ਬੰਗਲਾਦੇਸ਼ੀ ਤਸਕਰਾਂ ਵੱਲੋਂ ਬੀਐੱਸਐੱਫ ਜਵਾਨਾਂ ’ਤੇ ਹਮਲਾ
ਨਵੀਂ ਦਿੱਲੀ, 8 ਅਕਤੂਬਰ
ਤ੍ਰਿਪੁਰਾ ਦੇ ਸਲਪੋਕਰ ਇਲਾਕੇ ’ਚ ਸੋਮਵਾਰ ਨੂੰ ਬੰਗਲਾਦੇਸ਼ੀ ਤਸਕਰਾਂ ਦੇ ਇੱਕ ਗਰੁੱਪ ਵੱਲੋਂ ਭਾਰਤੀ ਇਲਾਕੇ ’ਚ ਘੁਸਪੈਠ ਦੌਰਾਨ ਬੀਐੱਸਐੱਸ ਨੇ ਜਵਾਬੀ ਕਾਰਵਾਈ ਕਰਦਿਆਂ ਤਸਕਰ ਨੂੰ ਹਲਾਕ ਕਰ ਦਿੱਤਾ। ਘਟਨਾ ਦੌਰਾਨ ਜਵਾਨ ਵੀ ਜ਼ਖਮੀ ਹੋਇਆ ਹੈ। ਤੇਜ਼ਧਾਰ ਹਥਿਆਰਾਂ ਨਾਲ ਲੈਸ ਬੰਗਲਾਦੇਸ਼ ਤਸਕਰਾਂ ਨੇ ਪਾਬੰਦੀਸ਼ੁਦਾ ਪਦਾਰਥ ਭਾਰਤ ਵਾਲੇ ਪਾਸੇ ਭੇਜਣ ਦੀ ਕੋਸ਼ਿਸ਼ ਕੀਤੀ। ਗਰੁੱਪ ’ਚ 12 ਤੋਂ 15 ਤਸਕਰ ਸ਼ਾਮਲ ਸਨ ਅਤੇ ਇਹ ਘਟਨਾ ਲੰਘੇ ਦਿਨ ਸ਼ਾਮ ਲਗਪਗ ਛੇ ਵਜੇ ਤ੍ਰਿਪੁਰਾ ਦੇ ਸਲਪੋਕਰ (ਗੋਕੁਲ ਨਗਰ) ’ਚ ਵਾਪਰੀ। ਡਿਊਟੀ ਦੇ ਰਹੇ ਬੀਐੱਸਐੱਫ ਜਵਾਨਾਂ ਨੇ ਘੁਸਪੈਠੀਆਂ ਨੂੰ ਦੇਖਿਆ ਅਤੇ ਜਦੋਂ ਉਨ੍ਹਾਂ (ਜਵਾਨਾਂ) ਵਿਚੋਂ ਇੱਕ ਨੂੰ ਤਸਕਰਾਂ ਦੇ ਟੋਲੇ ਨੇ ਫੜ ਕੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਹੋਰ ਜਵਾਨਾਂ ਨੂੰ ਮੌਕੇ ’ਤੇ ਬੁਲਾਇਆ। ਲਗਪਗ 40 ਮੀਟਰ ਦੂਰੀ ਤੋਂ ਹਵਾਈ ਫਾਇਰ ਕੀਤਾ ਗਿਆ, ਜਿਸ ਮਗਰੋਂ ਉਨ੍ਹਾਂ ਵਿਚੋਂ ਕੁਝ ਅਨਸਰ ਬੰਗਲਾਦੇਸ਼ ਵੱਲ ਵਾਪਸ ਭੱਜ ਗਏ। ਬਾਕੀਆਂ ਨੇ ਬੀਐੱਸਐੱਸ ਜਵਾਨ ਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਤਸਕਰਾਂ ਵੱਲੋਂ ਘੇਰੇ ਗਏ ਜਵਾਨ ਨੇ ਖ਼ਤਰਾ ਮਹਿਸੂਸ ਕਰਦਿਆਂ ਸਵੈ-ਰੱਖਿਆ ਲਈ ਆਪਣੀ ਸਰਕਾਰੀ ਬੰਦੂਕ ਨਾਲ ਦੋ ਗੋਲੀਆਂ ਚਲਾਈਆਂ, ਜਿਸ ਮਗਰੋਂ ਬਾਕੀ ਤਸਕਰ ਵੀ ਬੰਗਲਾਦੇਸ਼ ਵੱਲ ਫਰਾਰ ਹੋ ਗਏ। -ਪੀਟੀਆਈ