ਆਤਿਸ਼ੀ ਨੇ ਐੱਲਜੀ ਦੀ ਚੁੱਪ ’ਤੇ ਚੁੱਕੇ ਸਵਾਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਅੱਜ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਹਰਸ਼ ਵਿਹਾਰ ਅਤੇ ਅੈਲਅੈੱਨਜੀਪੀ ਹਸਪਤਾਲ ਵਿੱਚ ਵਾਪਰੀਆਂ ਵੱਖ ਵੱਖ ਘਟਨਾਵਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਦੋ ਹਾਸਦਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।
ਆਤਿਸ਼ੀ ਨੇ ਕਿਹਾ ਕਿ ਐਲਜੀ ਨੂੰ ਸੇਵਾਵਾਂ ’ਤੇ ਕੰਟਰੋਲ ਬਾਰੇ ਕੇਂਦਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਤਹਿਤ ਅਜਿਹਾ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਤੱਕ ਇਸ ਆਰਡੀਨੈਂਸ ’ਤੇ ਅਦਾਲਤ ਦਾ ਫੈਸਲਾ ਨਹੀਂ ਆ ਜਾਂਦਾ, ਤੁਹਾਨੂੰ ਇਨ੍ਹਾਂ ਲਾਪਰਵਾਹ ਅਫਸਰਾਂ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਲਾਪਰਵਾਹੀ ਕਾਰਨ ਦੋ ਜ਼ਿੰਦਗੀਆਂ ਖਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਤੁਹਾਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਅਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਦਿੱਲੀ ਦੇ ਲੋਕ ਇਸੇ ਤਰ੍ਹਾਂ ਮੁਸੀਬਤ ਦਾ ਸਾਹਮਣਾ ਕਰਦੇ ਰਹਿਣਗੇ,।’’
ਉਨ੍ਹਾਂ ਐੱਲਜੀ ’ਤੇ ਇਸ ਮੁੱਦੇ ’ਤੇ ਚੁੱਪ ਧਾਰਨ ਦਾ ਦੋਸ਼ ਲਗਾਇਆ ਤੇ ਦਲੀਲ ਦਿੱਤੀ ਕਿ ਇੱਕ ਚੁਣੀ ਹੋਈ ਸਰਕਾਰ ਕੋਲ ਅਧਿਕਾਰੀਆਂ ਦੇ ਤਬਾਦਲੇ ਅਤੇ ਮੁਅੱਤਲ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਜੀਤ ਸ਼ਰਮਾ (51) ਨਾਮੀ ਇੱਕ ਵਿਅਕਤੀ ਸ਼ੁੱਕਰਵਾਰ ਨੂੰ ਪੂਰਬੀ ਦਿੱਲੀ ਦੇ ਭਜਨਪੁਰਾ ਵਿੱਚ ਇੱਕ ਯਾਤਰੀ ਨੂੰ ਉਤਾਰ ਕੇ ਘਰ ਪਰਤ ਰਿਹਾ ਸੀ ਤਾਂ ਵਜ਼ੀਰਾਬਾਦ ਨੇੜੇ ਮੀਂਹ ਦੇ ਪਾਣੀ ਨਾਲ ਭਰੇ ਇੱਕ ਟੋਏ ਵਿੱਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਅੱਜ ਇੱਥੇ ਨਿਰਮਾਣ ਅਧੀਨ ਇਮਾਰਤ ਵਿੱਚ ਇੱਕ ਮਜ਼ਦੂਰ ਨੂੰ ਕਰੰਟ ਲੱਗ ਗਿਆ।