ਪੱਤਰਕਾਰ ਵਰਿੰਦਰਜੀਤ ਜਾਗੋਵਾਲ ’ਤੇ ਹਮਲਾ
ਪੱਤਰ ਪ੍ਰੇਰਕ
ਧਾਰੀਵਾਲ, 7 ਜੂਨ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਦੇ ਗੁਰਦੁਆਰੇ ਦੀ ਜ਼ਮੀਨ ਦੀ ਹੋ ਰਹੀ ਨਿਸ਼ਾਨਦੇਹੀ ਮੌਕੇ ਪਹੁੰਚੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਵਰਿੰਦਰਜੀਤ ਸਿੰਘ ਜਾਗੋਵਾਲ ਉੱਪਰ ਪਿੰਡ ਦੇ ਇੱਕ ਵਿਅਕਤੀ ਨੇ ਕਹੀ ਨਾਲ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਲੱਗਣ ਨਾਲ ਉਹ ਬੇਹੋਸ਼ ਹੋ ਗਿਆ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਦੇ ਛੋਟੇ ਭਰਾ ਕਰਨਲਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਪਿੰਡ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਖੇਤਾਂ ਵਿੱਚ ਗੁਰਦੁਆਰੇ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਸੀ। ਇਸ ਦੌਰਾਨ ਜਦੋਂ ਵਰਿੰਦਰਜੀਤ ਸਿੰਘ ਨਿਸ਼ਾਨਦੇਹੀ ਵਾਲੀ ਥਾਂ ਨਜ਼ਦੀਕ ਪੁੱਜਾ ਤਾਂ ਬਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਜਾਗੋਵਾਲ ਬਾਂਗਰ ਨੇ ਪਿਛਲੇ ਪਾਸਿਓਂ ਆ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ਵਿੱਚ ਕਹੀ ਮਾਰ ਦਿੱਤੀ। ਹਮਲਾਵਰ ਗੰਭੀਰ ਸੱਟਾਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਕਰਨਲਜੀਤ ਨੇ ਦੱਸਿਆ ਕਿ ਸਿਰ ਉੱਪਰ ਪੱਗ ਬੰਨ੍ਹੀ ਹੋਣ ਕਰ ਕੇ ਵਰਿੰਦਜੀਤ ਦੀ ਜਾਨ ਬਚ ਗਈ ਪਰ ਉਸ ਦੇ ਸੱਜੇ ਮੋਢੇ ‘ਤੇ ਗੰਭੀਰ ਸੱਟਾਂ ਲੱਗਣ ਨਾਲ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਗੰਭੀਰ ਹਾਲਤ ਵਿੱਚ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਕਾਹਨੂੰਵਾਨ ਵਿੱਚ ਪਹੁੰਚਾਇਆ ਗਿਆ। ਇਸ ਸਬੰਧੀ ਥਾਣਾ ਕਾਹਨੂੰਵਾਨ ਵਿੱਚ ਲਿਖਤੀ ਤੌਰ ‘ਤੇ ਸੂਚਨਾ ਦੇ ਦਿੱਤੀ ਹੈ।
ਪੱਤਰਕਾਰ ਫੀਲਡ ਯੂਨੀਅਨ ਕਾਹਨੂੰਵਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਗੁਰਦਾਸਪਰ ਅਤੇ ਥਾਣਾ ਮੁਖੀ ਪਾਸੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਕਾਰਵਾਈ ਕੀਤੀ ਜਾਵੇ। ਥਾਣਾ ਕਾਹਨੂੰਵਾਨ ਦੇ ਮੁਖੀ ਸੁਖਜੀਤ ਸਿੰਘ ਰਿਆੜ ਨੇ ਕਿਹਾ ਵਰਿੰਦਰਜੀਤ ਸਿੰਘ ਦੀ ਮੈਡੀਕਲ ਰਿਪੋਰਟ ਥਾਣੇ ਪਹੁੰਚ ਗਈ ਹੈ। ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।