ਏਟੀਪੀ ਫਾਈਨਲਜ਼: ਬੋਪੰਨਾ ਤੇ ਐਬਡਨ ਦੀ ਜੋੜੀ ਸੈਮੀਫਾਈਨਲ ’ਚ ਪੁੱਜੀ
ਟਿਊਰਿਨ (ਇਟਲੀ), 17 ਨਵੰਬਰ
ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਤੇ ਉਸ ਦੇ ਆਸਟਰੇਲਿਆਈ ਜੋੜੀਦਾਰ ਮੈਥਿਊ ਐਬਡਨ ਨੇ ਅੱਜ ਇੱਥੇ ਵੈਸਲੀ ਕੂਲਹੌਫ ਤੇ ਨੀਲ ਸਕੂਪਸਕਾਈ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਏਟੀਪੀ ਫਾਈਨਲਜ਼ ਪੁਰਸ਼ ਡਬਲਜ਼ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ। ਬੋਪੰਨਾ ਤੇ ਐਬਡਨ ਦੀ ਜੋੜੀ ਨੇ 84 ਮਿੰਟਾਂ ਤੱਕ ਚੱਲੇ ਰੈੱਡ ਗਰੁੱਪ ਕੁਆਲੀਫਿਕੇਸ਼ਨ ਫ਼ੈਸਲਾਕੁਨ ਮੁਕਾਬਲੇ ਵਿੱਚ ਨੈਦਰਲੈਂਡਜ਼ ਦੇ ਕੂਲਹੌਫ ਤੇ ਬਰਤਾਨੀਆ ਦੇ ਸਕੂਪਸਕਾਈ ਨੂੰ 6-4, 7-6(5) ਨਾਲ ਹਰਾਇਆ। ਮੌਜੂਦਾ ਸੈਸ਼ਨ ਵਿੱਚ ਟੂਰ ਪੱਧਰ ’ਤੇ 40ਵੀਂ ਜਿੱਤ ਦਰਜ ਕਰਨ ਵਾਲੇ ਬੋਪੰਨਾ ਅਤੇ ਐਬਡਨ ਦੀ ਜੋੜੀ ਦੇ ਨਾਲ-ਨਾਲ ਰੈੱਡ ਗਰੁੱਪ ਤੋਂ ਮੌਜੂਦਾ ਚੈਂਪੀਅਨ ਰਾਜੀਵ ਰਾਮ ਅਤੇ ਜੋਅ ਸੈਲਿਸਬਰੀ ਦੀ ਜੋੜੀ ਨੇ ਨਾਕਆਊਟ ਲਈ ਕੁਆਲੀਫਾਈ ਕੀਤਾ। ਇਸ ਹਫ਼ਤੇ ਬੋਪੰਨਾ 43 ਸਾਲ ਦੀ ਉਮਰ ਵਿੱਚ ਇਸ ਟੂਰਨਾਮੈਂਟ ਦੇ ਮੁਕਾਬਲੇ ਵਿੱਚ ਜਿੱਤ ਦਰਜ ਕਰਨ ਵਾਲਾ ਸਭ ਤੋਂ ਉਮਰਦਰਾਜ ਖਿਡਾਰੀ ਬਣਿਆ। ਬੋਪੰਨਾ ਤੇ ਐਬਡਨ ਦੀ ਜੋੜੀ ਕੋਲ ਸਾਲ ਦੇ ਅਖ਼ੀਰ ਵਿੱਚ ਏਟੀਪੀ ਡਬਲਜ਼ ਦਰਜਾਬੰਦੀ ਵਿੱਚ ਚੋਟੀ ’ਤੇ ਪਹੁੰਚਣ ਦਾ ਮੌਕਾ ਹੈ। -ਪੀਟੀਆਈ