ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ ਦੇ ਅਖਨੂਰ ਸੈਕਟਰ ਵਿੱਚ ਫੌਜੀ ਐਂਬੂਲੈਂਸ ’ਤੇ ਹਮਲਾ ਨਾਕਾਮ

07:06 AM Oct 29, 2024 IST
ਅਖਨੂਰ ਸੈਕਟਰ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਮਗਰੋਂ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਜਵਾਨ। -ਫੋਟੋ: ਏਐੱਨਆਈ

ਜੰਮੂ, 28 ਅਕਤੂਬਰ
ਜੰਮੂ ਜ਼ਿਲ੍ਹੇ ਦੇ ਅਖ਼ਨੂਰ ਸੈਕਟਰ ਵਿਚ ਅੱਜ ਸਵੇਰੇ ਫੌਜੀ ਐਂਬੂਲੈਂਸ ਉੱਤੇ ਘਾਤ ਲਾ ਕੇ ਕੀਤੇ ਹਮਲੇ ਨੂੰ ਨਾਕਾਮ ਕਰਦਿਆਂ ਵਿਸ਼ੇਸ਼ ਬਲਾਂ ਤੇ ਐੱਨਐੱਸਜੀ ਕਮਾਂਡੋਜ਼ ਨੇ ਇਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਹੈ, ਜਦੋਂਕਿ ਜੰਗਲੀ ਇਲਾਕੇ ਵਿਚ ਲੁਕੇ ਦੋ ਹੋਰਨਾਂ ਦੀ ਪੈੜ ਨੱਪਣ ਲਈ ਵੱਡੇ ਪੱਧਰ ਉੱਤੇ ਤਲਾਸ਼ੀ ਮੁਹਿੰਮ ਤੇ ਅਪਰੇਸ਼ਨ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖੌਰ ਦੇ ਭੱਤਲ ਇਲਾਕੇ ਵਿਚ ਕੰਟਰੋਲ ਰੇਖਾ ਦੇ ਨਾਲ ਜੋਗਵਾਨ ਪਿੰਡ ਵਿਚ ਅਸਾਨ ਮੰਦਰ ਨੇੜੇ ਵਿੱਢੇ ਅਪਰੇਸ਼ਨ ਲਈ ਬੀਐੱਮਪੀ-2 ਇਨਫੈਂਟਰੀ ਦੇ ਲੜਾਕੂ ਵਾਹਨਾਂ ਤੇ ਹੈਲੀਕਾਪਟਰਾਂ ਦੀ ਮਦਦ ਲਈ ਗਈ ਹੈ। ਬੀਐੱਮਪੀ-2 1980ਵਿਆਂ ਦੇ ਦੌਰ ਦਾ ਸੋਵੀਅਤ ਯੂਨੀਅਨ ਇਨਫੈਂਟਰੀ ਦਾ ਲੜਾਕੂ ਵਹੀਕਲ ਹੈ।
ਫੌਜ ਦੀ ਜੰਮੂ ਅਧਾਰਿਤ ਵ੍ਹਾਈਟ ਕੋਰਪਸ ਨੇ ਕਿਹਾ, ‘‘ਇਕ ਦਹਿਸ਼ਤਗਰਦ ਦੀ ਲਾਸ਼ ਹਥਿਆਰ ਸਣੇ ਬਰਾਮਦ ਕੀਤੀ ਗਈ ਹੈ। ਅਪਰੇਸ਼ਨ ਜਾਰੀ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦ, ਜਿਨ੍ਹਾ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ, ਨੇ ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਫੌਜੀ ਕਾਫ਼ਲੇ- ਜੋ ਸੁਰੱਖਿਆ ਬਲਾਂ ਦੀ ਐਂਬੂਲੈਂਸ ਦਾ ਹਿੱਸਾ ਸੀ, ਉੱਤੇ ਗੋਲੀਆਂ ਚਲਾਈਆਂ। ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ਮਗਰੋਂ ਇਹ ਦਹਿਸ਼ਤਗਰਦ ਨੇੜਲੇ ਜੰਗਲੀ ਇਲਾਕੇ ਵੱਲ ਭੱਜ ਗਏ।
ਫ਼ੌਜ ਦੇ ਵਿਸ਼ੇਸ਼ ਬਲਾਂ ਤੇ ਨੈਸ਼ਨਲ ਸਕਿਓਰਿਟੀ ਗਾਰਡਜ਼ (ਐੱਨਐੱਸਜੀ) ਅਤੇ ਪੁਲੀਸ ਨੇ ਇਲਾਕੇ ਨੂੰ ਫੌਰੀ ਚਾਰੇ ਪਾਸਿਉਂ ਘੇਰ ਲਿਆ। ਇਸ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਇਕ ਦਹਿਸ਼ਤਗਰਦ ਮਾਰਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਆਖਰੀ ਖ਼ਬਰਾਂ ਮਿਲਣ ਤੱਕ ਦੋਵਾਂ ਧਿਰਾਂ ਦਰਮਿਆਨ ਗੋਲੀਬਾਰੀ ਜਾਰੀ ਸੀ ਅਤੇ ਦਹਿਸ਼ਤਗਰਦਾਂ ਦੇ ਬਚ ਨਿਕਲਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਹਨ। -ਪੀਟੀਆਈ

Advertisement

ਅਤਿਵਾਦੀ ਵਿਰੋਧੀ ਮੁਹਿੰਮ ਦੌਰਾਨ ‘ਫੈਂਟਮ’ ਦੀ ਮੌਤ

ਜੰਮੂ: ਅਖਨੂਰ ਸੈਕਟਰ ’ਚ ਹੋਏ ਮੁਕਾਬਲੇ ਦੌਰਾਨ ਅਤਿਵਾਦੀਆਂ ਦੀ ਗੋਲੀ ਵੱਜਣ ਕਾਰਨ ਫੌਜੀ ਕੁੱਤਾ ‘ਫੈਂਟਮ’ ਮਾਰਿਆ ਗਿਆ। ਵਾਈਟ ਨਾਈਟ ਕੋਰ ਨੇ ਐਕਸ ’ਤੇ ਕਿਹਾ, ‘ਅਸੀਂ ਸਾਡੇ ਸੱਚੇ ਨਾਇਕ ਦੀ ਕੁਰਬਾਨੀ ਨੂੰ ਸਲਾਮ ਕਰਦੇ ਹਾਂ। ਫੈਂਟਮ ਦੇ ਹੌਸਲੇ, ਵਫਾਦਾਰੀ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ।’ -ਪੀਟੀਆਈ

Advertisement
Advertisement