ਪਿਤਾ ਖ਼ਿਲਾਫ਼ ਟਿੱਪਣੀ ਸੁਣ ਕੇ ਆਤਿਸ਼ੀ ਹੰਝੂ ਨਾ ਰੋਕ ਸਕੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜਨਵਰੀ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅੱਜ ਭਾਜਪਾ ਆਗੂ ਰਮੇਸ਼ ਬਿਧੂੜੀ ਵੱਲੋਂ ਆਪਣੇ ਪਿਤਾ ਖ਼ਿਲਾਫ਼ ਕੀਤੀ ਗਈ ਵਿਵਾਦਤ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰੋਣ ਲੱਗ ਪਈ ਅਤੇ ਉਨ੍ਹਾਂ ਦੇ ਹੰਝੂ ਰੋਕਿਆਂ ਨਾ ਰੁਕੇ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਚੋਣਾਂ ਲਈ ਇੱਕ ਬਜ਼ੁਰਗ ਆਦਮੀ ਨਾਲ ਦੁਰਵਿਵਹਾਰ ਕਰਨ ਲਈ ਹੇਠਾਂ ਨਿੱਘਰ ਗਿਆ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਸਾਰੀ ਉਮਰ ਇੱਕ ਅਧਿਆਪਕ ਰਹੇ ਹਨ...ਉਹ ਬਿਨਾਂ ਸਹਾਰੇ ਚੱਲ ਨਹੀਂ ਸਕਦੇ। ਇਸ ਦੌਰਾਨ ਆਤਿਸ਼ੀ ਆਪਣੇ ਹੰਝੂਆਂ ਨੂੰ ਕਾਬੂ ਕਰਨ ਲਈ ਕਾਫੀ ਜੱਦੋਜਹਿਦ ਕਰ ਰਹੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਲਈ, ਉਹ ਇੰਨਾ ਨੀਵਾਂ ਡਿੱਗ ਗਏ...ਕਿ ਉਹ ਇੱਕ ਬਜ਼ੁਰਗ ਨੂੰ ਗਾਲ੍ਹਾਂ ਕੱਢਣ ਲੱਗ ਪਏ। ਇਸ ਦੇਸ਼ ਦੀ ਸਿਆਸਤ ਇੰਨੀ ਨੀਵੀਂ ਜਾ ਸਕਦੀ ਹੈ...ਉਹ ਯਕੀਨ ਨਹੀਂ ਕਰ ਸਕਦੀ। ਉਹ ਉਸ ਦੇ ਬਜ਼ੁਰਗ ਪਿਤਾ ਨੂੰ ਗਾਲ੍ਹਾਂ ਕੱਢ ਕੇ ਵੋਟਾਂ ਮੰਗ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੇ ਐਤਵਾਰ ਨੂੰ ਰਾਜਧਾਨੀ ਵਿੱਚ ਰੈਲੀ ਦੌਰਾਨ ਆਤਿਸ਼ੀ ’ਤੇ ਉਸ ਦੇ ਉਪਨਾਮ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ। ਸ੍ਰੀ ਬਿਧੂੜੀ ਕਾਲਕਾਜੀ ਹਲਕੇ ਵਿੱਚ ਆਤਿਸ਼ੀ ਖ਼ਿਲਾਫ਼ ਭਾਜਪਾ ਉਮੀਦਵਾਰ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪੋਸਟ ਵਿੱਚ ਲਿਖਿਆ ਕਿ ਭਾਜਪਾ ਆਗੂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਮੰਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਦਿੱਲੀ ਦੇ ਲੋਕ ਇੱਕ ਮਹਿਲਾ ਮੁੱਖ ਮੰਤਰੀ ਦੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰਨਗੇ।