰ ਮੌਕਿਆਂ ਉਤੇ ਗਾਜ਼ਾ ਖ਼ਿਲਾਫ਼ ਹਵਾਈ ਜਾਂ ਜ਼ਮੀਨੀ ਹਮਲੇ ਵਿੱਢੇ ਹਨ। ਪਹਿਲੀ ਵਾਰ ਅਜਿਹਾ 2008 ਵਿਚ ਹੋਇਆ ਜਦੋਂ ਤਿੰਨ ਹਫ਼ਤਿਆਂ ਦੀ ਜੰਗ ਦਾ ਸਿੱਟਾ 1000 ਫ਼ਲਸਤੀਨੀਆਂ ਅਤੇ 13 ਇਜ਼ਰਾਇਲੀਆਂ ਦੀਆਂ ਮੌਤਾਂ ਵਜੋਂ ਨਿਕਲਿਆ। ਨਵੰਬਰ 2012 ਵਿਚ ਇਜ਼ਰਾਇਲੀਆਂ ਨੇ ਗਾਜ਼ਾ ਪੱਟੀ ਉਤੇ ਲਗਾਤਾਰ ਅੱਠ ਦਿਨ ਹਮਲੇ ਕੀਤੇ। ਫਿਰ 2014 ਵਿਚ ਛੇ ਹਫ਼ਤੇ ਤੱਕ ਚੱਲੇ ਹਵਾਈ ਅਤੇ ਜ਼ਮੀਨੀ ਹਮਲੇ ਵਿਚ ਬਹੁਤ ਸਾਰੇ ਇਜ਼ਰਾਇਲੀ ਤੇ 2000 ਫ਼ਲਸਤੀਨੀ ਮਾਰੇ ਗਏ। ਇਸੇ ਤਰ੍ਹਾਂ 2021 ਵਿਚ 11 ਰੋਜ਼ਾ ਲੜਾਈ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਹਮਾਸ ਨੇ ਇਜ਼ਰਾਈਲ ਦੇ ਸ਼ਹਿਰਾਂ ਕਸਬਿਆਂ ਉਤੇ ਰਾਕਟ ਹਮਲੇ ਕੀਤੇ ਅਤੇ ਜਵਾਬ ਵਿਚ ਇਜ਼ਰਾਈਲ ਨੇ ਗਾਜ਼ਾ ਉਤੇ ਤੋਪਾਂ ਤੇ ਜਹਾਜ਼ਾਂ ਰਾਹੀਂ ਗੋਲੇ ਵਰ੍ਹਾਏ। ਇਸ ਦੌਰਾਨ ਘੱਟੋ-ਘੱਟ 13 ਇਜ਼ਰਾਇਲੀ ਅਤੇ 250 ਫ਼ਲਸਤੀਨੀ ਹਲਾਕ ਹੋਏ। ਹਮਾਸ ਅਤੇ ਇਜ਼ਰਾਈਲ ਦਰਮਿਆਨ ਜਾਰੀ ਮੌਜੂਦਾ ਲੜਾਈ ਵਿਚ ਹੋਏ ਜਾਨੀ ਨੁਕਸਾਨ ਦਾ ਲੇਖਾ-ਜੋਖਾ ਹਾਲੇ ਕੀਤਾ ਜਾਣਾ ਹੈ ਪਰ ਜ਼ਾਹਿਰਾ ਤੌਰ ’ਤੇ ਮੌਤਾਂ ਦੀ ਗਿਣਤੀ ਕਈ ਹਜ਼ਾਰਾਂ ਵਿਚ ਹੋ ਸਕਦੀ ਹੈ।
ਇਹ ਹਿੰਸਾ ਦਾ ਜਵਾਬ ਹਿੰਸਾ ਰਾਹੀਂ ਦੇਣ ਦਾ ਸਪਸ਼ਟ ਨਮੂਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਹਮਾਸ ਦੇ ਹਮਲੇ ਕਾਰਨ ਇਜ਼ਰਾਈਲ ਵਿਚ ਜਿਸ ਤਰ੍ਹਾਂ ਵੱਡੀ ਗਿਣਤੀ ਮੌਤਾਂ ਹੋਈਆਂ ਅਤੇ ਨਾਲ ਹੀ ਹਮਾਸ ਵੱਲੋਂ ਲੋਕਾਂ ਨੂੰ ਅਗਵਾ ਕੀਤੇ ਜਾਣ ਦੇ ਮੱਦੇਨਜ਼ਰ ਇਜ਼ਰਾਈਲ ਬਦਲੇ ਦੀ ਅਜਿਹੀ ਕਾਰਵਾਈ ਕਰਨੀ ਚਾਹੁੰਦਾ ਹੈ ਜਿਹੜੀ ਫ਼ਲਸਤੀਨੀਆਂ ਨੂੰ ਮੁੜ ਇਸ ਤਰ੍ਹਾਂ ਕਰਨ ਤੋਂ ਵਰਜ ਸਕੇ ਪਰ ਅਜਿਹਾ ਅਤੀਤ ਵਿਚ ਵੀ ਕਈ ਵਾਰ ਕੀਤਾ ਜਾ ਚੁੱਕਾ ਹੈ। ਇਸ ਕਾਰਨ ਇਜ਼ਰਾਇਲੀਆਂ ਨੂੰ ਹੁਣ ਤੱਕ ਸਮਝ ਜਾਣਾ ਚਾਹੀਦਾ ਸੀ ਕਿ ਇਸ ਮੁੱਦੇ ਦੇ ਹੱਲ ਲਈ ਸਿਰਫ਼ ਤਾਕਤ ਹੀ ਕਾਫ਼ੀ ਨਹੀਂ ਹੋਵੇਗੀ।
ਗਾਜ਼ਾ ਵਿਚ ਹਮਾਸ ਦਾ ਪ੍ਰਭਾਵ ਖ਼ਤਮ ਕਰਨ ਜਾਂ ਘਟਾਉਣ ਲਈ ਦੋਵੇਂ ਫ਼ੌਜੀ ਅਤੇ ਸਿਆਸੀ ਹੱਲ ਦਰਕਾਰ ਹਨ। ਪਹਿਲਾ, ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਜਵਾਬੀ ਕਾਰਵਾਈਆਂ ਦਾ ਨਿਸ਼ਾਨਾ ਸਿਰਫ਼ ਹਮਾਸ ਨੂੰ ਬਣਾਇਆ ਜਾਵੇ। ਫ਼ਲਸਤੀਨੀਆਂ ਦੀਆਂ ਵੱਡੇ ਪੱਧਰ ’ਤੇ ਮੌਤਾਂ ਅਤੇ ਉਨ੍ਹਾਂ ਨੂੰ ਪੇਸ਼ ਅੰਤਾਂ ਦੀਆਂ ਮੁਸ਼ਕਿਲਾਂ ਨਾਲ ਤਾਂ ਸਿਰਫ਼ ਹਿੰਸਾ ਦਾ ਪਹੀਆ ਹੀ ਤੇਜ਼ ਘੁੰਮੇਗਾ। ਇਜ਼ਰਾਈਲ ਨੂੰ ਆਪਣੀ ਹਿਫ਼ਾਜ਼ਤ ਕਰਨ ਦਾ ਹੱਕ ਹੈ ਪਰ ਲੋਕਾਂ ਨੂੰ ਘੇਰਾਬੰਦੀ ਵਿਚ ਜਕੜਨਾ, ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਮਹਿਰੂਮ ਕਰਨਾ ਅਤੇ ਉਨ੍ਹਾਂ ਨੂੰ ਇਕ ਤਰ੍ਹਾਂ ਸਮੂਹਿਕ ਸਜ਼ਾ ਦੇਣ ਵਰਗੀਆਂ ਕਾਰਵਾਈਆਂ ਕਰਨਾ ਕੌਮਾਂਤਰੀ ਕਾਨੂੰਨਾਂ ਦਾ ਗੰਭੀਰ ਉਲੰਘਣ ਹੈ। ਇਜ਼ਰਾਈਲ ਦੀ ਬੰਬਾਰੀ ਮੁਹਿੰਮ ਕੋਈ ਨਿਖੇੜਾ ਨਹੀਂ ਕਰ ਰਹੀ। ਇਸ ਦੇ ਹਿਸਾਬ ਨਾਲ ਹੀ ਹਮਾਸ ਗਾਜ਼ਾ ਵਿਚ ਮਜਬੂਰ ਲੋਕਾਂ ਨੂੰ ਢਾਲ ਵਜੋਂ ਇਸਤੇਮਾਲ ਕਰ ਰਹੀ ਹੈ। ਅਮਰੀਕਾ ਅਤੇ ਦੂਜੇ ਪੱਛਮੀ ਮੁਲਕਾਂ ਨੂੰ ਇਜ਼ਰਾਈਲ ਉਤੇ ਲਾਜ਼ਮੀ ਤੌਰ ’ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਜੰਗ ਦੇ ਨਿਯਮਾਂ ਦਾ ਪਾਲਣ ਕਰੇ; ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਦੱਖਣੀ ਸੰਸਾਰ ਅੰਦਰ ਇਹੋ ਰਾਇ ਮਜ਼ਬੂਤ ਕਰਨਗੇ ਕਿ ਕੌਮਾਂਤਰੀ ਕਾਨੂੰਨ ਅਜਿਹੀ ਚੀਜ਼ ਹੈ ਜਿਸ ’ਤੇ ਉਹ ਉਦੋਂ ਹੀ ਜ਼ੋਰ ਦਿੰਦੇ ਹਨ ਜਦੋਂ ਉਨ੍ਹਾਂ ਨੂੰ ਮੁਆਫ਼ਕ ਹੋਵੇ; ਜਦੋਂ ਅਜਿਹਾ ਨਾ ਹੋਵੇ ਤਾਂ ਉਸ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਣ ’ਚ ਕੋਈ ਝਜਿਕ ਨਹੀਂ ਦਿਖਾਉਂਦੇ।
ਇਜ਼ਰਾਈਲ ਅਤੇ ਇਸ ਦੇ ਵੱਡੇ ਹਮਾਇਤੀ ਅਮਰੀਕਾ ਨੂੰ ਸਮਝਣਾ ਪਵੇਗਾ ਕਿ ਅਜੋਕਾ ਪੱਛਮੀ ਏਸ਼ੀਆ ਬਿਲਕੁਲ ਵੀ ਉਹੋ ਜਿਹਾ ਨਹੀਂ ਹੈ ਜਿਵੇਂ ਇਹ ਅਮਰੀਕਾ ਦੀ ਸਰਦਾਰੀ ਵਾਲੇ ਜ਼ਮਾਨੇ ਵਿਚ ਸੀ। ਇਜ਼ਰਾਈਲ ਦੀ ਲੰਮੀ ਮਿਆਦ ਲਈ ਸੁਰੱਖਿਆ ਵਾਸਤੇ ਜ਼ਰੂਰੀ ਹੈ ਕਿ ਉਹ ਮਿਸਰ, ਸਾਊਦੀ ਅਰਬ, ਕਤਰ, ਤੇ ਜੇ ਸੰਭਵ ਹੋਵੇ ਤਾਂ ਇਰਾਨ ਵਰਗੇ ਮੁਲਕਾਂ ਤੱਕ ਵੀ ਪਹੁੰਚ ਕਰੇ ਅਤੇ ਮਾਮਲਿਆਂ ਦੇ ਸਿਆਸੀ ਨਬਿੇੜੇ ਦਾ ਰਾਹ ਅਪਣਾਵੇ।
*ਵਿਸ਼ੇਸ਼ ਫੈਲੋ, ਅਬਜ਼ਰਵਰ ਰਿਸਰਚ ਫਾਊਂਡੇਸ਼ਨ।