ਮੇਰੀ ਕਵਿਤਾ ਦੇ ਕੇਂਦਰ ਵਿੱਚ ਮਨੁੱਖ ਹੈ
ਸਰਬਜੀਤ ਕੌਰ ਜੱਸ
ਸੁਖ਼ਨ ਭੋਇੰ 38
ਜਦੋਂ ਬੱਚਾ ਗਰਭ-ਕਾਲ ਤੋਂ ਮੁਕਤ ਹੁੰਦਾ ਹੈ ਤਾਂ ਉਸ ਦੇ ਰੋਣ ਦੀ ਆਵਾਜ਼ ਇਹ ਨਹੀਂ ਦੱਸਦੀ ਕਿ ਉਹ ਮੁੰਡਾ ਹੈ ਜਾਂ ਕੁੜੀ। ਉਹ ਸਿਰਫ਼ ਇਹ ਸੰਕੇਤ ਦਿੰਦੀ ਹੈ ਕਿ ਮਨੁੱਖ ਦਾ ਬੱਚਾ ਪੈਦਾ ਹੋਇਆ ਹੈ। ਮੈਂ ਸਮਝਦੀ ਹਾਂ ਕਿ ਦੁੱਖ ਤੇ ਸੁੱਖ ਔਰਤ ਜਾਂ ਮਰਦ ਦੀ ਪਛਾਣ ਕਰਕੇ ਉਸ ਕੋਲ ਨਹੀਂ ਆਉਂਦੇ ਸਗੋਂ ਸਮਾਜਿਕ ਤਾਣਾ-ਬਾਣਾ, ਹਾਲਾਤ ਬੰਦੇ ਨੂੰ ਦੁੱਖਾਂ ਜਾਂ ਸੁੱਖਾਂ ਦੇ ਨੇੜੇ ਲੈ ਜਾਂਦੇ ਹਨ।
ਮੇਰਾ ਜਨਮ ਮੱਧਵਰਗੀ ਕਿਰਸਾਨੀ ਪਰਿਵਾਰ ਵਿੱਚ ਹੋਇਆ। ਮਿਹਨਤ-ਮੁਸ਼ੱਕਤ ਕਰਦੇ ਬੰਦੇ ਕੋਲ ਸੁੱਖ ਘੱਟ ਤੇ ਦੁੱਖ ਵੱਧ ਆਉਂਦੇ ਹਨ। ਮੈਂ ਆਪਣੇ ਮਾਂ-ਬਾਪ ਤੇ ਚਾਚਿਆਂ ਤਾਇਆਂ ਨੂੰ ਲੋੜਾਂ-ਥੁੜ੍ਹਾਂ ਨਾਲ ਕਿਸੇ ਜੁਝਾਰੂ ਵਾਂਗ ਜੂਝਦਿਆਂ ਵੇਖਿਆ। ਕਮਾਈ ਘੱਟ ਸੀ ਤੇ ਖਾਣ ਵਾਲੇ ਵੱਧ ਸਨ। ਵੱਡੇ ਜ਼ਿਮੀਂਦਾਰਾਂ ਦੇ ਗੁਆਂਢ ’ਚ ਰਹਿੰਦਿਆਂ ਵੇਖਿਆ ਕਿ ਉਨ੍ਹਾਂ ਦੇ ਘਰ ਜਗਦੇ ਲਾਟੂਆਂ ਦਾ ਚਾਨਣ ਸਾਡੇ ਘਰ ਦੇ ਦੀਵਿਆਂ ਤੋਂ ਕਈ ਗੁਣਾ ਵੱਧ ਸੀ। ਨਿੱਕੇ ਹੁੰਦਿਆਂ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਦੋ ਟੋਟਿਆਂ ਵਿੱਚ ਭੋਇੰ ਟੁੱਟੀ’ ਸਿਲੇਬਸ ਵਿੱਚ ਲੱਗੀ ਹੋਈ ਸੀ। ਗਲੀ ਦੇ ਇੱਕ ਪਾਸੇ ਸਾਡਾ ਘਰ ਤੇ ਦੂਜੇ ਪਾਸੇ ਵੱਡੇ ਜ਼ਿਮੀਂਦਾਰ ਦਾ ਘਰ ਸੀ। ਮੈਂ ਸਕੂਲੋਂ ਆਉਂਦਿਆਂ ਗਲੀ ਵਿੱਚ ਪੈਰ ਧਰਦੀ ਤਾਂ ਮੈਨੂੰ ਗਲੀ ਤਿੜਕੀ ਹੋਈ ਜਾਪਦੀ। ਇਹੀ ਤਿੜਕ ਮੇਰੀ ਕਵਿਤਾ ਵਿੱਚ ਆ ਗਈ। ਬਚਪਨ ਵਿੱਚ ਕਈ ਵਾਰ ਨਲ਼ਕਾ ਪਾਣੀ ਨਾ ਚੁੱਕਦਾ। ਨਲ਼ਕਾ ਗੇੜ-ਗੇੜ ਸਾਡੀਆਂ ਨਿਆਣਿਆਂ ਦੀਆਂ ਬਾਹਾਂ ਥੱਕ ਜਾਂਦੀਆਂ। ਅਜਿਹੇ ਵੇਲ਼ੇ ਜਦੋਂ ਮੈਂ ਗੁਆਂਢੀਆਂ ਦੀਆਂ ਟੂਟੀਆਂ ਚੱਲਦੀਆਂ ਵੇਖਦੀ ਤਾਂ ਮੇਰੇ ਅੰਦਰ ਵਿਚਾਰਾਂ ਦਾ ਨਲ਼ਕਾ ਗਿੜਨ ਲੱਗ ਜਾਂਦਾ। ਇਹੀ ਨਲ਼ਕਾ ਰਚਨਾਵਾਂ ਦੀ ਸਿਰਜਣਾ ਦੌਰਾਨ ਗਿੜਦਾ ਰਹਿੰਦਾ ਹੈ।
ਮਨੁੱਖ ਦੀ ਬਣਤਰ ਤੇ ਮੁਹਾਂਦਰਾ ਮਾਂ-ਬਾਪ ਤੈਅ ਕਰਦੇ ਹਨ, ਪਰ ਮਨੁੱਖ ਅੰਦਰਲੇ ਵਿਚਾਰ, ਸੋਚ ਤੇ ਦ੍ਰਿਸ਼ਟੀ ਦਾ ਰੂਪ ਉਸ ਦੇ ਹੰਢਾਏ ਅਨੁਭਵ ਤੇ ਆਲਾ-ਦੁਆਲਾ ਘੜਦਾ ਹੈ। ਜਦੋਂ ਬੁਗਨੀ ਭਰੀ ਹੋਵੇ ਤਾਂ ਘੱਟ ਖੜਕਦੀ ਹੈ, ਜੇ ਅੱਧੀ ਹੋਵੇ ਤਾਂ ਵੱਧ। ਮੈਨੂੰ ਕਈ-ਕੁਝ ਖੜਕਦਾ ਸੁਣਦਾ। ਇਹ ਦੁਨੀਆ ਅੱਧੀ ਜਾਪਣ ਲੱਗੀ। ਦੁਨਿਆਵੀ-ਦਰਿਆ ਵਿਚਲਾ ਪਾੜ ਮਹਿਸੂਸ ਹੋਣ ਲੱਗਾ। ਹੁਣ ਜਦੋਂ ਅਤੀਤ ਦੇ ਹਨੇਰਿਆਂ ਵਿੱਚ ਚਿੰਤਨ ਦੀ ਲਿਸ਼ਕੋਰ ਮਾਰ ਕੇ ਵੇਖਦੀ ਹਾਂ ਤਾਂ ਦਾਦਾ ਯਾਦ ਆਉਂਦਾ ਹੈ। ਮੈਂ ਦਾਦੇ ਨੂੰ ਮਾਰਕਸ, ਲੈਨਿਨ, ਸੂਫ਼ੀ ਫ਼ਕੀਰਾਂ ਦੇ ਕਿੱਸੇ ਤੇ ਗੁਰਬਾਣੀ ਨੂੰ ਇਕੱਠਿਆਂ ਪੜ੍ਹਦਿਆਂ ਵੇਖਿਆ। ਬਰਾਬਰ ਦਾ ਸਨਮਾਨ ਦਿੰਦਿਆਂ ਵੇਖਿਆ। ਇਸ ਵਡਮੁੱਲੇ ਸਾਹਿਤ ਵਿੱਚ ਕਿਤੇ ਵੀ ਔਰਤ-ਮਰਦ ਨੂੰ ਤੋੜ ਕੇ ਪੇਸ਼ ਨਹੀਂ ਕੀਤਾ ਗਿਆ ਸੀ। ਅਜਿਹੇ ਕਿੱਸੇ-ਕਹਾਣੀਆਂ ਦਾ ਮੇਰੇ ਅਚੇਤ ਮਨ ’ਤੇ ਗਹਿਰਾ ਪ੍ਰਭਾਵ ਪਿਆ। ਅਜਿਹੇ ਖ਼ਿਆਲ ਮੇਰੀ ਕਵਿਤਾ ਦਾ ਬੀਜ ਬਣੇ। ਮੇਰੀ ਕਵਿਤਾ ਦੀਆਂ ਸਤਰਾਂ ਹਨ:
ਹਨੇਰੇ ਦੇ ਸੌਦਾਗਰੋ/ ਸੂਰਜ ਦੀਆਂ ਲਾਟਾਂ ਤੋਂ
ਬਚ ਕੇ ਰਹਿਣਾ/ ਸਵੇਰ ਹੋਣ ਵਾਲੀ ਹੈ!
ਮੈਂ ਘਰ ਦੇ ਮਰਦਾਂ ਨੂੰ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਵੇਖਿਆ ਤੇ ਔਰਤਾਂ ਨੂੰ ਚੁੱਲ੍ਹਿਆਂ ਦਾ ਸੇਕ ਸਹਾਰਦੇ ਮਹਿਸੂਸਿਆ। ਮੈਂ ਇਨ੍ਹਾਂ ਦੋਵਾਂ ਹਿੱਸਿਆਂ ਦੇ ਦੁੱਖਾਂ-ਦਰਦਾਂ, ਆਸਾਂ, ਸੁਪਨਿਆਂ ਤੇ ਹੋਣੀ ਦੀ ਸਾਖਸ਼ਾਤ ਗਵਾਹ ਰਹੀ ਹਾਂ।
ਸਾਡਾ ਸਮਾਜ ਟੋਟਿਆਂ ਵਿੱਚ ਵੰਡਿਆ ਹੋਇਆ ਹੈ। ਥਾਂ-ਥਾਂ ਵਿਤਕਰੇ, ਕੂੜ ਤੇ ਬੇਇਨਸਾਫ਼ੀ ਦਾ ਬੋਲਬਾਲਾ ਹੈ। ਭਲਾ ਪੁਰਸ਼ ਜਾਂ ਔਰਤ ਇਸ ਚੁਸਤ ਸਮਾਜ ਨੂੰ ਮੁਆਫ਼ਕ ਨਹੀਂ ਆਉਂਦੇ। ਇਹ ਸਮਾਜ ਭਲੇ ਨੂੰ ਭੋਲ਼ਾ ਸਮਝ ਕੇ ਵਰਤਦਾ ਆਇਆ ਹੈ। ਔਰਤਾਂ ਕੁਦਰਤੀ ਘਾੜਤ ਦੇ ਪੱਖ ਤੋਂ ਵੱਧ ਸੰਵੇਦਨਸ਼ੀਲ ਤੇ ਭਾਵੁਕ ਹੁੰਦੀਆਂ ਹਨ ਤਾਂ ਹੀ ਉਹ ਵੱਧ ਦੁੱਖ ਤੇ ਤਕਲੀਫ਼ਾਂ ਸਹਿੰਦੀਆਂ ਆ ਰਹੀਆਂ ਹਨ। ਔਰਤ ਨੂੰ ਕਮਜ਼ੋਰ ਸਮਝ ਲਿਆ ਗਿਆ ਤੇ ਉਸ ਉੱਤੇ ਕਾਠੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਭਾਵ ਗ਼ੁਲਾਮ ਬਣਾ ਕੇ ਚੁੱਲ੍ਹੇ-ਚੌਂਕੇ ਤੱਕ ਸੀਮਿਤ ਕਰ ਕੇ ਮਾਨਸਿਕ ਅਪੰਗ ਕਰਨ ਦੀ ਕੋਝੀ ਚਾਲ ਚੱਲੀ ਗਈ। ਇਸ ਸਭ ਵਰਤਾਰੇ ਪਿੱਛੇ ਸਿਰਫ਼ ਮਰਦ ਨਹੀਂ, ਉਹ ਔਰਤਾਂ ਵੀ ਸ਼ਾਮਿਲ ਰਹੀਆਂ ਹਨ ਜਿਨ੍ਹਾਂ ਨੇ ਸਾਰੀ ਉਮਰ ਗ਼ੁਲਾਮੀ ਸਹੀ ਤੇ ਉਹ ਹੋਰ ਔਰਤਾਂ ਦੇ ਖੰਭ ਲੱਗੇ ਬਰਦਾਸ਼ਤ ਨਹੀਂ ਕਰ ਸਕੀਆਂ।
ਮੇਰੀ ਕਵਿਤਾ ਵਿੱਚ ਇੱਕ ਔਰਤ ਦੂਜੀ ਔਰਤ ਨੂੰ ਸਮਝਾਉਂਦੀ ਹੈ:
ਧੀਏ!
ਇੰਨੀ ਮਜ਼ਬੂਤ ਕਰ ਲਵੀਂ/ ਆਪਣੇ ਹੱਥਾਂ ਦੀ ਪਕੜ
ਕਿ ਤੇਰੇ ਪੰਜਿਆਂ ’ਚ/ ਜਕੜੀਆਂ ਜਾ ਸਕਣ
ਲਹੂ ਪੀਣੀਆਂ ਜੋਕਾਂ/ ਇੰਨੀ ਕੁ ਪੱਥਰ ਕਰ ਲਵੀਂ ਤਲੀ
ਕਿ ਵੇਖਦਿਆਂ ਹੀ/ ਸ਼ੀਸ਼ੇ ਵਾਂਗ ਤਿੜਕ ਜਾਣ
ਕਿਰਤੀ ਜਿਸਮ ਵੱਲ ਆਉਂਦੇ/ ਬੇਰਹਿਮ ਕਾਮੀ ਨਜ਼ਰਾਂ ਦੇ ਤੀਰ
ਪੈਤ੍ਰਿਕ ਸੱਤਾ ਭਾਰਤੀ ਸੰਸਕ੍ਰਿਤੀ ਦੀ ਬੁੱਕਲ ਵਿੱਚ ਛੁਪਿਆ ਉਹ ਦੰਭ ਹੈ ਜੋ ਹਰ ਯੁੱਗ ਵਿੱਚ ਸੱਪ ਬਣ ਕੇ ਫੁੰਕਾਰੇ ਮਾਰਦਾ ਰਿਹਾ ਹੈ। ਇਸ ਨੇ ਮਿਥ ਕੇ ਔਰਤ ਨੂੰ ਨਿਸ਼ਾਨਾ ਬਣਾਇਆ ਤੇ ਉਹਦੇ ਮੱਥੇ ਉੱਤੇ ਡੰਗ ਮਾਰਿਆ ਹੈ ਜਿੱਥੋਂ ਹਰ ਇਨਸਾਨ ਦੀ ਸੋਚ ਉੱਗਦੀ ਤੇ ਵਿਚਾਰ ਪਨਪਦਾ ਹੈ। ਇਸ ਮਿੱਠੇ ਡੰਗ ਦੀ ਪੀੜ ਔਰਤ ਨੂੰ ਤੜਫ਼ਾਉਂਦੀ ਨਹੀਂ ਸਗੋਂ ਵਰਗਲਾਉਂਦੀ ਹੈ। ਔਰਤ ਹਰ ਸਾਹ ਨਾਲ ਜਿਉਣ ਦੀ ਥਾਂ ਮਰਦੀ ਰਹੀ ਹੈ।
ਅੱਜ ਦੀ ਚੇਤੰਨ ਔਰਤ ਨੇ ਜ਼ਹਿਰੀ ਡੰਗ ਦੀ ਥਾਹ ਪਾ ਲਈ ਹੈ। ਹੁਣ ਉਸ ਨੇ ਨਹੁੰ ਵਧਾ ਲਏ ਹਨ ਤੇ ਆਪਣੇ ਹੀ ਨਹੁੰਆਂ ਨਾਲ ਉਸ ਡੂੰਘੇ ਡੰਗ ਨੂੰ ਆਪਣੇ ਮੱਥੇ ’ਚੋਂ ਕੱਢ ਰਹੀ ਹੈ। ਮੇਰੀ ਇੱਕ ਕਵਿਤਾ ਹੈ:
ਉਨ੍ਹਾਂ ਦੀ ਹਦਾਇਤ ਹੈ/ ਕਿ ਮੇਰੀ ਕਵਿਤਾ ਦੇ ਨਹੁੰ
ਵਧ ਗਏ ਨੇ/ ਕੱਟ ਦੇਵਾਂ/ ਜਾਂ ਰੰਗ ਲਵਾਂ/
ਕਿਸੇ ਖ਼ਾਸ ਰੰਗ ਦੀ ਨਹੁੰ-ਪਾਲਿਸ਼ ਨਾਲ
ਸਮਝ ਲੈ/ ਕਵਿੱਤਰੀ ਹੋਣ ਦਾ ਪਹਿਲਾ ਧਰਮ
ਕਿ ਉਸ ਦੀ ਕਵਿਤਾ ਦੇ/ਕੱਚੇ ਨਹੁੰ ਤਾਂ ਹੋਣੇ ਚਾਹੀਦੇ ਨੇ
ਪੱਕੇ ਨਹੁੰ ਵਰਜਿਤ ਹਨ/ ਜੇ ਪੱਕ ਗਏ ਨਹੁੰ
ਤਾਂ ਖੁਭਣਗੇ ਵਿਵਸਥਾ ਦੇ ਢਿੱਡ ’ਚ
ਕਹਿਣ ਵਾਲੇ ਕਹਿੰਦੇ ਨੇ ਕਿ ਹਰ ਮਨੁੱਖ ਦਾ ਰੱਬ ਸਾਂਝਾ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ, ਹਰ ਦੁਖੀ ਆਤਮਾ ਦਾ ਸਾਂਝਾ ਰੱਬ ਹੁੰਦਾ ਹੈ। ਉਹ ਦੁਖੀ ਆਤਮਾ ਕਿਸੇ ਵੀ ਔਰਤ, ਮਰਦ, ਜਾਤ, ਬਰਾਦਰੀ, ਦੇਸ਼ ਜਾਂ ਧਰਮ ਦੀ ਹੋ ਸਕਦੀ ਹੈ। ਪੀੜ ਤੋਂ ਵੱਡੀ ਕੋਈ ਸਾਂਝ ਨਹੀਂ ਹੁੰਦੀ। ਇਹੀ ਪੀੜ ਮੇਰੇ ਤੋਂ ਕਵਿਤਾਵਾਂ ਲਿਖਵਾਉਂਦੀ ਹੈ। ਇਸੇ ਕਰਕੇ ‘ਪੰਜਾਬੋ ਮਾਂ ਦਾ ਵੈਣ’ ਵਰਗੀ ਕਵਿਤਾ ਮੇਰੇ ਕੋਲ਼ੋਂ ਲਿਖੀ ਗਈ ਜਿਸ ਨੇ ਵੱਡੇ ਪਾਠਕ ਵਰਗ ਨੂੰ ਪ੍ਰਭਾਵਿਤ ਕੀਤਾ। ਉਸ ਦੀਆਂ ਸਤਰਾਂ ਹਨ:
ਕਮਲ਼ਿਆ ਪੁੱਤਾ/ ਸਾਰੇ ਦਾ ਸਾਰਾ ਚਿੱਟਾ ਖਾ ਗਿਓਂ
ਹੁਣ ਮੈਂ ਤੇਰੇ ’ਤੇ/ ਖੱਫਣ ਕਿਹੜੇ ਰੰਗ ਦਾ ਪਾਵਾਂ?
ਮੇਰਾ ਬਚਪਨ ਝਿੜਕਾਂ, ਦਬਕਿਆਂ ਤੇ ਡਰ ਦੇ ਸਾਏ ਹੇਠ ਬਤੀਤ ਹੋਇਆ। ਟੀ.ਵੀ. ਵੇਖਣ, ਉੱਚੀ ਹੱਸਣ ਤੇ ਸਜਣ-ਫਬਣ ਦੀ ਘਰ ਵਿੱਚ ਮਨਾਹੀ ਸੀ। ਜਦੋਂ ਕਦੇ ਵੱਧ ਬੋਲਿਆ ਜਾਂਦਾ ਤਾਂ ਜ਼ਬਾਨ ਖਿੱਚ ਲੈਣ ਦੀ ਧਮਕੀ ਮਿਲਦੀ।
ਔਰਤਪਣ ਦੀ ਹੱਦ ਨੂੰ ਉਲੰਘ ਕੇ ਵੇਖਿਆ ਤਾਂ ਜਾਪਿਆ ਕਿ ਜ਼ਬਾਨਾਂ ਸਿਰਫ਼ ਔਰਤਾਂ ਦੀਆਂ ਨਹੀਂ, ਮਰਦਾਂ ਦੀਆਂ ਵੀ ਖਿੱਚੀਆਂ ਜਾਂਦੀਆਂ ਹਨ। ਤਕੜੇ ਦਾ ਸੱਤੀਂ-ਵੀਹੀਂ ਸੌ ਹੁੰਦਾ ਹੈ। ਕਿਸੇ ਧਨਾਢ ਦੇ ਘਰ ਪੈਦਾ ਹੋਈ ਧੀ ਕਿਸੇ ਗ਼ਰੀਬ ਦੇ ਘਰ ਪੈਦਾ ਹੋਏ ਪੁੱਤ ਤੋਂ ਵੱਧ ਆਜ਼ਾਦੀ ਮਾਣਦੀ ਹੈ। ਮਨੁੱਖ ਅੰਦਰਲੀ ਆਰਥਿਕ ਪੱਖ ਤੋਂ ਉੱਤਮ ਹੋਣ ਦੀ ਹਉਂ, ਲਿੰਗ-ਭੇਦ ਤੋਂ ਬਹੁਤ ਪਰ੍ਹਾਂ ਦਾ ਵਿਕਾਰ ਹੈ। ਰੱਤ-ਪੀਣੀ ਜਾਤ ਨੂੰ ਸਿਰਫ਼ ਰੱਤ ਦਿਸਦੀ ਹੈ। ਆਦਿ-ਮਾਨਵ ਤੋਂ ਮਸ਼ੀਨੀ ਮਾਨਵ ਤੱਕ ਵਿਕਾਸ ਕਰਦਿਆਂ ਸਿਰਜੇ ਗਏ ਟੈਬੂ ਇੰਨੇ ਪ੍ਰਚੰਡ ਤੇ ਤਿੱਖੇ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਮਨੁੱਖ ਜਾਤੀ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵਿਚਕਾਰ ਬਰੀਕ ਲਕੀਰ ਖਿੱਚ ਦਿੱਤੀ ਹੈ। ਜਿਹੜੀ ਦਿਸਦੀ ਘੱਟ ਤੇ ਰਿਸਦੀ ਵੱਧ ਹੈ। ਮੈਂ ਆਪਣੀ ਕਵਿਤਾ ਦੇ ਸ਼ੀਸ਼ੇ ਰਾਹੀਂ ਇਸ ਲਕੀਰ ਨੂੰ ਵੱਡਾ ਕਰ ਕੇ ਰਾਹੀਂ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ:
ਖ਼ਾਮੋਸ਼ੀ/ ਸਿਰਫ਼ ਬੇਜ਼ੁਬਾਨ ਤਾਂ ਨਹੀਂ ਹੁੰਦੀ
ਸਹਿਮਤੀ ਦੇ ਪ੍ਰਗਟਾਅ ਦਾ ਵਿਰੋਧ ਕਰਦਾ
ਅਸਹਿਮਤ ਮੁੱਦਿਆਂ ਦਾ ਮੂਕ ਦਿਖਾਵਾ ਵੀ ਹੈ
ਗੁੜ੍ਹਤੀ ਬੱਚੇ ਦੇ ਮੂੰਹ ਨੂੰ ਲਾਇਆ ਗੁੜ ਨਹੀਂ ਹੁੰਦੀ ਸਗੋਂ ਗੁੜ੍ਹਤੀ ਉਹ ਮਾਹੌਲ ਹੁੰਦਾ ਹੈ ਜਿਸ ਵਿੱਚ ਬੱਚਾ ਪਲਦਾ ਤੇ ਵਿਕਾਸ ਕਰਦਾ ਹੈ। ਵੱਡੇ ਭਰਾ ਦੀ ਬਦੌਲਤ ਤਰਕਸ਼ੀਲ ਸਾਹਿਤ ਤੇ ਹੋਰ ਅਗਾਂਹਵਧੂ ਵਿਚਾਰਧਾਰਾ ਵਾਲਾ ਸਾਹਿਤ ਘਰ ਆਉਂਦਾ ਸੀ। ਉਹ ਕਿਤਾਬਾਂ ਜਿਨ੍ਹਾਂ ਵਿੱਚ ਮਨੁੱਖ ਦੀ ਮਹਿਮਾ ਹੁੰਦੀ ਸੀ। ਇਨ੍ਹਾਂ ਪੁਸਤਕਾਂ ਨੇ ਮੈਨੂੰ ਵਿਗਿਆਨਕ ਵਿਚਾਰਧਾਰਾ ਦੀ ਗੁੜ੍ਹਤੀ ਦਿੱਤੀ। ਅਤਿ-ਭਾਵੁਕਤਾ ਤੇ ਮਰਦ ਉੱਤੇ ਇਲਜ਼ਾਮ ਲਗਾਉਂਦੀ ਸ਼ਾਇਰੀ ਤੋਂ ਕਵਿਤਾ ਵਿੱਥ ਬਣਾ ਕੇ ਖੜ੍ਹ ਗਈ। ਆਪਣੇ ਤੇ ਆਪਣੇ ਵਰਗੇ ਹੋਰ ਲੋਕਾਂ ਦੇ ਅਨੁਭਵ ਤੇ ਦੁੱਖ-ਸੁੱਖ ਮੇਰੀ ਕਵਿਤਾ ਵਿੱਚ ਪ੍ਰਵੇਸ਼ ਕਰ ਗਏ।
ਬਲਦੀਆਂ ਛਾਵਾਂ ਤੇ ਰਾਹਾਂ ਦੀ ਤਪਸ਼ ਪੁਸਤਕਾਂ ਵਿਚਲੀਆਂ ਕਵਿਤਾਵਾਂ ਵਿੱਚ ਨਿੱਜੀ ਵੇਦਨਾ ਤੇ ਲੋਕ ਵੇਦਨਾ ਨੂੰ ਰਲ਼ਵੇਂ-ਮਿਲਵੇਂ ਰੂਪ ਵਿੱਚ ਪੜ੍ਹਿਆ ਜਾ ਸਕਦਾ ਹੈ। ਰਾਹਾਂ ਦੀ ਤਪਸ਼ ਨੂੰ ਪਾਠਕਾਂ ਨੇ ਪੜ੍ਹਿਆ ਤਾਂ ਸਭ ਤੋਂ ਵੱਧ ਇਸ ਗੱਲ ਉੱਤੇ ਸ਼ਾਬਾਸ਼ ਮਿਲੀ ਕਿ ਮੈਂ ਔਰਤਾਂ ਦੇ ਰੋਣੇ-ਧੋਣੇ ਤੋਂ ਅਗਾਂਹ ਜਾ ਕੇ ਲੋਕਾਂ ਦੇ ਦਰਦ ਦੀ ਬਾਤ ਪਾਈ ਹੈ। ਇਨ੍ਹਾਂ ਕਵਿਤਾਵਾਂ ਨੂੰ ਲਿਖਦਿਆਂ ਹੀ ਮੈਨੂੰ ਅਨੁਭਵ ਹੋ ਗਿਆ ਕਿ ਦੁੱਖਾਂ-ਦਰਦਾਂ ਦੇ ਰੰਗ ਵੱਖੋ-ਵੱਖਰੇ ਨਹੀਂ ਹੁੰਦੇ। ਹਰ ਰੋਂਦੀ ਅੱਖ ਦਾ ਹੰਝੂ ਇੱਕੋ ਜਿੰਨਾ ਖਾਰਾ ਹੁੰਦਾ ਹੈ। ਮੇਰੇ ਔਰਤ ਹੋਣ ਦੇ ਅਨੁਭਵ, ਦੱਬੀਆਂ-ਕੁਚਲੀਆਂ ਖ਼ੁਆਹਿਸ਼ਾਂ ਤੇ ਸੁਪਨਿਆਂ ਦੇ ਕੰਕਾਲ ਸ਼ੀਸ਼ਾ ਬਣ ਕੇ ਮੇਰੇ ਸਾਹਮਣੇ ਖੜ੍ਹੇ ਤਾਂ ਮੈਨੂੰ ਇਨ੍ਹਾਂ ਵਿੱਚੋਂ ਸਮਾਜ ਵਿੱਚ ਵਿਚਰਦੇ ਉਨ੍ਹਾਂ ਸੈਆਂ ਲੋਕਾਂ ਦਾ ਮੁਹਾਂਦਰਾ ਵੀ ਦਿਸਿਆ ਜਿਹੜੇ ਮੇਰੇ ਇਰਦ-ਗਿਰਦ ਹੀ ਵੱਸਦੇ ਸਨ। ਜਦੋਂ ਹਰ ਸਾਹ ਲੈਂਦੇ ਜੀਵ ਦਾ ਦਰਦ ਮੇਰੀ ਕਵਿਤਾ ਵਿੱਚ ਪਰੋਇਆ ਗਿਆ ਤਾਂ ਔਰਤ-ਮਰਦ ਦਾ ਫ਼ਰਕ (ਬਾਹਰ ਭਾਵੇਂ ਨਹੀਂ ਮਿਟਿਆ) ਮੇਰੀ ਕਵਿਤਾ ਅੰਦਰ ਮਿਟ ਗਿਆ। ਦੋ ਹਜ਼ਾਰ ਸੋਲਾਂ ਵਿੱਚ ਛਪੀ ਪੁਸਤਕ ‘ਸ਼ਬਦਾਂ ਦੀ ਨਾਟ ਮੰਡਲੀ’ ਨੂੰ ਵੱਡਾ ਹੁੰਗਾਰਾ ਮਿਲਿਆ। ਅੱਜ ਤੱਕ ਆਪਣੀਆਂ ਵੇਦਨਾਵਾਂ, ਸੁਪਨੇ, ਆਸਾਂ, ਨਿਰਾਸ਼ਾਵਾਂ ਤੇ ਦੁੱਖਾਂ ਲਈ ਮਰਦ ਨੂੰ ਜ਼ਿੰਮੇਵਾਰ ਠਹਿਰਾਉਂਦੀ ਕਵਿਤਾ ਨੂੰ ਹੀ ਨਾਰੀ ਚੇਤਨਾ ਦਾ ਨਾਂ ਦਿੱਤਾ ਜਾਂਦਾ ਰਿਹਾ ਹੈ। ਮੇਰਾ ਖ਼ਿਆਲ ਹੈ ਕਿ ਅੱਜ ਦੀ ਔਰਤ ਦੇ ਅਨੁਭਵ ਸਿਰਫ਼ ਔਰਤਪਣ ਦੇ ਅਨੁਭਵ ਹੀ ਨਹੀਂ ਹਨ ਸਗੋਂ ਮਨੁੱਖ ਦੇ ਅਨੁਭਵ ਵੀ ਹਨ। ਅਜੋਕੀ ਨਾਰੀ ਸਮਾਜਿਕ, ਧਾਰਮਿਕ, ਸੰਸਕ੍ਰਿਤਕ ਤੇ ਰਾਜਨੀਤਿਕ ਉੱਥਲ-ਪੁੱਥਲ ਨੂੰ ਧੁਰ ਅੰਦਰੋਂ ਮਹਿਸੂਸ ਕਰਦੀ ਚੇਤੰਨ ਔਰਤ ਹੈ। ਉਸ ਦੀ ਕਲਮ ਹਰ ਵਿਸ਼ੇ ’ਤੇ ਲਿਖਣ ਦੀ ਮੁਹਾਰਤ ਰੱਖਦੀ ਹੈ। ਦੋ ਹਜ਼ਾਰ ਇੱਕੀ ਵਿੱਚ ਛਪੀ ਮੇਰੀ ਪੁਸਤਕ ਤਾਮ ਨੂੰ ਭਰਪੂਰ ਹੁੰਗਾਰਾ ਮਿਲਿਆ। ਜਿਵੇਂ ਲਹਿਰਾਉਂਦੀ ਫ਼ਸਲ ਨੂੰ ਵੇਖ ਕੇ ਮਿੱਟੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨੀ ਕੁ ਜ਼ਰਖ਼ੇਜ਼ ਹੈ ਉਵੇਂ ਮਨੁੱਖ ਨੂੰ ਵੇਖ ਕੇ ਉਸ ਦੇ ਸੱਭਿਆਚਾਰ, ਵਿਰਾਸਤ ਤੇ ਪਿਛੋਕੜ ਨੂੰ ਜਾਣਿਆ ਜਾ ਸਕਦਾ ਹੈ। ਹਰ ਖਿੱਤੇ ਦੇ ਮਨੁੱਖ ਦਾ ਆਪਣਾ ਸੁਭਾਅ ਤੇ ਸ਼ਨਾਖ਼ਤ ਹੈ। ਇਹ ਸ਼ਨਾਖ਼ਤ ਕਿਸੇ ਸ਼ਨਾਖ਼ਤੀ ਕਾਰਡ ਦੀ ਮੁਥਾਜ ਨਹੀਂ ਹੁੰਦੀ। ਤਾਮ ਪੁਸਤਕ ਰਾਹੀਂ ਮੈਂ ਪੰਜਾਬੀ ਮਨੁੱਖ ਦੀ ਨਿਵੇਕਲੀ ਸ਼ਨਾਖ਼ਤ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸੱਭਿਆਚਾਰਕ ਚਿੰਨ੍ਹਾਂ ਨੂੰ ਸਾਂਭਦਿਆਂ ਪੰਜਾਬੀ ਬੰਦੇ ਦੇ ਇਤਿਹਾਸ, ਧਰਮ ਤੇ ਵਿਗਿਆਨ ਨੂੰ ਫਰੋਲਿਆ, ਵਾਚਿਆ ਤੇ ਮੁੜ ਪ੍ਰਭਾਸ਼ਿਤ ਕਰਨ ਦਾ ਉੱਦਮ ਕੀਤਾ ਹੈ। ਵਕਤ ਤੇ ਮਨੁੱਖ ਤੇਜ਼ੀ ਨਾਲ ਬਦਲ ਰਹੇ ਹਨ। ਹਰ ਪਹਿਰ ਕੁਝ ਨਵਾਂ ਵਾਪਰ ਰਿਹਾ ਹੈ। ਮਸ਼ੀਨੀਕਰਨ ਦੀ ਬਹੁਤਾਤ ਹੋਣ ਕਾਰਨ ਸਾਡੇ ਅਚੇਤ ਮਨ ਉੱਤੇ ਮਨੁੱਖਾਂ ਤੋਂ ਵੱਧ ਮਸ਼ੀਨਾਂ ਦਾ ਪ੍ਰਭਾਵ ਪੈ ਰਿਹਾ ਹੈ। ਵਿਸ਼ਵੀਕਰਨ ਸਾਨੂੰ ਮਦਹੋਸ਼ ਕਰ ਕੇ ਜਿੱਧਰ ਤੋਰੀ ਜਾ ਰਿਹਾ ਹੈ, ਅਸੀਂ ਓਧਰ ਹੀ ਤੁਰੀ ਜਾ ਰਹੇ ਹਾਂ। ਮਨੁੱਖ ਦੀ ਇਹ ਮਦਹੋਸ਼ੀ ਸਿਆਸਤ ਨੂੰ ਘਿਓ ਵਾਂਗ ਲੱਗ ਰਹੀ ਹੈ। ਇਸ ਪਲ-ਪਲ ਬਦਲਦੀ ਦੁਨੀਆ ਵਿੱਚ ਨਰ-ਨਾਰੀ ਦਾ ਭੇਦ ਮਿਟਾ ਕੇ ਭਖ਼ਦੇ, ਦਗਦੇ ਤੇ ਬਲ਼ਦੇ ਵਿਸ਼ਿਆਂ ਨਾਲ ਜੁੜਨ ਦੀ ਲੋੜ ਹੈ। ਸਮਾਜਿਕ ਸਰੋਕਾਰਾਂ ਨਾਲ ਧੁਰ ਅੰਦਰੋਂ ਜੁੜਾਂਗੇ ਤਾਂ ਹੀ ਸਾਡੀ ਨਿੱਜੀ ਫ਼ਿਕਰਮੰਦੀ ਵਿੱਚ ਸਮਾਜਿਕ ਫ਼ਿਕਰਮੰਦੀ ਰਲਗੱਡ ਅਤੇ ਸਾਡੀਆਂ ਰਚਨਾਵਾਂ ਰਾਹੀਂ ਉਜਾਗਰ ਹੋਵੇਗੀ। ਅੱਜ ਤੱਕ ਜਿੰਨਾ ਵੀ ਤੁਰੀ ਹਾਂ, ਔਰਤ-ਮਰਦ ਦੀਆਂ ਖੜਾਵਾਂ ਲਾਹ ਕੇ ਤੁਰੀ ਹਾਂ। ਮਨੁੱਖ ਹੀ ਮੇਰੇ ਲਈ ਸੂਰਜ ਹੈ ਜਿਸ ਨੂੰ ਮੇਰੀ ਕਲਮ ਕੇਂਦਰ ਵਿੱਚ ਰੱਖ ਕੇ ਧਰਤੀ ਵਾਂਗ ਘੁੰਮ ਰਹੀ ਹੈ। ਸਫ਼ਰ ਨਿਰੰਤਰ ਜਾਰੀ ਹੈ।
ਸੰਪਰਕ: 95014-85511