ਆਤਿਸ਼ੀ ਵੱਲੋਂ ਪੰਜਾਬੀ ਬਾਗ ਵਿੱਚ ਫਲਾਈਓਵਰ ਦਾ ਉਦਘਾਟਨ
ਨਵੀਂ ਦਿੱਲੀ, 2 ਜਨਵਰੀ
ਇੱਥੇ ਅੱਜ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸ਼ਹਿਰ ਦੇ ਪੱਛਮੀ ਹਿੱਸੇ ਦੇ ਪੰਜਾਬੀ ਬਾਗ ਵਿੱਚ ਛੇ ਲੇਨ ਵਾਲੇ ਫਲਾਈਓਵਰ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਫਲਾਈਓਵਰ ਦੇ ਬਣਨ ਨਾਲ ਕਰੀਬ 3.45 ਲੱਖ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਫਲਾਈਓਵਰ ਦੀ ਲੰਬਾਈ 1.12 ਕਿੱਲੋਮੀਟਰ ਹੈ ਅਤੇ ਇਸ ਨਾਲ ਤਿੰਨ ਲਾਲ ਬੱਤੀਆਂ ਭਾਵ ਤਿੰਨ ਟਰੈਫਿਕ ਲਾਈਟਾਂ ਤੋਂ ਰਾਹਤ ਮਿਲੇਗੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਫਲਾਈਓਵਰ ਦੇ ਚਾਲੂ ਹੋਣ ਨਾਲ ਰੋਜ਼ਾਨਾ ਕਰੀਬ 3.45 ਲੱਖ ਲੋਕਾਂ ਨੂੰ ਲਾਭ ਹੋਵੇਗਾ।
ਇਸ ਖੇਤਰ ਵਿੱਚ ਪਹਿਲਾਂ ਆਵਾਜਾਈ ਦੀ ਕਾਫ਼ੀ ਸਮੱਸਿਆ ਸੀ। ਹੁਣ ਫਲਾਈਓਵਰ ਬਣਨ ਨਾਲ ਆਵਾਜਾਈ ਦੀ ਸਮੱਸਿਆਵਾ ਦਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਫਲਾਈਓਵਰ ਦੇ ਉਦਘਾਟਨ ਨਾਲ ਰਾਜਧਾਨੀ ਵਾਸੀਆਂ ਦੇ ਹਰ ਰੋਜ਼ 40,800 ਘੰਟੇ ਬਚਣਗੇ। ਫਲਾਈਓਵਰ ਦੇ ਬਣਨ ਨਾਲ 11 ਲੱਖ ਲਿਟਰ ਪੈਟਰੋਲ ਅਤੇ ਡੀਜ਼ਲ ਦੀ ਬਚਤ ਹੋਵੇਗੀ। ਆਤਿਸ਼ੀ ਨੇ ਫਲਾਈਓਵਰ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਪੰਜਾਬੀ ਬਾਗ ਫਲਾਈਓਵਰ ਪਿਛਲੇ ਦਸ ਸਾਲਾਂ ਵਿੱਚ 39ਵਾਂ ਫਲਾਈਓਵਰ ਹੈ, ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 25 ਦਸੰਬਰ ਨੂੰ ਆਤਿਸ਼ੀ ਨੇ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਅਪਸਰਾ ਬਾਰਡਰ ਨੂੰ ਆਨੰਦ ਵਿਹਾਰ ਨਾਲ ਜੋੜਨ ਵਾਲੇ ਛੇ ਲੇਨ ਦੇ ਫਲਾਈਓਵਰ ਦਾ ਉਦਘਾਟਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਇਸ ਫਲਾਈਓਵਰ ਦੇ ਬਣਨ ਨਾਲ ਰੋਜ਼ਾਨਾ ਕਰੀਬ 1.5 ਲੱਖ ਲੋਕਾਂ ਨੂੰ ਲਾਭ ਹੋਵੇਗਾ। ਪੰਜਾਬੀ ਬਾਗ ਦੇ ਫਲਾਈਓਵਰ ਦਾ ਉਦਘਾਨ ਕਰਨ ਮੌਕੇ ਮੁੱਖ ਮੰਤਰੀ ਆਤਿਸ਼ੀ ਨਾਲ ਵਿਧਾਇਕ ਸ਼ਿਵ ਚਰਨ ਗੋਇਲ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਾਖੀ ਬਿਰਲਾ ਵੀ ਹਾਜ਼ਰ ਸਨ। ਇਸ ਮੌਕੇ ਪ੍ਰਸ਼ਾਸਨਿਕ ਅਤੇ ਸਿਵਲ ਅਧਿਕਾਰੀ ਮੌਜੂਦ ਸਨ। -ਪੀਟੀਆਈ