ਪਟਿਆਲਾ ਵਿੱਚ ਕੇਬਲ ਨੈੱਟਵਰਕ ਅਪਰੇਟਰਾਂ ’ਤੇ ਹਮਲਾ; ਦੋ ਜ਼ਖ਼ਮੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਜਨਵਰੀ
ਪਟਿਆਲਾ ਜ਼ਿਲ੍ਹੇ ’ਚ ਕੇਬਲ ਨੈੱਟਵਰਕ ਸਬੰਧੀ ਚੱਲ ਰਿਹਾ ਵਿਵਾਦ ਜਾਰੀ ਹੈ। ਇਸ ਸਬੰਧੀ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪਿਛਲੇ ਸਮੇਂ ਤੋਂ ਕੇਬਲ ਦਾ ਕੰਮ ਕਰਦੇ ਆ ਰਹੇ ਦੋ ਸਕੇ ਭਰਾਵਾਂ ਰਾਕੇਸ਼ ਅਤੇ ਸੋਨੂ ਨੂੰ ਜ਼ਖ਼ਮੀ ਕਰ ਦਿਤਾ। ਸੋਨੂ ਦੇ ਹੱਥ ’ਤੇ ਟਾਂਕੇ ਲੱਗੇ ਹਨ। ਉਧਰ ਤ੍ਰਿਪੜੀ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਪਰਦੀਪ ਬਾਜਵਾ ਨੇ ਆਖਿਆ ਕਿ ਸੋਨੂ ਦੀ ਸ਼ਿਕਾਇਤ ’ਤੇ 8/9 ਅਣਪਛਾਤਿਆਂ ਖਿਲ਼ਾਫ਼ ਕੇਸ ਦਰਜ ਕਰ ਲਿਆ ਹੈ। ਉਧਰ ਫਾਸਟਵੇਅ ਕੇਬਲ ਨੈਟਵਰਕ ਦੇ ਡਾਇਰੈਕਟਰਾਂ ਗੁਰਪ੍ਰੀਤ ਸਿੰਘ ਰਾਜੂਖੰਨਾ, ਅਮਿਤ ਰਾਠੀ ਅਤੇ ਵਿਕਾਸ ਪੁਰੀ ਸਮੇਤ ਹੋਰਨਾਂ ਨੇ ਪ੍ਰ੍ਰੈਸ ਕਾਨਫਰੰਸ ਕਰਕੇ ਹਮਲਾਵਰਾਂ ਨੂੰ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਸ਼ਹਿ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਸ੍ਰੀ ਪਠਾਣਮਾਜਰਾ ਦੀ ਮਲਕੀਅਤ ਵਾਲ਼ੀ ‘ਰੈੱਡ ਸਪਰੌਟ ਮੀਡੀਆ ਪ੍ਰਾਈਵੇਟ ਲਿਮਟਿਡ’ ਨਾਮੀ ਕੰਪਨੀ ਰਾਹੀਂ ਉਨ੍ਹਾਂ ਦੇ ਕੇਬਲ ਕਾਰੋਬਾਰ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਉਨ੍ਹਾਂ ਦੇ ਅਪਰੇਟਰਾਂ ਨੂੰ ਕੰਮ ਛੱਡਣ ਜਾਂ ਉਨ੍ਹਾਂ ਦੀ ਕੰਪਨੀ ’ਚ ਕੰਮ ਕਰਨ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਪਿਛਲੇ ਦਿਨੀ ਕੰਪਨੀ ਦੇ ਡਾਇਰੈਕਟਰਾਂ ਵਿਕਾਸ ਪੁਰੀ ਤੇ ਅਮਿਤ ਰਾਠੀ ਸਮੇਤ ਉਨ੍ਹਾਂ ਦੇ ਕੁਝ ਹੋਰਨਾਂ ਮੈਂਬਰਾਂ ’ਤੇ ਇਰਾਦਾ ਕਤਲ ਦਾ ਕਥਿਤ ਝੂਠਾ ਕੇਸ ਵੀ ਦਰਜ ਕੀਤਾ ਗਿਆ ਸੀ। ਉਨ੍ਹਾਂ ਵਿਧਾਇਕ ਦੀ ਸ਼ਹਿ ’ਤੇ ਉਨ੍ਹਾਂ ਦੇ ਦਫਤਰਾਂ ਵਿਚੋਂ ਸਾਮਾਨ ਚੁੱਕਣ ਅਤੇ ਉਨ੍ਹਾਂ ਦੀਆਂ ਤਾਰਾਂ ਕੱਟ ਦੇਣ ਆਦਿ ਦੋਸ਼ ਵੀ ਲਾਏ ਹਨ।
ਹਮਲਾਵਰਾਂ ਨੂੰ ਸ਼ਹਿ ਦੇਣ ਦੇ ਦੋਸ਼ ਬੇਬੁਨਿਆਦ: ਪਠਾਣਮਾਜਰਾ
ਵਿਧਾਇਕ ਹਰਮੀਤ ਪਠਾਣਮਾਜਰਾ ਦਾ ਕਹਿਣਾ ਸੀ ਕਿ ਉਸ ’ਤੇ ਹਮਲਾਵਰਾਂ ਨੂੰ ਸ਼ਹਿ ਦੇਣ ਦੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਫਾਸਟਵੇਅ ਦੇ ਬਹੁਤੇ ਪ੍ਰਬੰਧਕ ਸਿੱਧੇ ਤੌਰ ’ਤੇ ਅਕਾਲੀ ਦਲ ਨਾਲ਼ ਜੁੜੇ ਹੋਏ ਹਨ ਬਲਕਿ ਇਸ ਕਾਰੋਬਾਰ ’ਚ ਕੁਝ ਵੱਡੇ ਅਕਾਲੀ ਨੇਤਾਵਾਂ ਦਾ ਵੀ ਹਿੱਸਾ ਹੈ ਜਿਸ ਕਰਕੇ ਇਨ੍ਹਾਂ ਅਕਾਲੀਆਂ ਵੱਲੋਂ ਉਸ ਸਮੇਤ ਉਸ ਦੀ ਪਾਰਟੀ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਹਮਲੇ ਸਬੰਧੀ ਨੇਮ ਕਰਨ ਨੂੰ ਵੀ ਤਿਆਰ ਹੈ। ‘ਰੈਡ ਸਪਰੌਟ ਮੀਡੀਆ ਪ੍ਰਾਈਵੇਟ ਲਿਮਟਿਡ’ ਨਾਲ ਸਬੰਧਾਂ ਦੀ ਗੱਲ ਸਵਿਕਾਰਦਿਆਂ, ਪਠਾਣਮਾਜਰਾ ਨੇ ਕਿਹਾ ਕਿ ਕਾਰੋਬਾਰ ਕਰਨ ਦਾ ਉਸ ਨੂੰ ਵੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਕੰਮ ਕਰਦਿਆਂ ਨੂੰ ਵੀ ਨਹੀਂ ਜਰਦੇ। ਵਿਧਾਇਕ ਦਾ ਕਹਿਣਾ ਸੀ ਕਿ ਅਸਲ ’ਚ ਉਨ੍ਹਾਂ ਵੱਲੋਂ ਕੀਤੇ ਜਾਣ ਵਾਲ਼ੇ ਸਾਫ ਸੁਥਰੇ ਕਾਰੋਬਾਰ ਤੋਂ ਉਨ੍ਹਾਂ ਦੀ ਸਿਆਸੀ ਵਿਰੋਧੀ ਧਿਰ ਅਕਾਲੀ ਦਲ ਖਫਾ ਹੋ ਕੇ ਉਨ੍ਹਾਂ ਨੂੰ ਬਦਨਾਮ ਕਰਨ ’ਤੇ ਤੁੱਲ ਗਈ ਹੈ।