ਅਥਲੈਟਿਕਸ: ਕਿਰਨ 400 ਮੀਟਰ ਹੀਟ ’ਚ ਸੱਤਵੇਂ ਸਥਾਨ ’ਤੇ
ਪੈਰਿਸ, 5 ਅਗਸਤ
ਭਾਰਤ ਦੀ ਕਿਰਨ ਪਾਹਲ ਅੱਜ ਪੈਰਿਸ ਓਲੰਪਿਕ ਦੀ ਆਪਣੀ ਹੀਟ ਰੇਸ ਵਿੱਚ ਸੱਤਵੇਂ ਸਥਾਨ ’ਤੇ ਰਹਿਣ ਮਗਰੋਂ ਮਹਿਲਾਵਾਂ ਦੀ 400 ਮੀਟਰ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਨਾਕਾਮ ਰਹੀ। ਹੁਣ ਉਹ ਰੇਪੇਚੇਜ਼ ਦੌੜ ਵਿੱਚ ਹਿੱਸਾ ਲਵੇਗੀ। ਅੱਜ ਆਪਣਾ 24ਵਾਂ ਜਨਮ ਦਿਨ ਮਨਾ ਰਹੀ ਕਿਰਨ ਨੇ 52.51 ਸੈਕਿੰਡ ਦਾ ਸਮਾਂ ਲਿਆ, ਜੋ ਉਸ ਦੇ ਸੈਸ਼ਨ ਦੇ 50.92 ਸੈਕਿੰਡ ਦੇ ਵਿਅਕਤੀਗਤ ਸਰਵੋਤਮ ਤੋਂ ਕਾਫ਼ੀ ਘੱਟ ਸੀ। ਡੋਮਿਨਿਕਾ ਦੀ ਵਿਸ਼ਵ ਚੈਂਪੀਅਨ ਮਾਰਿਲਿਡੀ ਪਾਓਲਿਨੋ ਨੇ 49.42 ਸੈਕਿੰਡ ਦੇ ਸਮੇਂ ਨਾਲ ਹੀਟ ਜਿੱਤੀ। ਇਸ ਮਗਰੋਂ ਅਮਰੀਕਾ ਦੀ ਆਲੀਆ ਬਟਲਰ 50.52 ਸੈਕਿੰਡ ਅਤੇ ਆਸਟਰੀਆ ਦੀ ਸੁਜ਼ੈਨ ਗੋਗਲ-ਵਾਲੀ 50.67 ਸੈਕਿੰਡ ਦੇ ਸਮੇਂ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਛੇ ਹੀਟਾਂ ਵਿੱਚੋਂ ਹਰੇਕ ’ਚ ਸਰਵੋਤਮ ਤਿੰਨ ਨੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ ਡੀਐੱਨਐੱਸ (ਰੇਸ ਸ਼ੁਰੂ ਨਾ ਕਰਨ ਵਾਲੇ), ਡੀਐੱਨਐੱਫ (ਰੇਸ ਖ਼ਤਮ ਨਾ ਕਰਨ ਵਾਲੇ) ਅਤੇ ਡੀਕਿਊ (ਅਯੋਗ) ਨੂੰ ਛੱਡ ਕੇ ਬਾਕੀ ਸਾਰੇ ਮੰਗਲਵਾਰ ਨੂੰ ਹੋਣ ਵਾਲੀ ਰੇਪੇਚੇਜ਼ ਦੌੜ ਵਿੱਚ ਹਿੱਸਾ ਲੈਣਗੇ। ਕਿਰਨ ਨੇ ਜੂਨ ਵਿੱਚ ਕੌਮੀ ਅੰਤਰ-ਰਾਜ ਚੈਂਪੀਅਨਸ਼ਪਿ ਵਿੱਚ ਆਪਣਾ ਵਿਅਕਤੀਗਤ ਸਰਵੋਤਮ 50.92 ਸੈਕਿੰਡ ਦਾ ਸਮਾਂ ਕੱਢ ਕੇ ਪੈਰਿਸ ਓਲੰਪਿਕ ਲਈ ਸਿੱਧਿਆਂ ਕੁਆਲੀਫਾਈ ਕੀਤਾ ਸੀ। ਇਨ੍ਹਾਂ ਓਲੰਪਿਕ ਖੇਡਾਂ ਵਿੱਚ ਅੜਿੱਕਾ ਦੌੜ ਮੁਕਾਬਲਿਆਂ ਸਣੇ 200 ਮੀਟਰ ਤੋਂ 1500 ਮੀਟਰ ਤੱਕ ਦੇ ਸਾਰੇ ਵਿਅਕਤੀ ਟਰੈਕ ਮੁਕਾਬਲਿਆਂ ਵਿੱਚ ਰੇਪੇਚੇਜ਼ ਰਾਊਂਡ ਸ਼ੁਰੂ ਕੀਤਾ ਜਾਵੇਗਾ। ਹੁਣ ਹਰੇਕ ਹੀਟ ਵਿੱਚ ਸਿਖਰ ’ਤੇ ਰਹਿਣ ਵਾਲੇ ਖਿਡਾਰੀਆਂ ਨੂੰ ਸੈਮੀ ਫਾਈਨਲ ਵਿੱਚ ਸਿੱਧਾ ਦਾਖ਼ਲਾ ਮਿਲੇਗਾ, ਜਦਕਿ ਹੋਰ ਖਿਡਾਰੀਆਂ ਨੂੰ ਰੇਪੇਚੇਜ਼ ਜ਼ਰੀਏ ਇੱਥੇ ਪਹੁੰਚਣ ਦਾ ਮੌਕਾ ਮਿਲੇਗਾ। -ਪੀਟੀਆਈ