ਭਾਜਪਾ ਦੇ ਰਾਜ ’ਚ ਪੱਤਰਕਾਰਾਂ ’ਤੇ ਅੱਤਿਆਚਾਰ ਵਧੇ: ਅਖਿਲੇਸ਼
ਲਖਨਊ, 3 ਨਵੰਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ਵਿੱਚ ਪੱਤਰਕਾਰ ਵੀ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਹਨ। ਭਾਜਪਾ ਸਰਕਾਰ ਮੀਡੀਆ ਦਾ ਮਨੋਬਲ ਡੇਗਣ ਲਈ ਹਰ ਯਤਨ ਕਰ ਰਹੀ ਹੈ। ਉਨ੍ਹਾਂ ਐਕਸ ’ਤੇ ਇਕ ਵੀਡੀਓ ਅਪਲੋਡ ਕੀਤਾ ਜਿਸ ’ਚ ਕੁਝ ਲੋਕ ਕੱਪੜੇ ਲਾਹੁਣ ਤੋਂ ਬਾਅਦ ਇਕ ਵਿਅਕਤੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਭਾਜਪਾ ਦੇ ਰਾਜ ’ਚ........ਪੱਤਰਕਾਰ ਦਾ ਕਤਲ, ਪੱਤਰਕਾਰਾਂ ’ਤੇ ਦਬਾਅ ਪਾਉਣਾ, ਪੱਤਰਕਾਰਾਂ ਨੂੰ ਮਹੀਨੇ ਦੇ ਪੈਸੇ ਦੇਣੇ, ਪੱਤਰਕਾਰਾਂ ’ਤੇ ਕੇਸ ਦਰਜ, ਪੱਤਰਕਾਰਾਂ ਨੂੰ ਕੁੱਟਣਾ।’ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਮੀਡੀਆ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਜਪਾ ਨਹੀਂ ਚਾਹੀਦੀ ਕਿਉਂਕਿ ਭਾਜਪਾ ਪੱਤਰਕਾਰਾਂ ਦਾ ਮਨੋਬਲ ਡੇਗਣ ਲਈ ਹਰ ਹੀਲਾ ਵਰਤ ਰਹੀ ਹੈ। ਦੂਜੇ ਪਾਸੇ ਐਕਸ ’ਤੇ ਅਖਿਲੇਸ਼ ਯਾਦਵ ਦੀ ਪੋਸਟ ਦਾ ਜਵਾਬ ਦਿੰਦਿਆਂ ਹਮੀਰਪੁਰ ਪੁਲੀਸ ਨੇ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੋਮਵਾਰ ਨੂੰ ਐਫਆਈਆਰ ਦਰਜ ਕੀਤੀ ਗਈ। ਹਾਲਾਂਕਿ, ਇਹ ਵੀਡੀਓ ਸ਼ੁੱਕਰਵਾਰ ਨੂੰ ਵਾਇਰਲ ਹੋਇਆ ਸੀ। ਪੁਲੀਸ ਨੇ ਨਾਮਜ਼ਦ ਮੁਲਜ਼ਮਾਂ ਵਿੱਚੋਂ ਆਰ ਕੇ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਘਟਨਾ ਵਿੱਚ ਸ਼ਾਮਲ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮਾਂ ਦਾ ਗਠਨ ਕਰ ਦਿੱਤਾ ਹੈ। ਪੀਟੀਆਈ