ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ’ਤੇ ਹਮਲਾ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਤਿਸਰ, 6 ਨਵੰਬਰ
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਦੀਪ ਸਿੰਘ ’ਤੇ ਕੁਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕਾਰ ਦੀ ਭੰਨ੍ਹਤੋੜ ਵੀ ਕੀਤੀ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਵਿੱਚ ਕੁਝ ਵਿਅਕਤੀ ਹਜ਼ੂਰੀ ਰਾਗੀ ਦੀ ਕਾਰ ਦੀ ਭੰਨ੍ਹਤੋੜ ਕਰ ਰਹੇ ਹਨ। ਰਾਗੀ ਭਾਈ ਮਹਾਦੀਪ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਬਟਾਲਾ ਨੇੜੇ ਪਿੰਡ ਦਾਲਮ ਵਿੱਚ ਕੀਰਤਨ ਲਈ ਗਏ ਸਨ। ਜਦੋਂ ਦੇਰ ਸ਼ਾਮ ਕਰੀਬ 7.30 ਵਜੇ ਉਹ ਵਾਪਸ ਆ ਰਹੇ ਸਨ ਤਾਂ ਜੈਂਤੀਪੁਰ ਨੇੜੇ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਰੋਕ ਲਈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਦਾਤਰ ਨਾਲ ਕਾਰ ਦੇ ਸ਼ੀਸ਼ੇ ਭੰਨ੍ਹ ਦਿੱਤੇ ਅਤੇ ਉਨ੍ਹਾਂ ਦੀ ਖਿੱਚਧੂਹ ਵੀ ਕੀਤੀ। ਬਚਾਅ ਵਜੋਂ ਉਨ੍ਹਾਂ ਨੇ ਵੀ ਆਪਣੀ ਸ੍ਰੀ ਸਾਹਿਬ ਕੱਢ ਲਈ ਅਤੇ ਕੁਝ ਦੇਰ ਝਗੜਾ ਹੋਇਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਟੌਲ ਪਲਾਜ਼ਾ ’ਤੇ ਇੱਕ ਵਿਅਕਤੀ ਨੇ ਕਾਰ ਨੂੰ ਰੋਕ ਕੇ ਧਮਕੀ ਦਿੱਤੀ ਸੀ। ਉਸ ਵੇਲੇ ਉਨ੍ਹਾਂ ਦੀ ਕਾਰ ਵਿੱਚ ਸਿਰਫ਼ ਦੋ ਹੀ ਵਿਅਕਤੀ ਸਨ ਪਰ ਮਗਰੋਂ ਜੈਂਤੀਪੁਰ ਨੇੜੇ ਉਸ ਹਮਲਾਵਰ ਦੇ ਹੋਰ ਸਾਥੀ ਆ ਗਏ। ਰਸਤੇ ਵਿੱਚ ਵੀ ਉਸ ਨੇ ਇੱਕ-ਦੋ ਵਾਰ ਕਾਰ ਨੂੰ ਰੋਕਣ ਦਾ ਯਤਨ ਕੀਤਾ ਅਤੇ ਕਾਰ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਇਸ ਮਾਮਲੇ ਵਿੱਚ ਪੁਲੀਸ ਕੋਲੋਂ ਇਨਸਾਫ ਦੀ ਮੰਗ ਵੀ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਘਟਨਾ ਦੀ ਨਿੰਦਾ ਕਰਦਿਆਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।