ਅੰਮ੍ਰਤਿਸਰ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ’ਤੇ ਹਮਲਾ
ਅੰਮ੍ਰਤਿਸਰ (ਟਨਸ): ਇੱਥੇ ਫਤਿਹਗੜ੍ਹ ਚੂੜੀਆਂ ਰੋਡ ਸਥਤਿ ਭੁੱਲਰ ਐਵੇਨਿਊ ’ਚ ਅੱਜ ਸਵੇਰੇ ਕਾਊਂਟਰ ਇੰਟੈਲੀਜੈਂਸ ਪੁਲੀਸ ਦੇ ਇੰਸਪੈਕਟਰ ਪ੍ਰਭਜੀਤ ਸਿੰਘ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸਵੇਰ ਵੇਲੇ ਸੈਰ ਕਰਨ ਜਾ ਰਿਹਾ ਸੀ। ਘਟਨਾ ਵੇਲੇ ਉਸ ਨੇ ਬੁਲੇਟਪਰੂਫ ਜੈਕੇਟ ਪਾਈ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਫਿਲਹਾਲ ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਇਸ ਵੇਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ’ਚ ਤਾਇਨਾਤ ਹੈ। ਪੁਲੀਸ ਅਨੁਸਾਰ ਪ੍ਰਭਜੀਤ ਸਿੰਘ ਨੂੰ ਕਈ ਮਹੀਨਿਆਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਵਿਭਾਗ ਨੇ ਸੁਰੱਖਿਆ ਲਈ ਉਸ ਨੂੰ ਬੁਲੇਟਪਰੂਫ ਜੈਕੇਟ ਵੀ ਮੁਹੱਈਆ ਕਰਵਾਈ ਹੋਈ ਹੈ। ਅਕਾਸ਼ ਐਵੇਨਿਊ ਵਾਸੀ ਪ੍ਰਭਜੀਤ ਸਿੰਘ ਅੱਜ ਰੋਜ਼ਾਨਾ ਦੀ ਤਰ੍ਹਾਂ ਆਪਣੇ ਰਿਹਾਇਸ਼ੀ ਇਲਾਕੇ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਭੁੱਲਰ ਐਵੇਨਿਊ ਵਿੱਚ ਸੈਰ ਕਰ ਰਿਹਾ ਸੀ। ਇਸ ਦੌਰਾਨ ਉਥੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੁਲੀਸ ਦੇ ਸਹਾਇਕ ਕਮਿਸ਼ਨਰ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪ੍ਰਭਜੀਤ ਦੇ 7 ਗੋਲੀਆਂ ਮਾਰੀਆਂ ਗਈਆਂ ਹਨ। ਛੇ ਉਸ ਦੀ ਛਾਤੀ ਨੇੜੇ ਲੱਗੀਆਂ ਹਨ ਜਦਕਿ ਇੱਕ ਉਸ ਦੀ ਪੱਗ ’ਚ ਵਿੱਚ ਲੱਗੀ ਹੈ। ਜ਼ਿਕਰਯੋਗ ਹੈ ਕਿ ਪ੍ਰਭਜੀਤ ਸਿੰਘ ਸੀਆਈਏ ਇੰਚਾਰਜ ਹਨ। ਉਹ ਉਨ੍ਹਾਂ ਪੰਜ ਪੁਲੀਸ ਮੁਲਾਜ਼ਮਾਂ ’ਚ ਸ਼ਾਮਲ ਸਨ, ਜਿਨ੍ਹਾਂ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ‘ਆਪ’ ਵਿਧਾਇਕ ਦੇ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ ਸੀ। ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।