ਸਾਈਬਰ ਅਪਰਾਧ ਮਾਮਲੇ ’ਚ ਛਾਪਾ ਮਾਰਨ ਗਈ ਈਡੀ ਟੀਮ ’ਤੇ ਹਮਲਾ
ਨਵੀਂ ਦਿੱਲੀ, 28 ਨਵੰਬਰ
ਸਾਈਬਰ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਤਹਿਤ ਅੱਜ ਦਿੱਲੀ ਵਿੱਚ ਫਾਰਮ ਹਾਊਸ ’ਤੇ ਛਾਪਾ ਮਾਰਨ ਗਈ ਐਨਰਫੋਰਸਮੈਂਟ ਡਾਇਰੈਕਟੋਰੇਟ (ਈਡੀ) ਟੀਮ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਜਿਸ ’ਚ ਟੀਮ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏਜੰਸੀ ਨੇ ਇਸ ਘਟਨਾ ਜਿਹੜੀ ਸੂਰਜ ਯਾਦਵ ਦੀ ਅਗਵਾਈ ਵਾਲੀ ਈਡੀ ਟੀਮ ਵੱਲੋਂ ਕੌਮੀ ਰਾਜਧਾਨੀ ਦੇ ਬਿਜਵਾਸਨ ਇਲਾਕੇ ’ਚ ਛਾਪੇ ਮਾਰਨ ਦੌਰਾਨ ਵਾਪਰੀ, ਸਬੰਧੀ ਐੱਫਆਈਆਰ ਦਰਜ ਕਰਵਾਈ ਹੈ। ਅਧਿਕਾਰੀਆਂ ਮੁਤਾਬਕ ਘਟਨਾ ’ਚ ਜ਼ਖਮੀ ਹੋਇਆ ਈਡੀ ਅਧਿਕਾਰੀ ਮੁੱਢਲੀ ਸਹਾਇਤਾ ਲੈਣ ਮਗਰੋਂ ਤਲਾਸ਼ੀ ਮੁਹਿੰਮ ’ਚ ਜੁੱਟ ਗਿਆ। ਇਹ ਜਾਂਚ ਪੀਵਾਈਵਾਈਪੀਐੱਲ ਐਪਲੀਕੇਸ਼ਨ (ਐਪ) ਖ਼ਿਲਾਫ਼ ਦਰਜ ਕੇਸ ਨਾਲ ਸਬੰਧਤ ਹੈ।
ਦਿੱਲੀ ਪੁਲੀਸ ਨੇ ਇੱਕ ਬਿਆਨ ’ਚ ਦੱਸਿਆ ਕਿ ਬਿਜਵਾਸਨ ਇਲਾਕੇ ’ਚ ਈਡੀ ਟੀਮ ’ਤੇ ਹਮਲੇ ਦੀ ਸੂਚਨਾ ਮਿਲਣ ਮਗਰੋਂ ਕਪਾਸ਼ੇਰਾ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ। ਬਿਆਨ ਮੁਤਾਬਕ ਪੇਸ਼ੇ ਵਜੋਂ ਚਾਰਟਰਡ ਅਕਾਊਂਟੈਂਟ ਅਸ਼ੋਕ ਕੁਮਾਰ ਸ਼ਰਮਾ ਫਾਰਮ ਹਾਊਸ ਦਾ ਮਾਲਕ ਹੈ। ਈਡੀ ਟੀਮ ’ਤੇ ਹਮਲੇ ਦੇ ਸਬੰਧ ’ਚ ਅਸ਼ੋਕ ਦੇ ਰਿਸ਼ਤੇਦਾਰ ਯਸ਼ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸ਼ੋਕ ਤੇ ਯਸ਼ ਈਡੀ ਟੀਮ ’ਤੇ ਕਥਿਤ ਹਮਲੇ ’ਚ ਸ਼ਾਮਲ ਸਨ। ਸੂਤਰਾਂ ਨੇ ਦੱਸਿਆ ਕਿ ਈਡੀ ਵੱਲੋਂ ਇਹ ਕਾਰਵਾਈ 14ਸੀ ਅਤੇ ਵਿੱਤੀ ਖੁਫ਼ੀਆ ਯੂਨਿਟ (ਐੱਫਆਈਯੂ) ਤੋਂ ਫਿਸ਼ਿੰਗ (ਫਰਜ਼ੀ ਈਮੇਲ ਲਈ ਲੋਕਾਂ ਨੂੰ ਫਸਾਉਣਾ), ਕਿਊਆਰ ਕੋਡ ਧੋਖਾਧੜੀ ਅਤੇ ਪਾਰਟ ਟਾਈਮ ਨੌਕਰੀਆਂ ਦਾ ਲਾਲਚ ਦੇ ਕੇ ਧੋਖਾਧੜੀ ਵਰਗੇ ਸਾਈਬਰ ਅਪਰਾਧਾਂ ਰਾਹੀਂ ਕਈ ਲੋਕਾਂ ਨਾਲ ਧੋਖਾਧੜੀ ਦੀ ਜਾਣਕਾਰੀ ਮਿਲਣ ਮਗਰੋਂ ਸ਼ੁਰੂ ਕੀਤੀ ਗਈ ਹੈ। ਜਾਂਚ ’ਚ ਪਤਾ ਲੱਗਾ ਕਿ ਇਸ ਸਾਈਬਰ ਧੋਖਾਧੜੀ ਰਾਹੀਂ ਇਕੱਠੇ ਕੀਤੇ ਪੈਸਿਆਂ ਨੂੰ ਨਾਜਾਇਜ਼ ਖਾਤਿਆਂ ਰਾਹੀਂ ਡੈਬਿਟ ਤੇ ਕਰੈਡਿਟ ਕਾਰਡ ਦੀ ਵਰਤੋਂ ਕਰਕੇ ਕੱਢਿਆ ਜਾ ਰਿਹਾ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਇਹ ਨੈੱਟਵਰਕ ਕੁਝ ਚਾਰਟਰਡ ਅਕਾਊਂਟੈਂਟਾਂ (ਸੀਏ) ਵੱਲੋਂ ਚਲਾਇਆ ਜਾ ਰਿਹਾ ਸੀ। -ਪੀਟੀਆਈ