ਆਤਿਸ਼ੀ ਨੂੰ ਫ਼ਰਜ਼ੀ ਕੇਸ ’ਚ ਕੀਤਾ ਜਾ ਸਕਦੈ ਗ੍ਰਿਫ਼ਤਾਰ: ਕੇਜਰੀਵਾਲ
ਨਵੀਂ ਦਿੱਲੀ, 25 ਦਸੰਬਰ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਏਜੰਸੀਆਂ ਭਾਜਪਾ ਦੇ ਇਸ਼ਾਰੇ ਉੱਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ‘ਫ਼ਰਜ਼ੀ’ ਕੇਸ ਵਿਚ ਗ੍ਰਿਫ਼ਤਾਰ ਕਰ ਸਕਦੀਆਂ ਹਨ। ਕੇਜਰੀਵਾਲ ਨੇ ਆਤਿਸ਼ੀ ਦੀ ਮੌਜੂਦਗੀ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਸਾਡੇ ਸਰੋਤਾਂ ਤੋਂ ਪਤਾ ਲੱਗਾ ਹੈ ਕਿ ਇਕ ਬੈਠਕ ਹੋਈ ਸੀ ਅਤੇ ਭਾਜਪਾ ਨੇ ਤਫ਼ਤੀਸ਼ੀ ਏਜੰਸੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਆਤਿਸ਼ੀ ਨੂੰ ਫ਼ਰਜ਼ੀ ਕੇਸ ਵਿਚ ਗ੍ਰਿਫ਼ਤਾਰ ਕਰੇ।’’ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਅਗਾਮੀ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ‘ਆਪ’ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ‘ਆਪ’ ਆਗੂ ਨੇ ਕਿਹਾ, ‘‘ਸਾਨੂੰ ਪਤਾ ਲੱਗਾ ਹੈ ਕਿ ਉਹ ਆਤਿਸ਼ੀ ਖਿਲਾਫ਼ ਟਰਾਂਸਪੋਰਟ ਵਿਭਾਗ ਵਿਚ ਫ਼ਰਜ਼ੀ ਕੇਸ ਤਿਆਰ ਕਰ ਰਹੇ ਹਨ। ਉਹ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਕੀਮ ਨੂੰ ਰੋਕਣਾ ਚਾਹੁੰਦੇ ਹਨ।’’ ਆਬਕਾਰੀ ਨੀਤੀ ਕੇਸ ਵਿਚ ਜ਼ਮਾਨਤ ਉੱਤੇ ਚੱਲ ਰਹੇ ਕੇਜਰੀਵਾਲ ਨੇ ਜ਼ੋਰ ਦੇ ਕੇ ਆਖਿਆ, ‘‘ਮੈਂ ਜਦੋਂ ਤੱਕ ਜਿਊਂਦਾ ਹਾਂ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਕੀਮ ਨੂੰ ਬੰਦ ਨਹੀਂ ਹੋਣ ਦੇਵਾਂਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਦਿਨਾਂ ਵਿਚ ਆਤਿਸ਼ੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਨੂੰ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਸੀਨੀਅਰ ਆਗੂਆਂ ਉੱਤੇ ਛਾਪੇ ਮਾਰਨ ਦੀ ਹਦਾਇਤ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ, ‘ਮੇਰੇ, ਮਨੀਸ਼ ਸਿਸੋਦੀਆ, ਸੰਜੈ ਸਿੰਘ, ਸੌਰਭ ਭਾਰਦਵਾਜ, ਸਤੇਂਦਰ ਜੈਨ ਤੇ ਆਤਿਸ਼ੀ ਉੱਤੇ ਛਾਪੇ ਮਾਰੇ ਜਾਣਗੇ। ਉਨ੍ਹਾਂ ਦਾ ਇਕੋ ਇਕ ਟੀਚਾ ਸਾਨੂੰ ਹੋਰਨਾਂ ਮਸਲਿਆਂ ਵਿਚ ਉਲਝਾ ਕੇ ਸਾਡਾ ਧਿਆਨ ਚੋਣ ਤਿਆਰੀਆਂ ਤੇ ਚੋਣ ਪ੍ਰਚਾਰ ਤੋਂ ਲਾਂਭੇ ਕਰਨ ਦਾ ਹੈ। -ਪੀਟੀਆਈ
ਇਮਾਨਦਾਰੀ ਨਾਲ ਕੰਮ ਕੀਤਾ ਤੇ ਕਰਦੇ ਰਹਾਂਗੇ: ਆਤਿਸ਼ੀ
ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ‘ਆਪ’ ਨੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਏਜੰਸੀਆਂ ਦੇ ਡਰ ਤੋਂ ਬਿਨਾਂ ਇਹ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਯਕੀਨ ਹੈ ਕਿ ਜੇ ਏਜੰਸੀਆਂ ਮੇਰੇ ਖਿਲਾਫ਼ ਝੂਠੇ ਕੇਸ ਦਰਜ ਕਰਦੀਆਂ ਹਨ ਜਾਂ ਮੈਨੂੰ ਗ੍ਰਿਫ਼ਤਾਰ ਵੀ ਕਰਦੀਆਂ ਹਨ, ਤਾਂ ਸੱਚ ਆਖਿਰ ਨੂੰ ਆਪੇ ਸਾਹਮਣੇ ਆ ਜਾਵੇਗਾ। ਮੈਨੂੰ ਦੇਸ਼ ਦੇ ਨਿਆਂ ਪ੍ਰਬੰਧ ਵਿਚ ਪੂਰਾ ਵਿਸ਼ਵਾਸ ਹੈ। ਸਾਡੇ ਸਾਰੇ ਸੀਨੀਅਰ ਪਾਰਟੀ ਆਗੂਆਂ, ਜਿਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਸੀ, ਨੂੰ ਅਖੀਰ ਵਿਚ ਜ਼ਮਾਨਤਾਂ ਮਿਲੀਆਂ ਤੇ ਸੱਚ ਸਾਹਮਣੇ ਆ ਗਿਆ।’’