For the best experience, open
https://m.punjabitribuneonline.com
on your mobile browser.
Advertisement

ਪ੍ਰਾਸ਼ਚਿਤ

07:05 AM Oct 26, 2023 IST
ਪ੍ਰਾਸ਼ਚਿਤ
Advertisement

ਡਾਕਟਰ ਇਕਬਾਲ ਸਿੰਘ ਸਕਰੌਦੀ
ਈਸ਼ਰ ਸਿੰਘ ਮੁੱਢ ਤੋਂ ਹੀ ਪੜ੍ਹਾਈ ਵਿੱਚ ਬਹੁਤ ਲਾਇਕ ਸੀ। ਸਕੂਲ ਦੇ ਸਾਰੇ ਅਧਿਆਪਕ ਉਸ ਦੀ ਬੋਲਬਾਣੀ, ਪੜ੍ਹਾਈ ਪ੍ਰਤੀ ਲਗਨ ਅਤੇ ਸੁੰਦਰ ਲਿਖਾਈ ਦੇ ਕਾਇਲ ਸਨ। ਇਸ ਲਈ ਸਕੂਲ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਉਹ ਬਹੁਤ ਹਰਮਨਪਿਆਰਾ ਸੀ। ਹਰ ਸ਼੍ਰੇਣੀ ਵਿੱਚੋਂ ਉਹ ਅੱਵਲ ਆਉਂਦਾ। ਉਸ ਨੇ 10+2 ਆਰਟਸ ਗਰੁੱਪ ਦਾ ਇਮਤਿਹਾਨ ਦਿੱਤਾ। ਬੋਰਡ ਨੇ ਨਤੀਜੇ ਦਾ ਐਲਾਨ ਕੀਤਾ। ਉਸ ਨੇ 96 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।
ਉਸ ਤੋਂ ਘੱਟ ਅੰਕ ਲੈਣ ਵਾਲੇ ਉਸ ਦੇ ਸਹਿਪਾਠੀਆਂ ਨੇ ਆਪੋ ਆਪਣੀ ਰੁਚੀ ਅਨੁਸਾਰ ਵੱਖ-ਵੱਖ ਕਾਲਜਾਂ ਵਿੱਚ ਦਾਖ਼ਲਾ ਲੈਣ ਲਈ ਅਪਲਾਈ ਕਰ ਦਿੱਤਾ ਸੀ। ਪਰ ਈਸ਼ਰ ਸਿੰਘ ਦਾ ਪਿਤਾ ਬਾਰੂ ਸਿੰਘ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ। ਈਸ਼ਰ ਸਿੰਘ ਇਸ ਗੱਲ ਤੋਂ ਭਲੀਭਾਂਤ ਜਾਣੂੰ ਸੀ ਕਿ ਘਰ ਦੀ ਆਰਥਿਕ ਹਾਲਤ ਪਤਲੀ ਹੋਣ ਕਾਰਨ ਉਹ ਕਾਲਜ ਦੀ ਪੜ੍ਹਾਈ ਰੈਗੂਲਰ ਤੌਰ ’ਤੇ ਨਹੀਂ ਸੀ ਕਰ ਸਕਦਾ। ਇਸ ਲਈ ਉਸ ਨੇ ਲਾਗਲੇ ਸ਼ਹਿਰ ਵਿੱਚ ਇਕ ਕੰਪਿਊਟਰ ਸੈਂਟਰ ’ਤੇ 6000 ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਕਰ ਲਈ। ਉਹ ਸਵੇਰੇ ਨੌਂ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਕੰਪਿਊਟਰ ਸੈਂਟਰ ’ਤੇ ਕੰਮ ਕਰਦਾ ਅਤੇ ਫਿਰ ਸੱਤ ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਪਿੰਡ ਡਾਲਾ ਚਲਾ ਜਾਂਦਾ।
ਪੜ੍ਹਾਈ ਦੀ ਲਗਨ ਉਸ ਨੂੰ ਮੁੱਢ ਤੋਂ ਹੀ ਸੀ। ਇਸ ਲਈ ਉਸ ਨੇ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਤਿੰਨ ਸਾਲ ਵਿੱਚ ਉਸ ਨੇ ਅੰਗਰੇਜ਼ੀ ਲਿਟਰੇਚਰ ਨਾਲ ਪਹਿਲੇ ਦਰਜੇ ਵਿੱਚ ਗ੍ਰੈਜੂਏਸ਼ਨ ਪਾਸ ਕਰ ਲਈ। ਆਪਣੇ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਦੀ ਪ੍ਰੇਰਨਾ ਸਦਕਾ ਉਸ ਨੇ ਸੀ.ਸੀ. ਰਾਹੀਂ ਹੀ ਐੱਮ.ਏ. ਅੰਗਰੇਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦਿਨ ਵੇਲੇ ਉਹ ਕੰਪਿਊਟਰ ਸੈਂਟਰ ’ਤੇ ਨੌਕਰੀ ਕਰਦਾ ਅਤੇ ਦੇਰ ਰਾਤ ਤੱਕ ਆਪਣੀ ਪੜ੍ਹਾਈ ਵਿੱਚ ਮਗਨ ਰਹਿੰਦਾ। ਆਖ਼ਰ ਈਸ਼ਰ ਸਿੰਘ ਦੀ ਮਿਹਨਤ ਨੂੰ ਭਾਗ ਲੱਗੇ ਅਤੇ ਉਸ ਨੇ ਪੂਰੀ ਯੂਨੀਵਰਸਿਟੀ ਵਿੱਚੋਂ ਐੱਮ.ਏ. ਅੰਗਰੇਜ਼ੀ ਵਿੱਚੋਂ 78 ਫ਼ੀਸਦੀ ਅੰਕ ਹਾਸਲ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ।
ਉਸ ਨੇ ਯੂਜੀਸੀ ਨੈੱਟ ਦੀ ਤਿਆਰੀ ਆਰੰਭ ਕਰ ਦਿੱਤੀ। ਯੂਨੀਵਰਸਿਟੀ ਨੇ ਨਤੀਜੇ ਦਾ ਐਲਾਨ ਕੀਤਾ ਤਾਂ ਮੈਰਿਟ ਵਿੱਚ ਉਹ ਪਹਿਲੇ ਨੰਬਰ ’ਤੇ ਸੀ। ਇਉਂ ਈਸ਼ਰ ਸਿੰਘ ਲਈ ਸਰਕਾਰੀ ਖਰਚੇ ’ਤੇ ਯੂਨੀਵਰਸਿਟੀ ਵਿੱਚ ਰਹਿ ਕੇ ਪੀ-ਐੱਚ.ਡੀ. ਕਰਨ ਦਾ ਰਾਹ ਪੱਧਰਾ ਹੋ ਗਿਆ। ਅਗਲੇ ਹੀ ਦਿਨ ਉਹ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਗਿਆ ਅਤੇ ਵਿਭਾਗ ਦੇ ਹੈੱਡ ਪ੍ਰੋਫੈਸਰ ਸ਼ਰਨਜੀਤ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ, ‘‘ਸਰ, ਮੈਂ ਯੂਨੀਵਰਸਿਟੀ ਦੇ ਸੀਸੀ ਵਿਭਾਗ ਦਾ ਐੱਮ.ਏ. ਅੰਗਰੇਜ਼ੀ ਦਾ ਗੋਲਡ ਮੈਡਲਿਸਟ ਹਾਂ। ਮੈਂ ਤੁਹਾਡੀ ਸੁਪਰਵੀਜ਼ਨ ਵਿੱਚ ਪੀ-ਐੱਚ.ਡੀ. ਕਰਨੀ ਚਾਹੁੰਦਾ ਹਾਂ।’’ ਪ੍ਰੋਫੈਸਰ ਸ਼ਰਨਜੀਤ ਸਿੰਘ ਨੇ ਨਾ ਕੇਵਲ ਉਸ ਨੂੰ ਇਸ ਵਿਸ਼ੇ ’ਤੇ ਪੀ-ਐੱਚ.ਡੀ. ਕਰਨ ਲਈ ਪ੍ਰਵਾਨਗੀ ਹੀ ਦਿੱਤੀ ਸਗੋਂ ਉਸ ਦੀ ਹਰ ਪ੍ਰਕਾਰ ਦੀ ਮੱਦਦ ਕਰਨ ਦਾ ਵਿਸ਼ਵਾਸ ਵੀ ਦਿਵਾਇਆ। ਈਸ਼ਰ ਸਿੰਘ ਨੇ ਹੈੱਡ ਸਾਹਿਬ ਦਾ ਧੰਨਵਾਦ ਕੀਤਾ ਅਤੇ ਦਿਨ ਰਾਤ ਆਪਣੇ ਪ੍ਰੋਜੈਕਟ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵੀ ਕਿਤੇ ਉਸ ਨੂੰ ਕਿਸੇ ਕਵਿਤਾ ਸੰਬੰਧੀ ਕੋਈ ਗੱਲ ਸਪੱਸ਼ਟ ਨਾ ਹੁੰਦੀ ਤਾਂ ਉਹ ਪ੍ਰੋਫੈਸਰ ਸ਼ਰਨਜੀਤ ਨਾਲ ਵਿਚਾਰ ਵਟਾਂਦਰਾ ਕਰ ਲੈਂਦਾ। ਇਸ ਪ੍ਰਕਾਰ ਦੋ ਸਾਲ ਦੀ ਸਖ਼ਤ ਘਾਲਣਾ ਘਾਲਣ ਉਪਰੰਤ ਉਸ ਨੇ ਆਪਣਾ ਪੀ-ਐੱਚ.ਡੀ. ਦਾ ਥੀਸਿਸ ਵਿਭਾਗ ਵਿੱਚ ਜਮ੍ਹਾਂ ਕਰਵਾ ਦਿੱਤਾ।
ਤਿੰਨ ਮਹੀਨਿਆਂ ਬਾਅਦ ਦਿੱਲੀ ਯੂਨੀਵਰਸਿਟੀ ਦਿੱਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਵਿਸ਼ਾ ਮਾਹਿਰ ਪ੍ਰੋਫੈਸਰ ਸਾਹਿਬਾਨ ਨੇ ਈਸ਼ਰ ਸਿੰਘ ਦਾ ਵਾਈਵਾ (ਜ਼ਬਾਨੀ ਪ੍ਰੀਖਿਆ) ਲਿਆ ਤਾਂ ਉਹ ਦੋਵੇਂ ਵਿਦਵਾਨ ਉਸ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਪ੍ਰਸ਼ਨਾਂ ਦੇ ਦਿੱਤੇ ਗਏ ਬਹੁਤ ਹੀ ਵਧੀਆ ਉੱਤਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਪੀ-ਐੱਚ.ਡੀ. ਦੀ ਡਿਗਰੀ ਦੇਣ ਦੀ ਸਿਫ਼ਾਰਿਸ਼ ਕਰ ਦਿੱਤੀ। ਇਉਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਕਾਨਵੋਕੇਸ਼ਨ ਸਮੇਂ ਉਸ ਨੇ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਤੋਂ ਆਪਣੀ ਪੀ-ਐੱਚ.ਡੀ. ਦੀ ਡਿਗਰੀ ਹਾਸਲ ਕੀਤੀ।
ਕਾਲਜ ਕੇਡਰ ਦੀਆਂ ਲੈਕਚਰਾਰ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਗਈ ਤਾਂ ਮੈਰਿਟ ਦੇ ਆਧਾਰ ’ਤੇ ਈਸ਼ਰ ਸਿੰਘ ਦੀ ਪਹਿਲੇ ਨੰਬਰ ’ਤੇ ਚੋਣ ਕੀਤੀ ਗਈ। ਉਸ ਨੇ ਗੌਰਮਿੰਟ ਰਣਧੀਰ ਕਾਲਜ ਕਪੂਰਥਲਾ ਵਿੱਚ ਬਤੌਰ ਅੰਗਰੇਜ਼ੀ ਲੈਕਚਰਾਰ ਜੌਇਨ ਕਰ ਲਿਆ। ਉਸੇ ਸ਼ਾਮ ਉਹ ਆਪਣੇ ਪਿਤਾ ਬਾਰੂ ਸਿੰਘ ਅਤੇ ਮਾਂ ਪ੍ਰਸਿੰਨੀ ਨਾਲ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਗੁਰੂ ਦਾ ਸ਼ੁਕਰਾਨਾ ਕਰਨ ਚਲੇ ਗਏ। ਉਹ ਸ਼ਾਮ ਨੂੰ ਆਪਣੇ ਪਿੰਡ ਡਾਲਾ ਵਾਪਸ ਆ ਗਏ।
ਪਹਿਲਾਂ ਤਾਂ ਉਹ ਆਪਣੇ ਪਿੰਡ ਡਾਲਾ ਤੋਂ ਹੀ ਬੱਸ ਰਾਹੀਂ ਹਰ ਰੋਜ਼ ਕਪੂਰਥਲਾ ਕਾਲਜ ਵਿੱਚ ਪੜ੍ਹਾਉਣ ਜਾਂਦਾ ਰਿਹਾ। ਪਰ ਜਨਵਰੀ ਵਿੱਚ ਬਹੁਤ ਜ਼ਿਆਦਾ ਧੁੰਦ ਪੈਣ ਕਾਰਨ ਉਹ ਕਾਲਜ ਪਹੁੰਚਦਾ ਲੇਟ ਹੋ ਜਾਂਦਾ ਤਾਂ ਉਸ ਨੇ ਆਪਣੇ ਮਾਪਿਆਂ ਨਾਲ ਸਲਾਹ ਕਰ ਕੇ ਕਾਲਜ ਦੇ ਨੇੜੇ ਹੀ ਦੋ ਚੁਬਾਰਿਆਂ ਵਾਲਾ ਇੱਕ ਛੋਟਾ ਜਿਹਾ ਘਰ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਨੌਕਰੀ ਲੱਗਣ ਤੋਂ ਛੇ ਮਹੀਨਿਆਂ ਬਾਅਦ ਬਾਰੂ ਸਿੰਘ ਅਤੇ ਪ੍ਰਸਿੰਨੀ ਨੇ ਆਪਣੀ ਇੱਕ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪੜ੍ਹੀ ਲਿਖੀ ਕੁੜੀ ਸੁਖਦੀਪ ਕੌਰ ਨਾਲ ਈਸ਼ਰ ਸਿੰਘ ਦਾ ਵਿਆਹ ਕਰ ਦਿੱਤਾ। ਵਿਆਹ ਉਪਰੰਤ ਸੁਖਦੀਪ ਕੌਰ ਜਦੋਂ ਪਹਿਲੀ ਵਾਰ ਕਿਰਾਏ ਵਾਲੇ ਘਰ ਵਿੱਚ ਕਪੂਰਥਲੇ ਆਈ ਤਾਂ ਮਕਾਨ ਮਾਲਕ ਸਰਵਣ ਸਿੰਘ, ਉਸ ਦੀ ਵਹੁਟੀ ਸੁਰਜੀਤ ਕੌਰ, ਕਾਲਜ ਪੜ੍ਹਦੀ ਧੀ ਗਗਨਦੀਪ ਕੌਰ ਗੋਗੀ ਅਤੇ ਨੂੰਹ ਤਪਿੰਦਰ ਕੌਰ ਨੇ ਬਹੁਤ ਨਿੱਘਾ ਸੁਆਗਤ ਕੀਤਾ। ਉਸ ਦੀ ਝੋਲ਼ੀ ਵਿੱਚ ਖੰਮ੍ਹਣੀ ਲਪੇਟਿਆ ਨਾਰੀਅਲ, ਗੁੜ ਅਤੇ 100 ਰੁਪਏ ਸ਼ਗਨ ਪਾਉਂਦਿਆਂ ਮਕਾਨ ਮਾਲਕਣ ਸੁਰਜੀਤ ਕੌਰ ਨੇ ਕਿਹਾ, ‘‘ਵੇਖ ਵਹੁਟੀ ਰਾਣੀਏਂ, ਪ੍ਰੋਫੈਸਰ ਈਸ਼ਰ ਸਿੰਘ ਨੂੰ ਅਸੀਂ ਕਦੇ ਆਪਣਾ ਕਿਰਾਏਦਾਰ ਨਹੀਂ ਸਮਝਿਆ। ਪਰਮਾਤਮਾ ਨੇ ਮੈਨੂੰ ਇੱਕ ਪੁੱਤਰ ਅਤੇ ਧੀ ਦਿੱਤੀ ਹੈ। ਪਰ ਈਸ਼ਰ ਸਿੰਘ ਨੂੰ ਮੈਂ ਆਪਣਾ ਵੱਡਾ ਪੁੱਤਰ ਮੰਨਦੀ ਹਾਂ। ਮੇਰੀ ਧੀ ਗੋਗੀ ਵੀ ਆਪਣੇ ਸਕੇ ਭਰਾ ਨੂੰ ਰੱਖੜੀ ਬੰਨ੍ਹਣ ਤੋਂ ਪਹਿਲਾਂ ਈਸ਼ਰ ਸਿੰਘ ਨੂੰ ਰੱਖੜੀ ਬੰਨ੍ਹਦੀ ਹੈ। ਅੱਜ ਤੇਰੇ ਇਸ ਘਰ ਵਿੱਚ ਆਉਣ ਨਾਲ ਸਾਨੂੰ ਇੰਝ ਮਾਣ ਮਹਿਸੂਸ ਹੋ ਰਿਹਾ ਹੈ ਜਿਵੇਂ ਮੇਰੀ ਆਪਣੀ ਨੂੰਹ ਪਹਿਲੀ ਵਾਰੀ ਆਪਣੇ ਸਹੁਰੇ ਘਰ ਆਈ ਹੋਵੇ।’’ ਇੰਨਾ ਆਦਰ ਮਾਣ ਤੱਕ ਕੇ ਸੁਖਦੀਪ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹ ਆਪਣੇ ਹੀ ਘਰ ਵਿੱਚ ਆਈ ਹੋਵੇ।
ਦੋ ਸਾਲ ਬਾਅਦ ਸੁਖਦੀਪ ਦੀ ਗੋਦ ਹਰੀ ਹੋਈ ਤੇ ਉਸ ਨੇ ਚੰਨ ਵਰਗੇ ਪੁੱਤਰ ਨੂੰ ਜਨਮ ਦਿੱਤਾ। ਬਾਰੂ ਸਿੰਘ, ਪ੍ਰਸਿੰਨੀ, ਪ੍ਰੋਫੈਸਰ ਈਸ਼ਰ ਸਿੰਘ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬੱਚੇ ਦੇ ਜਨਮ ਤੋਂ ਇੱਕ ਹਫ਼ਤੇ ਬਾਅਦ ਉਹ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋ ਗਿਆ। ਕਾਲਜ ਵਿੱਚ ਛੁੱਟੀ ਹੋਣ ’ਤੇ ਉਹ ਮਠਿਆਈ ਲੈ ਕੇ ਆਪਣੀ ਆਂਟੀ ਸੁਰਜੀਤ ਕੌਰ ਦੇ ਘਰ ਪੁੱਜਾ। ਜਾਂਦਿਆਂ ਹੀ ਉਸ ਨੇ ਸੁਰਜੀਤ ਕੌਰ ਦੇ ਪੈਰਾਂ ਹੱਥ ਲਾਏ ਅਤੇ ਹੱਸਦਿਆਂ ਕਿਹਾ, ‘‘ਆਂਟੀ, ਤੁਸੀਂ ਦਾਦੀ ਬਣ ਗਏ ਹੋ।’’ ਸੁਰਜੀਤ ਕੌਰ ਨੇ ਈਸ਼ਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ‘‘ਪਰਮਾਤਮਾ ਨੇ ਬਹੁਤ ਸੋਹਣੀ ਸੁਣੀ ਹੈ ਜੋ ਰੰਗ ਭਾਗ ਲਾਏ ਹਨ। ਇਹੋ ਜਿਹੀਆਂ ਖ਼ੁਸ਼ੀਆਂ ਰੱਬ ਸਭ ਨੂੰ ਦੇਵੇ। ਹਾਂ ਭਾਈ, ਮੈਂ ਦਾਦੀ ਬਣ ਗਈ ਹਾਂ। ਤੇਰੇ ਅੰਕਲ ਦਾਦਾ ਬਣ ਗਏ ਹਨ।’’ ਇੰਨੇ ਨੂੰ ਗੋਗੀ ਨੇ ਭੱਜ ਕੇ ਆ ਕੇ ਆਪਣੇ ਵੀਰ ਈਸ਼ਰ ਸਿੰਘ ਨੂੰ ਗਲ਼ੇ ਮਿਲਦਿਆਂ ਕਿਹਾ, ‘‘ਵੀਰ ਜੀ, ਤੁਹਾਨੂੰ ਅਤੇ ਭਾਬੀ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ। ਮੈਂ ਤਾਂ ਹੁਣ ਆਪਣੇ ਵੀਰ ਤੋਂ ਬਹੁਤ ਹੀ ਸੋਹਣਾ ਸੂਟ ਲਵਾਂਗੀ।’’ ‘‘ਹਾਂ ਹਾਂ, ਜ਼ਰੂਰ,’’ ਈਸ਼ਰ ਸਿੰਘ ਨੇ ਕਿਹਾ।
ਛੇ ਮਹੀਨਿਆਂ ਬਾਅਦ ਸੁਖਦੀਪ ਕੌਰ ਆਪਣੇ ਨਵੇਂ ਜਨਮੇ ਬਾਲ ਹਰਸ਼ਜੋਤ ਸਿੰਘ ਨੂੰ ਲੈ ਕੇ ਈਸ਼ਰ ਸਿੰਘ ਕੋਲ ਕਪੂਰਥਲੇ ਵਾਲੇ ਕਿਰਾਏ ਦੇ ਘਰ ਵਿੱਚ ਆ ਗਈ। ਗੋਗੀ ਨੂੰ ਤਾਂ ਜਿਵੇਂ ਕੋਈ ਖਿਡੌਣਾ ਹੀ ਮਿਲ ਗਿਆ ਹੋਵੇ। ਉਹ ਜਦੋਂ ਵੀ ਆਪਣੇ ਕਾਲਜ ਤੋਂ ਵਿਹਲੀ ਹੁੰਦੀ, ਹਰਸ਼ਜੋਤ ਦਾ ਮੂੰਹ ਚੁੰਮਦੀ, ਉਸ ਨੂੰ ਗੋਦੀ ਵਿੱਚ ਪਾ ਕੇ ਲਾਡ ਲਡਾਉਂਦੀ। ਹਰਸ਼ਜੋਤ ਵੀ ਉਸ ਨਾਲ ਬਹੁਤ ਘੁਲ ਮਿਲ ਗਿਆ ਸੀ। ਉਹ ਵੀ ਗੋਗੀ ਨਾਲ ਸ਼ਰਾਰਤਾਂ ਕਰਦਾ ਅਤੇ ਹੱਸਦਾ। ਦੋ ਦਿਨਾਂ ਬਾਅਦ ਹੀ ਗੋਗੀ ਨੇ ਹਰਸ਼ਜੋਤ ਦਾ ਛੋਟਾ ਨਾਂ ਹੈਰੀ ਰੱਖ ਲਿਆ, ਇਸ ਛੋਟੇ ਨਾਂ ਨੂੰ ਸਾਰਿਆਂ ਨੇ ਹੀ ਪਸੰਦ ਕਰ ਲਿਆ।
ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਕਿ ਇੱਕ ਦਿਨ ਦੁਪਹਿਰ ਵੇਲੇ ਗੋਗੀ ਆਪਣੇ ਕਮਰੇ ਵਿੱਚ ਬੈਠੀ ਪੜ੍ਹ ਰਹੀ ਸੀ ਤਾਂ ਉਸ ਦੇ ਮੰਮੀ ਸੁਰਜੀਤ ਕੌਰ ਅਚਾਨਕ ਕਮਰੇ ਵਿੱਚ ਆ ਗਏ। ਉਨ੍ਹਾਂ ਵੇਖਿਆ ਕਿ ਗੋਗੀ ਇੱਕ ਵੱਡੇ ਰਜਿਸਟਰ ਵਿੱਚ ਰੱਖ ਕੇ ਕੋਈ ਪੱਤਰ ਪੜ੍ਹ ਰਹੀ ਹੈ। ਉਨ੍ਹਾਂ ਨੇ ਝਟਕੇ ਨਾਲ ਉਹ ਪੱਤਰ ਖੋਹ ਲਿਆ। ਜਦੋਂ ਉਸ ਨੇ ਪੱਤਰ ਪੜ੍ਹ ਕੇ ਵੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਦਿਲਦਾਰ ਸਿੰਘ ਨਾਂ ਦੇ ਕਿਸੇ ਮੁੰਡੇ ਨੇ ਗੋਗੀ ਨੂੰ ਪ੍ਰੇਮ ਪੱਤਰ ਲਿਖਿਆ ਸੀ। ਸੁਰਜੀਤ ਕੌਰ ਨੇ ਗੋਗੀ ਨੂੰ ਕਿਹਾ, ‘‘ਆਹੀ ਕਰਤੂਤਾਂ ਕਰਨ ਲਈ ਤੈਨੂੰ ਕਾਲਜ ਭੇਜਦੇ ਹਾਂ। ਤੂੰ ਉੱਥੇ ਪੜ੍ਹਨ ਜਾਂਦੀ ਏਂ ਜਾਂ ਇਸ਼ਕ ਕਰਨ? ਅੱਜ ਤੋਂ ਬਾਅਦ ਤੇਰਾ ਕਾਲਜ ਜਾਣਾ ਬੰਦ। ਅਸੀਂ ਕੋਈ ਮੁੰਡਾ ਲੱਭ ਕੇ ਤੈਨੂੰ ਵਿਆਹ ਕੇ ਤੇਰਾ ਫ਼ਾਹਾ ਹੀ ਵੱਢਦੇ ਹਾਂ।’’ ਗੋਗੀ ਨੇ ਰੋ-ਰੋ ਕੇ ਆਪਣੀ ਮੰਮੀ ਅੱਗੇ ਵਾਸਤੇ ਪਾਏ, ‘‘ਮੰਮੀ, ਸਾਡਾ ਪਿਆਰ ਸੱਚਾ ਹੈ। ਮੈਂ ਤੁਹਾਡੇ ਅੱਗੇ ਹੱਥ ਬੰਨ੍ਹਦੀ ਹਾਂ ਕਿ ਮੇਰਾ ਵਿਆਹ ਇਸੇ ਮੁੰਡੇ ਦਿਲਦਾਰ ਨਾਲ ਕਰਵਾ ਦਿਓ। ਨਹੀਂ ਤਾਂ ਅਸੀਂ ਦੋਵਾਂ ਨੇ ਮਰ ਜਾਣਾ ਹੈ।’’ ਸੁਰਜੀਤ ਕੌਰ ਤਾਂ ਪਹਿਲਾਂ ਹੀ ਤਪੀ ਹੋਈ ਸੀ। ਗੋਗੀ ਦੀਆਂ ਗੱਲਾਂ ਨੇ ਉਸ ਨੂੰ ਹੋਰ ਵੀ ਗੁੱਸਾ ਚੜ੍ਹਾ ਦਿੱਤਾ। ਉਸ ਨੇ ਥੱਪੜਾਂ ਨਾਲ ਕੁੜੀ ਦਾ ਮੂੰਹ ਭੰਨ ਦਿੱਤਾ। ਜਦੋਂ ਉਹ ਕੁੱਟਦੀ-ਕੁੱਟਦੀ ਹਫ਼ ਗਈ ਤਾਂ ਉਹ ਵੀ ਕੋਲ ਬਹਿ ਕੇ ਰੋਣ ਲੱਗੀ।
ਸ਼ਾਮ ਵੇਲੇ ਉਸ ਨੇ ਸਾਰੀ ਗੱਲ ਆਪਣੇ ਪਤੀ ਸਰਵਣ ਸਿੰਘ ਅਤੇ ਪੁੱਤਰ ਗੁਰਦਾਸ ਸਿੰਘ ਨੂੰ ਦੱਸ ਤਾਂ ਦਿੱਤੀ ਅਤੇ ਨਾਲ ਹੀ ਕਿਹਾ, ‘‘ਮੈਂ ਬਥੇਰਾ ਇਸ ਨੂੰ ਕੁੱਟ ਲਿਆ ਹੈ। ਹੁਣ ਤੁਸੀਂ ਨਾ ਹੱਥ ਚੱਕਿਓ।’’ ਉਹ ਤਿੰਨੋਂ ਦੇਰ ਰਾਤ ਤੱਕ ਗੋਗੀ ਨੂੰ ਸਮਝਾਉਂਦੇ ਰਹੇ, ਪਰ ਗੋਗੀ ਨੇ ਆਪਣੇ ਮੂੰਹੋਂ ਇੱਕ ਵੀ ਸ਼ਬਦ ਨਾ ਕੱਢਿਆ।
ਅਗਲੇ ਦਿਨ ਬਾਅਦ ਦੁਪਹਿਰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ ਕਰ ਕੇ ਸੁਰਜੀਤ ਕੌਰ ਘਰ ਦੀਆਂ ਪੌੜੀਆਂ ਚੜ੍ਹ ਗਈ। ਉਸ ਨੇ ਜਾਂਦਿਆਂ ਹੀ ਈਸ਼ਰ ਸਿੰਘ ਨੂੰ ਕਿਹਾ, “ਵੇਖ ਪੁੱਤਰ, ਤੈਨੂੰ ਮੈਂ ਆਪਣਾ ਵੱਡਾ ਪੁੱਤ ਮੰਨਿਆ ਹੈ। ਮੈਨੂੰ ਇਹ ਵੀ ਪਤਾ ਹੈ ਕਿ ਤੂੰ ਗੋਗੀ ਨੂੰ ਆਪਣੀ ਸਕੀ ਭੈਣ ਤੋਂ ਵੀ ਵੱਧ ਪਿਆਰ ਕਰਦਾ ਹੈਂ। ਗੋਗੀ ਵੀ ਤੇਰਾ ਬਹੁਤ ਸਤਿਕਾਰ ਕਰਦੀ ਹੈ। ਹੁਣ ਮਸਲਾ ਇਹ ਆਣ ਪਿਆ ਹੈ ਕਿ ਗੋਗੀ ਕਿਸੇ ਦਿਲਦਾਰ ਨਾਂ ਦੇ ਮੁੰਡੇ ਪਿੱਛੇ ਝੱਲੀ ਹੋਈ ਪਈ ਐ। ਅਸੀਂ ਤਾਂ ਸਮਝਾ ਸਮਝਾ ਕੇ ਥੱਕ ਹਾਰ ਗਏ ਹਾਂ। ਤੂੰ ਹੀ ਕਰ ਕੋਈ ਹੱਲ!’’ ਸੁਰਜੀਤ ਕੌਰ ਕੋਲੋਂ ਸਾਰੀ ਗੱਲ ਸੁਣ ਕੇ ਈਸ਼ਰ ਸਿੰਘ ਨੇ ਕਿਹਾ, ‘‘ਆਂਟੀ ਜੀ, ਹੁਣ ਤੁਸੀਂ ਕੋਈ ਚਿੰਤਾ ਨਹੀਂ ਕਰਨੀ। ਇਹ ਸਾਰਾ ਮਸਲਾ ਤੁਸੀਂ ਮੇਰੇ ’ਤੇ ਛੱਡ ਦਿਓ। ਪਰਮਾਤਮਾ ਨੇ ਚਾਹਿਆ ਤਾਂ ਬਹੁਤ ਜਲਦੀ ਇਸ ਗੁੰਝਲ ਨੂੰ ਆਪਾਂ ਸੁਲਝਾ ਲਵਾਂਗੇ। ਹੁਣ ਤੁਸੀਂ ਜਾ ਕੇ ਆਰਾਮ ਕਰੋ। ਸ਼ਾਮ ਨੂੰ ਮੈਂ ਖ਼ੁਦ ਗੋਗੀ ਨੂੰ ਇੱਥੇ ਆਪਣੇ ਕੋਲ ਬੁਲਾਵਾਂਗਾ।’’ ਸੁਰਜੀਤ ਕੌਰ ਆਪਣੇ ਮਨ ਵਿੱਚ ਇੱਕ ਆਸ ਦੀ ਕਿਰਨ ਲੈ ਕੇ ਪੌੜੀਆਂ ਉਤਰ ਗਈ ਅਤੇ ਈਸ਼ਰ ਸਿੰਘ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਇਸ ਮਸਲੇ ਨੂੰ ਕਿਵੇਂ ਸੁਲਝਾਇਆ ਜਾਵੇ?
ਸ਼ਾਮ ਢਲੇ ਤੋਂ ਸੁਖਦੀਪ ਨੇ ਉੱਪਰੋਂ ਹੀ ਆਵਾਜ਼ ਮਾਰੀ, ‘‘ਗੋਗੀ, ਤੇਰੇ ਵੀਰ ਜੀ ਬੁਲਾਉਂਦੇ ਐ।’’ ਪੰਜ ਕੁ ਮਿੰਟ ਬਾਅਦ ਹੀ ਗੋਗੀ ਘਰ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਚੁਬਾਰੇ ਵਿੱਚ ਆ ਗਈ। ਉਸ ਨੇ ਜਾਂਦਿਆਂ ਹੀ ਦੋਵਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਸੁਖਦੀਪ ਨੇ ਉਸ ਨੂੰ ਦੇਖ ਕੇ ਕਿਹਾ, ‘‘ਆਹ ਜਾ ਗੋਗੀ, ਤੂੰ ਬੈਠ ਆਪਣੇ ਵੀਰ ਜੀ ਕੋਲ। ਮੈਂ ਚਾਹ ਬਣਾ ਕੇ ਲਿਆਉਂਦੀ ਹਾਂ।’’ ਇਹ ਕਹਿ ਕੇ ਸੁਖਦੀਪ ਚੁਬਾਰੇ ਵਿੱਚੋਂ ਬਾਹਰ ਚਲੀ ਗਈ। ਖੰਘੂਰਾ ਮਾਰ ਕੇ ਗਲਾ ਸਾਫ਼ ਕਰਦਿਆਂ ਈਸ਼ਰ ਸਿੰਘ ਨੇ ਕਿਹਾ, ‘‘ਹਾਂ ਗੋਗੀ, ਮੈਨੂੰ ਸਾਫ਼ ਸਾਫ਼ ਦੱਸ, ਸਾਰੀ ਗੱਲ ਕੀ ਹੈ?’’
‘‘ਵੀਰ ਜੀ, ਮੇਰਾ ਰੱਬ ਜਾਣਦਾ ਹੈ ਕਿ ਮੈਂ ਹਮੇਸ਼ਾ ਤੁਹਾਨੂੰ ਆਪਣੇ ਵੱਡੇ ਵੀਰ ਜੀ ਮੰਨਿਆ ਹੈ। ਮੈਂ ਆਪਣੇ ਕਾਲਜ ਵਿੱਚ ਹੀ ਪੜ੍ਹਦੇ ਦਿਲਦਾਰ ਸਿੰਘ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਹ ਵੀ ਮੈਨੂੰ ਜੀਅ ਜਾਨ ਨਾਲ ਪਿਆਰ ਕਰਦਾ ਹੈ। ਸਾਨੂੰ ਲੱਗਦਾ ਹੈ ਕਿ ਕੁਦਰਤ ਨੇ ਸਾਨੂੰ ਇੱਕ ਦੂਜੇ ਲਈ ਹੀ ਬਣਾਇਆ ਹੈ। ਅਸੀਂ ਦੋਵਾਂ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਵਿਆਹ ਕਰਵਾ ਲਈਏ। ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਵਿਆਹ ਤੋਂ ਬਾਅਦ ਅਸੀਂ ਬਹੁਤ ਖ਼ੁਸ਼ ਰਹਾਂਗੇ।’’ ਗੋਗੀ ਦੀ ਪੂਰੀ ਗੱਲ ਸੁਣ ਕੇ ਈਸ਼ਰ ਸਿੰਘ ਬੋਲਿਆ, ‘‘ਵਿਆਹ ਤੋਂ ਬਾਅਦ ਤੁਹਾਡੀ ਰੋਜ਼ੀ ਰੋਟੀ ਦਾ ਜੁਗਾੜ ਕੀ ਹੋਵੇਗਾ? ਤੂੰ ਵੀ ਅਜੇ ਪੜ੍ਹਾਈ ਕਰਦੀ ਹੈਂ ਅਤੇ ਮੁੰਡਾ ਵੀ ਅਜੇ ਪੜ੍ਹ ਰਿਹਾ ਹੈ। ਫਿਰ ਤੁਸੀਂ ਖਾਉਗੇ ਕਿੱਥੋਂ?’’
ਥੋੜ੍ਹਾ ਸੋਚ-ਸੋਚ ਕੇ ਗੋਗੀ ਨੇ ਆਪਣੇ ਵੀਰ ਜੀ ਨੂੰ ਕਿਹਾ, ‘‘ਪੜ੍ਹ ਲਿਖ ਕੇ ਅਸੀਂ ਦੋਵੇਂ ਨੌਕਰੀ ‘ਤੇ ਲੱਗ ਜਾਵਾਂਗੇ। ਦੂਜਾ, ਮੇਰੇ ਡੈਡੀ ਜੀ ਕੋਲ 560 ਵਿੱਘੇ ਜ਼ਮੀਨ ਹੈ, ਇਸ ਵਿੱਚੋਂ ਮੈਨੂੰ ਜਿੰਨਾ ਹਿੱਸਾ ਦੇਣਗੇ, ਮੈਂ ਲੈ ਲਵਾਂਗੀ।’’
‘‘ਅੱ...ਛਾ ਤਾਂ ਇਹ ਗੱਲ ਐ।’’ ਈਸ਼ਰ ਸਿੰਘ ਨੇ ‘ਅੱਛਾ’ ਸ਼ਬਦ ਨੂੰ ਥੋੜ੍ਹਾ ਲਮਕਾ ਕੇ ਕਿਹਾ। ‘‘ਦੇਖ ਗੋਗੀ, ਇਹ ਪਿਆਰ ਮੁਹੱਬਤ ਦੀਆਂ ਗੱਲਾਂ ਫਿਲਮਾਂ, ਨਾਵਲਾਂ, ਪਰੀ ਕਹਾਣੀਆਂ, ਕਿੱਸਿਆਂ ਆਦਿ ਵਿੱਚ ਤਾਂ ਠੀਕ ਲੱਗਦੀਆਂ ਹਨ ਪਰ ਸਾਡੀ ਯਥਾਰਥਵਾਦੀ ਜ਼ਿੰਦਗੀ ਵਿੱਚ ਇਨ੍ਹਾਂ ਦਾ ਕੋਈ ਮਹੱਤਵ ਨਹੀਂ। ਇਸ ਲਈ ਸਿਆਣਪ ਇਸੇ ਵਿੱਚ ਹੈ ਕਿ ਤੂੰ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ ਵੱਲ ਲਗਾ। ਜਦੋਂ ਤੂੰ ਜੀਵਨ ਵਿੱਚ ਕੁਝ ਬਣ ਜਾਵੇਂਗੀ, ਤਦ ਤੂੰ ਆਪਣੀ ਪਸੰਦ ਆਪਣੇ ਮੰਮੀ ਡੈਡੀ ਨੂੰ ਦੱਸ ਦੇਵੀਂ ਤੇ ਉਹ ਉੱਥੇ ਤੇਰਾ ਵਿਆਹ ਕਰ ਦੇਣਗੇ। ਬੱਸ, ਸਾਰਾ ਮਸਲਾ ਹੱਲ ਹੋ ਜਾਵੇਗਾ। ਤੂੰ ਵੀ ਖ਼ੁਸ਼, ਮੰਮੀ ਡੈਡੀ ਵੀ ਖ਼ੁਸ਼ ਅਤੇ ਮੈਂ ਵੀ ਖ਼ੁਸ਼।’’
ਗੋਗੀ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ, ‘‘ਵੀਰ ਜੀ, ਮੈਂ ਤੁਹਾਡੇ ਕੋਲੋਂ ਝੋਲੀ ਅੱਡ ਕੇ ਆਪਣੇ ਪਿਆਰ ਦੀ ਭੀਖ ਮੰਗਦੀ ਹਾਂ। ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਡਾ ਕਿਹਾ ਮੇਰੇ ਮੰਮੀ ਪਾਪਾ ਕਦੇ ਵੀ ਨਹੀਂ ਮੋੜਣਗੇ।’’
‘‘ਗੋਗੀ, ਇਹਦਾ ਮਤਲਬ ਇਹ ਹੋਇਆ ਕਿ ਤੂੰ ਆਪਣੀ ਜ਼ਿੱਦ ’ਤੇ ਕਾਇਮ ਹੈਂ ਅਤੇ ਕਿਸੇ ਵੀ ਤਰ੍ਹਾਂ ਆਪਣਾ ਫ਼ੈਸਲਾ ਬਦਲਣ ਲਈ ਤਿਆਰ ਨਹੀਂ ਹੈਂ। ਚਲੋ ਠੀਕ ਹੈ, ਮੈਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਾ ਹਾਂ। ਤੂੰ ਕੱਲ੍ਹ ਮੁੰਡੇ ਨਾਲ ਗੱਲ ਕਰ ਲੈ। ਅਸੀਂ ਤੁਹਾਡਾ ਦੋਵਾਂ ਦਾ ਵਿਆਹ ਗੁਰਦੁਆਰਾ ਸਾਹਿਬ ਜਾ ਕੇ ਕਰਵਾ ਦਿੰਦੇ ਹਾਂ। ਪਰ ਸਾਡੀ ਸ਼ਰਤ ਇਹ ਹੈ ਕਿ ਅਸੀਂ ਤੈਨੂੰ ਸਿਰਫ਼ ਤਿੰਨ ਕੱਪੜਿਆਂ ਵਿੱਚ ਹੀ ਗੁਰੂਘਰ ਵਿੱਚੋਂ ਵਿਦਾ ਕਰਾਂਗੇ। ਤੈਨੂੰ ਕੋਈ ਦਾਜ ਦਹੇਜ, ਗਹਿਣਾ ਗੱਟਾ ਨਹੀਂ ਮਿਲੂਗਾ ਅਤੇ ਨਾ ਹੀ ਤੈਨੂੰ ਤੇਰੇ ਡੈਡੀ ਦੀ ਜ਼ਮੀਨ ਜਾਇਦਾਦ ਵਿੱਚੋਂ ਕੋਈ ਹਿੱਸਾ ਮਿਲੇਗਾ। ਇੱਕ ਗੱਲ ਹੋਰ ਕਿ ਵਿਆਹ ਤੋਂ ਬਾਅਦ ਇਸ ਘਰ ਨਾਲ ਤੇਰਾ ਕੋਈ ਸੰਬੰਧ ਨਹੀਂ ਰਹੇਗਾ। ਨਾ ਹੀ ਤੈਨੂੰ ਕੋਈ ਕਦੇ ਮਿਲਣ ਜਾਵੇਗਾ ਅਤੇ ਨਾ ਹੀ ਤੂੰ ਮਿਲਣ ਲਈ ਇਸ ਘਰ ਵਿੱਚ ਕਦੇ ਆਵੇਂਗੀ। ਤੂੰ ਮੁੰਡੇ ਨਾਲ ਸਲਾਹ ਕਰ ਕੇ ਕੱਲ੍ਹ ਸ਼ਾਮ ਤੱਕ ਮੈਨੂੰ ਦੱਸ ਦੇਵੀਂ। ਤੁਹਾਡਾ ਦੋਵਾਂ ਦਾ ਜੋ ਵੀ ਫ਼ੈਸਲਾ ਹੋਵੇਗਾ, ਉਸੇ ਤਰ੍ਹਾਂ ਅਸੀਂ ਕਰ ਦਿਆਂਗੇ।’’ ਈਸ਼ਰ ਸਿੰਘ ਨੇ ਕਿਹਾ।
‘‘ਠੀਕ ਹੈ ਵੀਰ ਜੀ, ਮੈਂ ਤੁਹਾਨੂੰ ਕੱਲ੍ਹ ਸ਼ਾਮ ਤੱਕ ਸਾਰੀ ਰਿਪੋਰਟ ਕਰਦੀ ਹਾਂ।’’ ਇਹ ਕਹਿ ਕੇ ਉਹ ਦਗੜ-ਦਗੜ ਕਰਦੀ ਪੌੜੀਆਂ ਉੱਤਰ ਗਈ।
ਅਗਲੇ ਦਿਨ ਕਾਲਜ ਵਿੱਚ ਜਾ ਕੇ ਗਗਨਦੀਪ ਕੌਰ ਨੇ ਦਿਲਦਾਰ ਸਿੰਘ ਨੂੰ ਸਾਰੀ ਗੱਲ ਦੱਸੀ, ‘‘ਮੇਰੇ ਪਰਿਵਾਰ ਵਾਲੇ ਗੁਰਦੁਆਰਾ ਸਾਹਿਬ ਵਿੱਚ ਆਪਣਾ ਬਿਲਕੁਲ ਸਾਦਾ ਵਿਆਹ ਕਰਨ ਲਈ ਸਹਿਮਤ ਹੋ ਗਏ ਹਨ। ਪਰ ਮੈਨੂੰ ਦਾਜ ਦਹੇਜ ਅਤੇ ਆਪਣੇ ਪਿਉ ਦੀ ਜੱਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਮਿਲੇਗਾ।’’
ਇਹ ਸੁਣ ਕੇ ਦਿਲਦਾਰ ਦੀਆਂ ਤਾਂ ਜਿਵੇਂ ਅੱਖਾਂ ਹੀ ਖੜ੍ਹ ਗਈਆਂ। ਉਸ ਨੇ ਆਪਣਾ ਗਲ਼ਾ ਸਾਫ਼ ਕਰਦਿਆਂ ਕਿਹਾ, ‘‘ਇਸ ਤਰ੍ਹਾਂ ਤਾਂ ਬਹੁਤ ਮੁਸ਼ਕਿਲ ਹੋ ਜਾਵੇਗਾ। ਆਪਾਂ ਰਹਾਂਗੇ ਕਿੱਥੇ? ਕਿੱਥੋਂ ਖਾਵਾਂ ਪੀਵਾਂਗੇ?’’
ਉਸੇ ਪਲ ਗਗਨਦੀਪ ਕੌਰ ਨੂੰ ਇਸ ਗੱਲ ਦੀ ਸੋਝੀ ਪੈ ਗਈ ਕਿ ਦਿਲਦਾਰ ਉਸ ਨੂੰ ਪਿਆਰ ਨਹੀਂ ਸੀ ਕਰਦਾ। ਉਹ ਤਾਂ ਉਸ ਦੇ ਡੈਡੀ ਦੀ ਜ਼ਮੀਨ ਜਾਇਦਾਦ ਨੂੰ ਪਿਆਰ ਕਰਦਾ ਸੀ। ਗਗਨਦੀਪ ਨੇ ਕਸ ਕੇ ਇੱਕ ਚਪੇੜ ਦਿਲਦਾਰ ਦੇ ਮੂੰਹ ਉੱਤੇ ਮਾਰ ਦਿੱਤੀ ਅਤੇ ਗੁੱਸੇ ਵਿੱਚ ਭੜਕਦਿਆਂ ਬੋਲੀ, ‘‘ਦਫ਼ਾ ਹੋ ਜਾ, ਮੇਰੀਆਂ ਅੱਖਾਂ ਤੋਂ ਦੂਰ ਚਲਾ ਜਾ। ਦੁਬਾਰਾ ਕਦੇ ਮੈਨੂੰ ਆਪਣੀ ਮਨਹੂਸ ਸ਼ਕਲ ਨਾ ਵਿਖਾਈਂ। ਤੇਰੇ ਜਿਹੇ ਘਟੀਆ ਅਤੇ ਲਾਲਚੀ ਬਿਰਤੀ ਵਾਲੇ ਲਈ ਮੈਂ ਆਪਣੇ ਮੰਮੀ ਡੈਡੀ ਦਾ ਦਿਲ ਦੁਖਾਇਆ।’’ ਉਹ ਆਪਣੇ ਦੋਵੇਂ ਹੱਥ ਅੱਖਾਂ ਉੱਤੇ ਰੱਖ ਕੇ ਫਫਕ ਕੇ ਰੋ ਪਈ।
ਕਾਲਜ ਵਿੱਚ ਛੁੱਟੀ ਤੋਂ ਬਾਅਦ ਗੋਗੀ ਸਿੱਧੀ ਆਪਣੇ ਘਰ ਗਈ। ਉਸ ਨੇ ਵੇਖਿਆ ਕਿ ਪ੍ਰੋਫੈਸਰ ਈਸ਼ਰ ਸਿੰਘ ਸਾਹਮਣੇ ਘਰ ਦੀ ਛੱਤ ’ਤੇ ਖੜ੍ਹਾ ਸੀ। ਉਹ ਆਪਣਾ ਕਿਤਾਬਾਂ ਵਾਲਾ ਬੈਗ ਆਪਣੇ ਕਮਰੇ ਵਿੱਚ ਰੱਖ ਕੇ ਪੌੜੀਆਂ ਚੜ੍ਹ ਕੇ ਛੱਤ ’ਤੇ ਚਲੀ ਗਈ। ਉਸ ਨੇ ਜਾਂਦਿਆਂ ਹੀ ਈਸ਼ਰ ਸਿੰਘ ਨੂੰ ਜੱਫ਼ੀ ਪਾ ਲਈ ਅਤੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਸ ਦਾ ਮਨ ਰੋ ਕੇ ਕੁਝ ਹੌਲਾ ਹੋ ਗਿਆ ਤਾਂ ਉਸ ਨੇ ਕਿਹਾ, ‘‘ਵੀਰ ਜੀ, ਮੈਨੂੰ ਮੁਆਫ਼ ਕਰ ਦਿਉ। ਮੈਂ ਆਪਣੇ ਰਾਹ ਤੋਂ ਭਟਕ ਗਈ ਸੀ, ਪਰ ਤੁਸੀਂ ਸਹੀ ਅਗਵਾਈ ਦੇ ਕੇ ਮੈਨੂੰ ਬਰਬਾਦ ਹੋਣ ਤੋਂ ਬਚਾਅ ਲਿਆ।’’
‘‘ਪਰ ਗੱਲ ਕੀ ਹੋਈ? ਕੁਝ ਦੱਸੇਂ ਤਾਂ ਸਮਝ ਲੱਗੇ।’’ ਈਸ਼ਰ ਸਿੰਘ ਨੇ ਕਿਹਾ। “ਵੀਰ ਜੀ, ਦਿਲਦਾਰ ਤਾਂ ਇੱਕ ਨੰਬਰ ਦਾ ਪਖੰਡੀ ਅਤੇ ਧੋਖੇਬਾਜ਼ ਨਿਕਲਿਆ। ਉਹ ਮੈਨੂੰ ਪਿਆਰ ਨਹੀਂ ਸੀ ਕਰਦਾ ਸਗੋਂ ਉਹ ਧੋਖੇ ਨਾਲ ਮੇਰੇ ਡੈਡੀ ਜੀ ਦੀ ਜ਼ਮੀਨ ਜਾਇਦਾਦ ਹੜੱਪਣਾ ਚਾਹੁੰਦਾ ਸੀ। ਚੰਗਾ ਹੋਇਆ, ਸਮੇਂ ਸਿਰ ਮੇਰੀ ਅੱਖ ਖੁੱਲ੍ਹ ਗਈ। ਵੀਰ ਜੀ, ਕੀ ਤੁਸੀਂ ਮੈਨੂੰ ਮੁਆਫ਼ ਕਰ ਦਿਉਂਗੇ?’’ ਪ੍ਰੋਫੈਸਰ ਈਸ਼ਰ ਸਿੰਘ ਨੇ ਗੋਗੀ ਦੇ ਸਿਰ ’ਤੇ ਹੱਥ ਫੇਰਦਿਆਂ ਕਿਹਾ, ‘‘ਮੁਆਫ਼ੀ ਤਾਂ ਤੂੰ ਆਪਣੇ ਮੰਮੀ ਡੈਡੀ ਤੋਂ ਮੰਗ ਜਨਿ੍ਹਾਂ ਦਾ ਦਿਲ ਦੁਖਾਇਆ ਹੈ। ਮੈਂ ਤਾਂ ਤੈਨੂੰ ਉਦੋਂ ਹੀ ਮੁਆਫ਼ ਕਰਾਂਗਾ, ਜਦੋਂ ਤੂੰ ਪੜ੍ਹ ਲਿਖ ਕੇ ਕਿਸੇ ਉੱਚੇ ਮੁਕਾਮ ’ਤੇ ਪਹੁੰਚੇਂਗੀ।’’
ਇਹ ਸੁਣ ਕੇ ਗੋਗੀ ਨੇ ਰੱਬ ਵਰਗੇ ਆਪਣੇ ਵੀਰ ਨੂੰ ਇੱਕ ਵਾਰੀ ਫੇਰ ਜੱਫ਼ੀ ਵਿੱਚ ਘੁੱਟ ਲਿਆ। ਕੁਝ ਪਲਾਂ ਬਾਅਦ ਗੋਗੀ, ਈਸ਼ਰ ਸਿੰਘ, ਸੁਖਦੀਪ ਕੌਰ ਘਰ ਦੀਆਂ ਪੌੜੀਆਂ ਉੱਤਰ ਕੇ ਹੇਠਾਂ ਆ ਗਏ। ਈਸ਼ਰ ਸਿੰਘ ਨੇ ਕਮਰੇ ਅੰਦਰ ਵੜਦਿਆਂ ਹੀ ਕਿਹਾ, ‘‘ਆਂਟੀ ਜੀ, ਆਹ ਲਓ, ਤੁਹਾਡੀ ਧੀ ਰਾਣੀ, ਆਪਣੀ ਗ਼ਲਤੀ ਦਾ ਪ੍ਰਾਸ਼ਚਿਤ ਕਰਨ ਤੁਹਾਡੇ ਕੋਲ ਆਈ ਹੈ।’’ ਗੋਗੀ ਭੱਜ ਕੇ ਆਪਣੀ ਮੰਮੀ ਦੇ ਪੈਰਾਂ ’ਤੇ ਜਾ ਡਿੱਗੀ। ਉਸ ਨੇ ਰੋਂਦਿਆਂ ਕਿਹਾ, ‘‘ਮੰਮੀ ਮੈਨੂੰ ਮੁਆਫ਼ ਕਰ ਦਿਉ, ਮੈਂ ਤੁਹਾਡਾ ਬਹੁਤ ਦਿਲ ਦੁਖਾਇਆ।’’
ਸੁਰਜੀਤ ਕੌਰ ਨੇ ਆਪਣੀ ਧੀ ਨੂੰ ਮੋਢਿਆਂ ਤੋਂ ਫੜ ਕੇ ਖੜ੍ਹਾ ਕੀਤਾ ਅਤੇ ਉਸ ਨੂੰ ਘੁੱਟ ਕੇ ਜੱਫ਼ੀ ਪਾ ਲਈ। ਕੋਲ ਖੜ੍ਹੇ ਪ੍ਰੋਫੈਸਰ ਈਸ਼ਰ ਸਿੰਘ ਨੇ ਸ਼ੁਰਲੀ ਛੱਡਦਿਆਂ ਕਿਹਾ, ‘‘ਆਂਟੀ ਜੀ, ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ।’’
ਈਸ਼ਰ ਸਿੰਘ ਦੀ ਇਹ ਗੱਲ ਸੁਣ ਕੇ ਘਰ ਦੇ ਸਾਰੇ ਜੀਅ ਖੁੱਲ੍ਹ ਕੇ ਹੱਸੇ।
ਸੰਪਰਕ: 84276-85020

Advertisement

Advertisement
Author Image

Advertisement
Advertisement
×