For the best experience, open
https://m.punjabitribuneonline.com
on your mobile browser.
Advertisement

ਕਰੀਮੀਆ ’ਤੇ ਹਮਲਾ

06:12 AM Jun 25, 2024 IST
ਕਰੀਮੀਆ ’ਤੇ ਹਮਲਾ
Advertisement

ਅਮਰੀਕਾ ਦੀਆਂ ਸਪਲਾਈ ਕੀਤੀਆਂ ਮਿਜ਼ਾਈਲਾਂ ਨਾਲ ਯੂਕਰੇਨ ਨੇ ਕਰੀਮੀਆ ’ਤੇ ਹਮਲਾ ਕੀਤਾ ਹੈ ਜਿਸ ’ਤੇ ਰੂਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਸਕੋ ਨੇ ਹਮਲੇ ਨੂੰ ‘ਪੂਰੀ ਤਰ੍ਹਾਂ ਵਹਿਸ਼ੀ’ ਕਰਾਰ ਦਿੰਦਿਆਂ ਇਸ ਦਾ ਦੋਸ਼ ਅਮਰੀਕਾ ਸਿਰ ਮੜ੍ਹਿਆ ਹੈ ਤੇ ਨਾਲ ਹੀ ਜਵਾਬੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਮਿਜ਼ਾਈਲਾਂ ਨੂੰ ਅਮਰੀਕੀ ਮਾਹਿਰਾਂ ਨੇ ਆਪਣੇ ਸੈਟੇਲਾਈਟਾਂ ਅਤੇ ਨੇੜਲੇ ਅਮਰੀਕੀ ਜਾਸੂਸੀ ਡਰੋਨ ਦੀ ਸਹਾਇਤਾ ਨਾਲ ਨਿਸ਼ਾਨਾ ਫੁੰਡਣ ਲਈ ਤਿਆਰ ਕੀਤਾ ਸੀ। ਇਸ ਹਮਲੇ ਨਾਲ ਕਰੀਮੀਆ ਦੇ ਸ਼ਹਿਰ ਸੇਵਸਟੋਪੋਲ ਵਿੱਚ ਦੋ ਬੱਚਿਆਂ ਸਣੇ ਚਾਰ ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ 150 ਤੋਂ ਵੱਧ ਲੋਕ ਫੱਟੜ ਹੋ ਗਏ। ਲੋਕ ਉੱਥੇ ਛੁੱਟੀਆਂ ਮਨਾਉਣ ਆਏ ਹੋਏ ਸਨ।
ਇਸ ਘਟਨਾ ਨੇ ਰੂਸ-ਯੂਕਰੇਨ ਜੰਗ ’ਚ ਟਕਰਾਅ ਮੁੜ ਤਿੱਖਾ ਕਰ ਦਿੱਤਾ ਹੈ ਹਾਲਾਂਕਿ ਜੰਗ ਲੱਗੀ ਨੂੰ 29 ਮਹੀਨੇ ਹੋ ਚੱਲੇ ਹਨ। ਇਸ ਘਟਨਾ ’ਚ ਨਾਗਰਿਕਾਂ ਦੀ ਮੌਤ ਨੇ ਯੂਕਰੇਨ ਅਤੇ ਅਮਰੀਕਾ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ। ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਦੋਸ਼ ਲਾਉਂਦੇ ਰਹੇ ਹਨ ਕਿ ਮਾਸਕੋ ਦੀ ਸੁਰੱਖਿਆ ਅਤੇ ਖ਼ੁਦਮੁਖ਼ਤਾਰੀ ਨੂੰ ਕਮਜ਼ੋਰ ਕਰਨ ਲਈ ਅਮਰੀਕਾ ਕੀਵ ਨੂੰ ਵਰਤ ਰਿਹਾ ਹੈ। ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ‘ਨਾਟੋ’ ਗੱਠਜੋੜ ਵਿਚਾਲੇ ਸਿੱਧੀ ਟੱਕਰ ਦਾ ਖ਼ਦਸ਼ਾ ਅਜੇ ਵੀ ਬਰਕਰਾਰ ਹੈ। ਇਹ ਚਿੰਤਾਜਨਕ ਸਥਿਤੀ 1962 ਦੇ ਕਿਊਬਨ ਮਿਜ਼ਾਈਲ ਸੰਕਟ ਦਾ ਵੀ ਚੇਤਾ ਕਰਾਉਂਦੀ ਹੈ। ਭੂ-ਰਾਜਨੀਤਕ ਅਤੇ ਆਰਥਿਕ ਪੱਖ ਤੋਂ ਇਹ ਨਾ ਸਿਰਫ਼ ਯੂਰੋਪ ਬਲਕਿ ਪੂਰੇ ਸੰਸਾਰ ਲਈ ਬੁਰੀ ਖ਼ਬਰ ਹੈ ਕਿਉਂਕਿ ਜੰਗ ਕਾਰਨ ਪਿਛਲੇ ਕਰੀਬ ਦੋ ਸਾਲਾਂ ਤੋਂ ਸਪਲਾਈ ਲੜੀਆਂ ਵਿਚ ਵੀ ਵਿਘਨ ਪੈ ਰਿਹਾ ਹੈ ਜਿਸ ਦੇ ਮਾੜੇ ਸਿੱਟੇ ਨਿਕਲ ਰਹੇ ਹਨ। ਸੰਸਾਰ ਪੱਧਰ ’ਤੇ ਲਗਾਤਾਰ ਵਧ ਰਹੀ ਮਹਿੰਗਾਈ ਦਾ ਇੱਕ ਕਾਰਨ ਇਹ ਜੰਗ ਵੀ ਹੈ। ਇਸ ਨਾਲ ਵੱਖ-ਵੱਖ ਮੁਲਕਾਂ ਲਈ ਅਨਾਜ ਅਤੇ ਤੇਲ ਸਪਲਾਈ ਵਿੱਚ ਵਿਘਨ ਪਿਆ ਹੈ। ਇੱਕ ਤੋਂ ਬਾਅਦ ਇੱਕ ਭੜਕਾਹਟ ਜੰਗ ਨੂੰ ਹੋਰ ਲੰਮਾ ਕਰੇਗੀ ਜਿਸ ਦਾ ਕੋਈ ਸਿਰਾ ਨਹੀਂ ਲੱਭੇਗਾ।
ਜੰਗ ਲੜ ਰਹੀਆਂ ਦੋਵਾਂ ਧਿਰਾਂ ਨੂੰ ਵਾਰਤਾ ਲਈ ਸਹਿਮਤ ਕਰਨ ਵਾਸਤੇ ਕੋਈ ਨਾ ਕੋਈ ਰਾਹ ਤਲਾਸ਼ਣਾ ਪਏਗਾ। ਬਦਕਿਸਮਤੀ ਨਾਲ ਹਾਲ ਹੀ ਵਿੱਚ ਸਵਿਟਜ਼ਰਲੈਂਡ ਦੇ ਬਰਗਨਸਟੌਕ ਵਿੱਚ ਹੋਏ ਸ਼ਾਂਤੀ ਸੰਮੇਲਨ ’ਚੋਂ ਵੀ ਕੁਝ ਠੋਸ ਨਹੀਂ ਨਿਕਲ ਸਕਿਆ। ਭਾਰਤ ਸਣੇ ਹਿੱਸਾ ਲੈਣ ਵਾਲੇ ਕੁਝ ਦੇਸ਼ਾਂ ਨੇ ਸਾਂਝੇ ਬਿਆਨ ’ਤੇ ਦਸਤਖ਼ਤ ਨਹੀਂ ਕੀਤੇ। ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀ ਇਗਨਾਜ਼ੀਓ ਕਾਸਿਸ ਨੇ ਖੁੱਲ੍ਹੇਆਮ ਮੰਨਿਆ ਕਿ ਸੰਮੇਲਨ ਵਿੱਚ ਕੀਤੇ ਜਿ਼ਆਦਾਤਰ ਫ਼ੈਸਲੇ ਰੂਸ ਦੀ ਸ਼ਮੂਲੀਅਤ ਤੋਂ ਬਿਨਾਂ ਲਾਗੂ ਨਹੀਂ ਕੀਤੇ ਜਾ ਸਕਦੇ। ਭਾਰਤ ਦੇ ਸੁਝਾਅ ਮੁਤਾਬਿਕ, ਇਸ ਟਕਰਾਅ ਨੂੰ ਸਮੇਟਣ ਲਈ ਰੂਸ ਅਤੇ ਯੂਕਰੇਨ ਦਰਮਿਆਨ ‘ਸੁਹਿਰਦ ਤੇ ਵਿਹਾਰਕ ਰਾਬਤਾ’ ਜ਼ਰੂਰੀ ਹੈ ਤਾਂ ਕਿ ਸ਼ਾਂਤੀਪੂਰਨ ਹੱਲ ਉੱਤੇ ਸਹਿਮਤੀ ਬਣ ਸਕੇ। ਇਸ ਬਾਰੇ ਪਹਿਲ ਦੇ ਆਧਾਰ ’ਤੇ ਕੋਈ ਕਵਾਇਦ ਆਰੰਭ ਹੋਣੀ ਚਾਹੀਦੀ ਹੈ। ਇਹ ਜੰਗ ਕਿਸੇ ਇੱਕ ਮੁਲਕ ਦਾ ਨੁਕਸਾਨ ਨਹੀਂ ਸਗੋਂ ਸਮੁੱਚੀ ਮਨੁੱਖਤਾ ਦਾ ਘਾਣ ਹੈ।

Advertisement

Advertisement
Advertisement
Author Image

joginder kumar

View all posts

Advertisement