ਏਟਕ ਵੱਲੋਂ ਟਰੇਡ ਯੂਨੀਅਨਾਂ ਤੇ ਕਿਸਾਨ ਮੋਰਚੇ ਦੇ ਫ਼ੈਸਲਿਆਂ ’ਤੇ ਪਹਿਰਾ ਦੇਣ ਦਾ ਐਲਾਨ
ਗੁਰਿੰਦਰ ਸਿੰਘ
ਲੁਧਿਆਣਾ, 24 ਅਗਸਤ
ਕੇਂਦਰੀ ਟਰੇਡ ਯੂਨੀਅਨਾਂ, ਸੈਕਟਰਲ ਫੈੱਡਰੇਸ਼ਨਾਂ/ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਸਾਂਝੀ ਮੀਟਿੰਗ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਰੋਸ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਏਟਕ ਦੀ ਕੌਮੀ ਸਕੱਤਰ ਕਾ. ਅਮਰਜੀਤ ਕੌਰ ਨੇ ਦੱਸਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਸਾਂਝੀ ਮੀਟਿੰਗ ਨੇ ਇਸ ਗੱਲ ’ਤੇ ਨਰਾਜ਼ਗੀ ਜ਼ਾਹਰ ਕੀਤੀ ਕਿ ਆਮ ਚੋਣਾਂ ’ਚ ਗਿਰਾਵਟ ਕਾਰਨ ਐਨਡੀਏ ਸਰਕਾਰ ਕਮਜ਼ੋਰ ਪੈਂਤੜੇ ’ਤੇ ਹੋਣ ਦੇ ਬਾਵਜੂਦ ਮਜ਼ਦੂਰ, ਕਿਸਾਨ ਤੇ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਏਜੰਡੇ ’ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਸੰਕਲਪ ਲਿਆ ਗਿਆ ਕਿ ਚਾਰ ਰਾਜਾਂ ਦੀਆਂ ਚੋਣਾਂ ਵਿੱਚ ਕੇਂਦਰ ਦੀ ਸੱਤਾਧਾਰੀ ਪਾਰਟੀ ਅਤੇ ਉਸ ਦੇ ਭਾਈਵਾਲਾਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਡੱਟਕੇ ਸਾਂਝੀਆਂ ਮੁਹਿੰਮਾਂ ਚਲਾਈ ਜਾਵੇਗੀ। ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਤਿੰਨ ਲੇਬਰ ਕੋਡਾਂ ਨੂੰ ਪਾਸ ਕਰਨ ਦੇ ਦਿਨ 23 ਸਤੰਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਟਰੇਡ ਯੂਨੀਅਨਾਂ ਦੇ ਪ੍ਰੋਗਰਾਮ ਲਈ ਇੱਕਜੁੱਟਤਾ ਦਾ ਭਰੋਸਾ ਦਿੱਤਾ। ਮੀਟਿੰਗ ’ਚ ਸਮਾਰਟ ਮੀਟਰ ਜਬਰੀ ਲਗਾਉਣ ਦੀ ਨਿਖੇਧੀ ਕੀਤੀ ਗਈ ਅਤੇ ਇਸ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਅੰਦੋਲਨ ਨੂੰ ਪੂਰਨ ਸਮਰਥਨ ਦੇਣ ਦਾ ਪ੍ਰਗਟਾਵਾ ਕੀਤਾ ਗਿਆ।